ਪ੍ਰਕਾਸ਼ ਦਿਹਾੜੇ ਮੌਕੇ ਕਮੇਟੀ ਦੇ ਸਹਿਯੋਗ ਨਾਲ ਫ੍ਰੀ ਮੈਡੀਕਲ ਕੈਂਪ ਦਾ ਆਯੋਜਨ
Thursday, Nov 13, 2025 - 03:04 PM (IST)
ਮਿਲਾਨ ਇਟਲੀ (ਸਾਬੀ ਚੀਨੀਆ)- ਦੁਨੀਆ ਦੇ ਨੰਬਰ ਇਕ ਮੈਡੀਕਲ ਸਿਸਟਮ ਲਈ ਜਾਣੇ ਜਾਂਦੇ ਯੂਰਪੀਅਨ ਦੇਸ਼ ਇਟਲੀ ਦੇ ਸਰਕਾਰੀ ਹਸਪਤਾਲਾਂ 'ਚ ਮੈਡੀਕਲ ਸਹੂਲਤਾਂ ਬਿਲਕੁਲ ਫ੍ਰੀ ਹੋਣ ਦੇ ਬਾਵਜੂਦ ਲਿਉਨਸ ਕਲੱਬ ਰੋਮ ਦੇ ਸਹਿਯੋਗ ਨਾਲ ਇੱਥੋਂ ਦੇ ਗੁਰਦੁਆਰਾ ਗੋਬਿੰਦਸਰ ਸਾਹਿਬ ਲਵੀਨੀਉ ਵਿਖੇ ਫ੍ਰੀ ਮੈਡੀਕਲ ਕੈਂਪ ਲਗਾਇਆ ਗਿਆ। ਜਿਸ 'ਚ ਲੋੜਵੰਦਾਂ ਨੇ ਫ੍ਰੀ ਮੈਡੀਕਲ ਚੈੱਕਅਪ ਕਰਵਾ ਕੇ ਇਸ ਦਾ ਲਾਭ ਚੁੱਕਿਆ। ਇਸ ਮੌਕੇ ਗੱਲਬਾਤ ਕਰਦਿਆਂ ਡਾਕਟਰਾਂ ਦੀ ਟੀਮ ਨੇ ਦੱਸਿਆ ਕਿ ਇਟਲੀ ਨੂੰ ਮੈਡੀਕਲ ਸਹੂਲਤਾਂ ਲਈ ਸ਼ਕਤੀਸ਼ਾਲੀ ਦੇਸ਼ ਮੰਨਿਆ ਜਾਂਦਾ ਹੈ । ਇੱਥੋਂ ਦੇ ਹਸਪਤਾਲਾਂ 'ਚ ਹਰ ਬੀਮਾਰੀ ਅਤੇ ਵੱਡੇ ਛੋਟੇ ਅਪਰੇਸ਼ਨ ਬਿਲਕੁੱਲ ਮੁਫ਼ਤ ਹੁੰਦੇ ਹਨ।

ਲਾਸੀਓ ਸਟੇਟ 'ਚ ਸਾਡੀ ਟੀਮ ਵੱਲੋਂ ਲਿਉਨਸ ਕਲੱਬ ਦੇ ਸਹਿਯੋਗ ਨਾਲ ਥਾਂ-ਥਾਂ ਫ੍ਰੀ ਮੈਡੀਕਲ ਕੈਂਪ ਲਾਏ ਜਾ ਰਹੇ ਹਨ। ਇਕ ਧਾਰਮਿਕ ਜਗ੍ਹਾ ਤੋ ਸ਼ੁਰੂਆਤ ਕਰਕੇ ਹੋਰ ਵੀ ਖੁਸ਼ੀ ਮਹਿਸੂਸ ਹੋ ਰਹੀ ਹੈ। ਇਸ ਮੌਕੇ ਗੱਲਬਾਤ ਕਰਦਿਆਂ ਕੁਝ ਨਵੇਂ ਆਏ ਨੌਜਵਾਨਾਂ ਨੇ ਦੱਸਿਆ ਕਿ ਐਤਵਾਰ ਵਾਲੇ ਦਿਨ ਗੁਰਦੁਆਰਾ ਸਾਹਿਬ ਲੱਗੇ ਇਸ ਕੈਂਪ ਨਾਲ ਬਹੁਤ ਸਾਰੇ ਵਿਅਕਤੀਆਂ ਨੂੰ ਫ਼ਾਇਦਾ ਮਿਲੇਗਾ। ਜਿਨ੍ਹਾਂ ਨੂੰ ਕੰਮ ਵਾਲੇ ਦਿਨਾਂ 'ਚ ਛੁੱਟੀ ਲੈ ਕੇ ਹਸਪਤਾਲ ਜਾਣ 'ਚ ਮੁਸ਼ਕਲ ਹੁੰਦੀ ਸੀ ਅਤੇ ਖਾਸ ਕਰਕੇ ਜਿਨ੍ਹਾਂ ਕੋਲ ਇਟਲੀ ਦੇ ਪੱਕੇ ਪੇਪਰ ਨਾ ਹੋਣ ਕਾਰਨ ਉਹ ਰੁਟੀਨ ਟੈਸਟ ਕਰਵਾਉਣ ਲਈ 'ਚ ਅਸਮਰਥ ਸਨ। ਅਜਿਹੇ 'ਚ ਗੁਰਦੁਆਰਾ ਸਾਹਿਬ 'ਚ ਲੱਗੇ ਫ੍ਰੀ ਮੈਡੀਕਲ ਕੈਂਪ 'ਚ ਕਿਸੇ ਵਿਸ਼ੇਸ਼ ਟ੍ਰਾਂਸਲੇਟਰ ਦੀ ਵੀ ਜ਼ਰੂਰਤ ਮਹਿਸੂਸ ਨਹੀਂ ਹੋਈ ਕਿਉਂਕਿ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣੇ ਸੇਵਾਦਾਰਾਂ ਨੂੰ ਡਿਊਟੀਆਂ ਦਿੱਤੀਆਂ ਹੋਈਆਂ ਸਨ ਤਾਂ ਜੋ ਕਿਸੇ ਨੂੰ ਵੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ। ਇੱਥੇ ਇਹ ਵੀ ਦੱਸਣਯੋਗ ਹੈ ਕਿ ਜਦੋਂ ਇਟਲੀ ਕੋਵਿਡ 19 ਦੀ ਮਾਰ ਹੇਠ ਸੀ ਉਸ ਬੁਰੇ ਸਮੇਂ 'ਚ ਇਟਲੀ ਵੱਸਦੇ ਸਿੱਖਾਂ ਨੇ ਲੋਕਾਂ ਦੀ ਮਦਦ ਕੀਤੀ ਸੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
