ਇਟਲੀ ''ਚ ਮਨਾਇਆ ਗਿਆ ਗੁਰੂ ਨਾਨਕ ਦੇਵ ਜੀ ਦਾ 556ਵਾਂ ਪ੍ਰਕਾਸ਼ ਪੁਰਬ, ਰੰਗ ''ਚ ਰੰਗਿਆ ਗਿਆ ਪੂਰਾ ਆਲਮ
Sunday, Nov 16, 2025 - 03:02 PM (IST)
ਮਿਲਾਨ (ਸਾਬੀ ਚੀਨੀਆ)- ਇਟਲੀ ਵਿੱਚ ਵੱਸਦੀਆਂ ਸਿੱਖ ਸੰਗਤਾਂ ਬੜੇ ਹੀ ਉਤਸ਼ਾਹ ਅਤੇ ਸਤਿਕਾਰ ਨਾਲ ਗੁਰੂ ਨਾਨਕ ਦੇਵ ਜੀ ਦਾ 556ਵਾਂ ਪ੍ਰਕਾਸ਼ ਦਿਹਾੜਾ ਮਨਾਇਆ ਗਿਆ। ਇਸ ਦੌਰਾਨ ਦੱਖਣੀ ਇਟਲੀ ਦੇ ਜ਼ਿਲ੍ਹਾ ਸਲੈਰਨੋ ਦੇ ਕਸਬਾ ਬੱਤੀਪਾਲੀਆ ਦੇ ਗੁਰਦੁਆਰਾ ਸੰਗਤ ਸਭਾ ਵਿਖੇ ਤਿੰਨ ਰੋਜ਼ਾ ਸਮਾਗਮ ਕਰਵਾਇਆ ਗਿਆ, ਜਿਸ ਨੂੰ ਵੇਖ ਕਿ ਇੰਝ ਲੱਗ ਰਿਹਾ ਸੀ ਜਿਵੇਂ ਸਮੁੱਚਾ ਆਲਮ ਗੁਰੂ ਨਾਨਕ ਦੇਵ ਜੀ ਦੇ ਰੰਗ ਵਿੱਚ ਰੰਗਿਆ ਹੋਇਆ ਹੋਵੇ।
ਇੱਥੇ ਸ੍ਰੀ ਆਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਸਜਾਏ ਗਏ ਦੀਵਾਨਾਂ ਵਿੱਚ ਪੰਥ ਪ੍ਰਸਿੱਧ ਕਵੀਸ਼ਰ ਭਾਈ ਸਤਨਾਮ ਸਿੰਘ ਸਰਹਾਲੀ ਵਾਲਿਆਂ ਦੇ ਜੱਥੇ ਦੁਆਰਾ ਆਈਆਂ ਸੰਗਤਾਂ ਨੂੰ ਗੁਰੂ ਨਾਨਕ ਦੇਵ ਜੀ ਦੇ ਜੀਵਨ ਕਾਲ ਨਾਲ ਸਬੰਧਤ ਵਿਚਾਰ ਸਰਵਣ ਕਰਵਾ ਕੇ ਨਿਹਾਲ ਕੀਤਾ ਗਿਆ। ਇਸ ਮੌਕੇ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ।

ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੇਵਾਦਾਰਾਂ ਤੇ ਭਾਈ ਸਤਨਾਮ ਸਿੰਘ ਸਰਹਾਲੀ ਵਾਲਿਆਂ ਦੇ ਕਵੀਸ਼ਰੀ ਜਥੇ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ ਗਿਆ ਤੇ ਗੁਰੂ ਸਾਹਿਬ ਦੀ ਬਖਸ਼ਿਸ਼ ਸਿਰੋਪਾਓ ਦੇ ਨਾਲ ਸਨਮਾਨ ਕੀਤਾ ਗਿਆ। ਦੱਸਣਯੋਗ ਹੈ ਕਿ ਉੱਤਰੀ ਇਟਲੀ ਦੇ ਮੁਕਾਬਲੇ ਦੱਖਣ ਵਾਲੇ ਪਾਸੇ ਧਾਰਮਿਕ ਅਸਥਾਨਾਂ ਦੀ ਗਿਣਤੀ ਥੋੜ੍ਹੀ ਘੱਟ ਹੈ ਤੇ ਬੱਤੀਪਾਲੀਆ ਦੀਆਂ ਸੰਗਤਾਂ ਵੱਲੋਂ ਗੁਰਦੁਆਰਾ ਸੰਗਤ ਸਭਾ ਦੀ ਅਲੀਸ਼ਾਨ ਇਮਾਰਤ ਦੀਆਂ ਸੇਵਾਵਾਂ ਚੱਲ ਰਹੀਆਂ ਹਨ, ਜਿਨ੍ਹਾਂ ਵਿੱਚ ਸੰਗਤਾਂ ਬੜੇ ਉਤਸ਼ਾਹ ਨਾਲ ਸੇਵਾਵਾਂ ਨਿਭਾ ਰਹੀਆਂ ਹਨ।

