ਵੈਨੇਜ਼ੁਏਲਾ ਦੀ ਬੱਤੀ ਗੁੱਲ, ਅਮਰੀਕਾ ਤੇ ਵਿਰੋਧੀ ਧਿਰ ''ਤੇ ਲੱਗੇ ਦੋਸ਼

Saturday, Mar 09, 2019 - 05:44 PM (IST)

ਵੈਨੇਜ਼ੁਏਲਾ ਦੀ ਬੱਤੀ ਗੁੱਲ, ਅਮਰੀਕਾ ਤੇ ਵਿਰੋਧੀ ਧਿਰ ''ਤੇ ਲੱਗੇ ਦੋਸ਼

ਕਰਾਕਾਸ (ਏਜੰਸੀ)- ਆਰਥਿਕ ਸੰਕਟ ਅਤੇ ਭੁੱਖਮਰੀ ਨਾਲ ਜੂਝਦੇ ਵੈਨੇਜ਼ੁਏਲਾ ਵਿਚ ਲੋਕਾਂ ਸਾਹਮਣੇ ਇਕ ਹੋਰ ਸਮੱਸਿਆ ਖੜ੍ਹੀ ਹੋ ਗਈ ਹੈ। ਇਹ ਸਮੱਸਿਆ ਹੈ ਬਲੈਕਆਊਟ ਦੀ। ਇਸ ਦੇਸ਼ ਵਿਚ 23 ਸੂਬਿਆਂ ਵਿਚੋਂ 22 ਦੀ ਬਿਜਲੀ ਕੱਟ ਗਈ ਹੈ। ਜਿਸ ਦਾ ਅਸਰ 2.8 ਕਰੋੜ ਲੋਕਾਂ 'ਤੇ ਪੈ ਰਿਹਾ ਹੈ। 3.3 ਕਰੋੜ ਆਬਾਦੀ ਵਾਲੇ ਇਸ ਦੇਸ਼ ਦੇ ਲੋਕ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰ ਰਹੇ ਹਨ। ਇਥੇ ਬਿਜਲੀ ਕੱਟਣ ਕਾਰਨ ਕਰਾਕਾਸ ਸ਼ਹਿਰ ਦੇ ਹਵਾਈ ਅੱਡੇ ਤੋਂ ਵੀਰਵਾਰ ਨੂੰ ਜਹਾਜ਼ ਉਡਾਣ ਨਹੀਂ ਭਰ ਸਕੇ, ਜਿਸ ਕਾਰਨ ਬਾਹਰੀ ਜਹਾਜ਼ਾਂ ਨੂੰ ਵੀ ਡਾਇਵਰਟ ਕਰਨਾ ਪਿਆ। ਹਾਲਾਤ ਇੰਨੇ ਖਰਾਬ ਸਨ ਕਿ 10 ਹਜ਼ਾਰ ਲੋਕਾਂ ਨੂੰ ਪੂਰੀ ਰਾਤ ਰੁਕਣ ਤੋਂ ਬਾਅਦ ਅਗਲੇ ਦਿਨ ਬੱਸ ਰਾਹੀਂ ਘਰ ਪਰਤਣਾ ਪਿਆ।

ਆਪਸ ਵਿਚ ਭਿੜੇ ਨੇਤਾ
ਬਲੈਕਆਊਟ ਕਾਰਨ ਸੱਤਾ ਧਿਰ ਅਤੇ ਵਿਰੋਧੀ ਧਿਰ ਵਿਚਾਲੇ ਵਾਰ ਪਲਟਵਾਰ ਸ਼ੁਰੂ ਹੋ ਗਈ। ਵਿਰੋਧੀ ਧਿਰ ਦੇ ਨੇਤਾ ਜੁਆਨ ਗੁਈਦੋ 'ਤੇ ਰਾਸ਼ਟਰਪਤੀ ਨਿਕੋਲਸ ਮਾਦੁਰੋ ਨੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਅਮਰੀਕਾ ਦੇ ਕਹਿਣ 'ਤੇ ਦੇਸ਼ ਵਿਚ ਹਨ੍ਹੇਰਾ ਹੋ ਗਿਆ। ਜਵਾਬ ਵਿਚ ਗੁਈਦੋ ਨੇ ਕਿਹਾ ਕਿ ਦੇਸ਼ ਵਿਚ ਰੌਸ਼ਨੀ ਮਾਦੁਰੋ ਦੇ ਸੱਤਾ ਤੋਂ ਹਟਣ ਤੋਂ ਬਾਅਦ ਹੋਵੇਗੀ। ਮੀਡੀਆ ਰਿਪੋਰਟ ਮੁਤਾਬਕ ਬੱਤੀ ਗੁੱਲ ਹੋਣ ਕਾਰਨ ਬੋਲੀਵਰ ਸੂਬੇ ਦੇ ਹਾਈਡ੍ਰੋਇਲੈਕਟ੍ਰਿਕ ਪਲਾਂਟ ਦਾ ਫੇਲ ਹੋਣਾ ਹੈ।

