ਇਟਲੀ ਦੀ ਆਜ਼ਾਦੀ ਲਈ WW2 ''ਚ ਸ਼ਹੀਦ ਹੋਏ ਭਾਰਤੀ ਫ਼ੌਜੀਆਂ ਨੂੰ ਅਧਿਕਾਰੀਆਂ ਨੇ ਦਿੱਤੀ ਸ਼ਰਧਾਂਜਲੀ

Monday, Nov 10, 2025 - 12:01 PM (IST)

ਇਟਲੀ ਦੀ ਆਜ਼ਾਦੀ ਲਈ WW2 ''ਚ ਸ਼ਹੀਦ ਹੋਏ ਭਾਰਤੀ ਫ਼ੌਜੀਆਂ ਨੂੰ ਅਧਿਕਾਰੀਆਂ ਨੇ ਦਿੱਤੀ ਸ਼ਰਧਾਂਜਲੀ

ਰੋਮ (ਦਲਵੀਰ ਕੈਂਥ)- ਭਾਰਤੀ ਅੰਬੈਂਸੀ ਰੋਮ ਵੱਲੋਂ ਨਗਰ ਕੌਂਸਲ ਕਾਸੀਨੋ ਦੇ ਸਹਿਯੋਗ ਨਾਲ ਦੂਜੀ ਵਿਸ਼ਵ ਜੰਗ ਵਿੱਚ ਇਟਲੀ ਦੀ ਆਜ਼ਾਦੀ ਲਈ ਸ਼ਹੀਦ ਹੋਣ ਵਾਲੇ ਭਾਰਤੀ ਫੌਜੀਆਂ ਦੀ ਯਾਦ ਵਿੱਚ ਰਾਸ਼ਟਰਮੰਡਲ ਜੰਗੀ ਕਬਰਸਤਾਨ ਕਾਸੀਨੋ ਵਿਖੇ ਇੱਕ ਵਿਸ਼ੇਸ ਸ਼ਰਧਾਂਜਲੀ ਸਮਾਰੋਹ ਕਰਵਾਇਆ ਗਿਆ। ਇਸ ਸਮਾਗਮ 'ਚ ਵਿਸ਼ੇਸ਼ ਤੌਰ 'ਤੇ ਨਗਰ ਕੌਂਸਲ ਕਾਸੀਨੋ ਦੇ ਮੇਅਰ ਏਂਜੋ ਸਾਲੇਰਾ, ਭਾਰਤੀ ਅੰਬੈਂਸੀ ਰੋਮ ਦੇ ਉਪ-ਰਾਜਦੂਤ ਗੌਰਵ ਗਾਂਧੀ ਅਤੇ ਭਾਰਤੀ ਅੰਬੈਂਸੀ ਰੋਮ ਸੁੱਰਖਿਆ ਕਮਿਸ਼ਨ ਦੇ ਕਰਨਲ ਰੋਹਨ ਫਾਨੀਕਰ ਨੇ ਸਮੂਲੀਅਤ ਕੀਤੀ। 

PunjabKesari

ਇਸ ਸ਼ਰਧਾਂਜਲੀ ਸਮਾਰੋਹ ਬ੍ਰਿਗੇਡੀਅਰ ਪ੍ਰਦੀਪ ਸਿੰਘ ਸੈਨਾ ਮੈਡਲ ਦੀ ਅਗਵਾਈ ਵਿੱਚ ਭਾਰਤੀ ਸੈਨਾ ਯੁੱਧ ਮਹਾਂ-ਵਿਦਿਆਲਾ ਦੇ 22 ਅਧਿਕਾਰੀਆਂ ਦਾ ਵਫ਼ਦ ਵੀ ਉਚੇਚੇ ਤੌਰ 'ਤੇ ਸ਼ਹੀਦ ਭਾਰਤੀ ਫੌਜੀਆਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨ ਲਈ ਪਹੁੰਚਿਆ ਜਿਹੜਾ ਕਿ ਭਾਰਤੀ ਸੈਨਾ ਦੀ ਬਹਾਦਰੀ, ਸਨਮਾਨ ਅਤੇ ਕੁਰਬਾਨੀ ਦੀਆਂ ਸਥਾਈ ਪਰੰਪਰਾਵਾਂ ਦੀ ਜਿਊਂਦੀ ਜਾਗਦੀ ਵਿਰਾਸਤ ਦੀ ਪੈਰਵੀ ਕਰਦਾ ਹੈ। ਸ਼ਰਧਾਂਜਲੀ ਸਮਾਰੋਹ ਮੌਕੇ ਇਟਾਲੀਅਅਨ ਆਰਮੀ ਬੈਂਡ ਨੇ ਦੋਵਾਂ ਦੇਸ਼ਾਂ ਦੇ ਰਾਸ਼ਟਰੀ ਗੀਤ ਵਜਾਉਂਦਿਆਂ ਉਤੇਜਕ ਸੁਰਾਂ ਰਾਹੀਂ ਇਟਲੀ ਅਤੇ ਭਾਰਤ ਦੇ ਆਪਸੀ ਪਿਆਰ, ਦੋਸਤੀ ਅਤੇ ਆਪਸੀ ਸਤਿਕਾਰ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕੀਤਾ। 