ਅਮਰੀਕਾ ਨੇ ਮਾਦੁਰੋ ਨੂੰ ਠਹਿਰਾਇਆ ਜ਼ਿੰਮੇਵਾਰ
ਅਮਰੀਕਾ ਦੇ ਵਿਦੇਸ਼ ਮੰਤਰੀ ਮਾਈਕ ਪੋਂਪੀਓ ਨੇ ਇਸ ਮਾਮਲੇ ਵਿਚ ਟਵੀਟ ਕਰਕੇ ਕਿਹਾ ਕਿ ਵੈਨੇਜ਼ੁਏਲਾ ਵਿਚ ਹੋ ਰਹੀ ਤਬਾਹੀ ਦਾ ਕਾਰਨ ਅਮਰੀਕਾ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਇਸ ਤਬਾਹੀ ਦਾ ਕਾਰਨ ਕੋਲੰਬੀਆ, ਇਕਵਾਡੋਰ, ਬ੍ਰਾਜ਼ੀਲ ਜਾਂ ਯੂਰਪ ਦਾ ਕੋਈ ਦੇਸ਼ ਵੀ ਨਹੀਂ ਹੈ। ਦੇਸ਼ ਵਿਚ ਬਿਜਲੀ ਸੰਕਟ ਅਤੇ ਭੁਖਮਰੀ ਮਾਦੁਰੋ ਦੀ ਸੱਤਾ ਕਾਰਨ ਹੈ।

2016 ਵਿਚ 60 ਦਿਨ ਹਨੇਰੇ ਵਿਚ ਰਹੇ ਲੋਕ
ਵੈਨੇਜ਼ੁਏਲਾ ਵਿਚ ਬਲੈਕਆਊਟ ਹੋਣਾ ਕੋਈ ਨਵੀਂ ਗੱਲ ਨਹੀਂ ਹੈ। ਸਾਲ 2007 ਵਿਚ ਪਾਵਰ ਗ੍ਰਿਡ ਦਾ ਰਾਸ਼ਟਰੀਕਰਨ ਕੀਤਾ ਗਿਆ ਸੀ। ਉਸੇ ਵੇਲੇ ਸਰਕਾਰਾਂ ਰਾਜਨੀਤਕ ਸੰਕਟ ਦੇ ਤੌਰ 'ਤੇ ਬਲੈਕਆਊਟ ਕਰਦੀਆਂ ਰਹਿੰਦੀਆਂ ਸਨ। ਹਾਲਾਂਕਿ ਇਸ ਦੀ ਜ਼ਿੰਮੇਵਾਰੀ ਸਰਕਾਰ ਨੇ ਕਦੇ ਨਹੀਂ ਲਈ। ਇਸ ਤੋਂ ਪਹਿਲਾਂ 2016 ਵਿਚ ਸਭ ਤੋਂ ਜ਼ਿਆਦਾ 60 ਦਿਨਾਂ ਤੱਕ ਬਲੈਕਆਊਟ ਕੀਤਾ ਗਿਆ ਸੀ। ਤੁਰੰਤ ਸਰਕਾਰ ਨੇ ਇਸ ਪਿੱਛੇ ਕਾਰਨ ਦੱਸਦੇ ਹੋਏ ਕਿਹਾ ਸੀ ਕਿ ਚੂਹੇ ਅਤੇ ਬਿੱਲੀ ਹਾਈਡ੍ਰੋਇਲੈਕਟ੍ਰਿਕ ਪਲਾਂਟ ਨੂੰ ਨੁਕਸਾਨ ਪਹੁੰਚਾ ਰਹੇ ਹਨ। ਜਿਸ ਕਾਰਨ ਸਰਕਾਰ ਰੋਜ਼ਾਨਾ 6-6 ਘੰਟੇ ਬਿਜਲੀ ਕੱਟ ਰਹੀ ਹੈ।


author

Sunny Mehra

Content Editor

Related News