PunjabKesari

ਇਹ ਸ਼ਰਧਾਂਜਲੀ ਸਮਾਰੋਹ ਸਿਰਫ਼ ਸ਼ਰਧਾਂਜਲੀ ਸਮਾਰੋਹ ਹੀ ਨਹੀਂ ਸੀ, ਸਗੋਂ ਉਨ੍ਹਾਂ ਕਦਰਾਂ-ਕੀਮਤਾਂ ਦੀ ਪੁਸ਼ਟੀ ਵੀ ਕਰਦਾ ਸੀ ਜੋ ਸਮੇਂ ਅਤੇ ਸਰਹੱਦਾਂ ਤੋਂ ਪਾਰ ਇਨਸਾਨੀਅਤ ਨੂੰ ਇੱਕਜੁੱਟ ਕਰਦੀਆਂ ਹਨ। ਇਹ ਸਮਾਰੋਹ ਇਟਲੀ ਦੀ ਆਜ਼ਾਦੀ ਲਈ ਲੜਨ ਵਾਲਿਆਂ ਦੀ ਕੁਰਬਾਨੀਆਂ ਨੂੰ ਯਾਦ ਰੱਖਣ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਸਾਂਝੀਆਂ ਯਾਦਾਂ ਨੂੰ ਸੁੱਰਖਿਅਤ ਰੱਖਣ ਦੀ ਹਾਮੀ ਵੀ ਭਰਦਾ ਸੀ। 

PunjabKesari

ਸੰਨ 1943 ਅਤੇ 1945 ਦੇ ਵਿਚਕਾਰ ਦੂਜੀ ਵਿਸ਼ਵ ਜੰਗ ਦੌਰਾਨ ਇਟਲੀ ਦੀ ਆਜ਼ਾਦੀ ਲਈ 50,000 ਤੋਂ ਵੱਧ ਭਾਰਤੀ ਫੌਜੀਆਂ ਨੇ ਵਧ-ਚੜ੍ਹ ਆਪਣਾ ਯੋਗਦਾਨ ਪਾਇਆ ਅਤੇ ਹਜ਼ਾਰਾਂ ਭਾਰਤੀ ਫੌਜੀਆਂ ਨੇ ਸ਼ਹਾਦਤ ਦਿੱਤੀ। ਇਹ ਭਾਰਤੀ ਫੌਜੀ ਜਿਹੜੇ ਕਿ ਭਾਰਤ ਦੇ ਸੂਬੇ ਪੰਜਾਬ ਦੇ ਮੈਦਾਨਾਂ ਤੋਂ, ਹਿਮਾਲਿਆ ਦੀਆਂ ਪਹਾੜੀਆਂ ਤੋਂ, ਰਾਜਸਥਾਨ ਦੇ ਮਾਰੂਥਲਾਂ ਅਤੇ ਹੋਰ ਸੂਬਿਆਂ ਤੋਂ ਸਨ, ਵੱਖ-ਵੱਖ ਧਰਮ, ਵੱਖ-ਵੱਖ ਭਾਸ਼ਾਵਾਂ ਪਰ ਮਕਸਦ ਸਿਰਫ਼ ਇੱਕ ਇਟਲੀ ਦੀ ਆਜ਼ਾਦੀ। 

PunjabKesari

ਇਨ੍ਹਾਂ ਫੌਜੀਆਂ ਦਾ ਇਹ ਜਜ਼ਬਾ, ਭਾਵਨਾ ਅਤੇ ਉਦੇਸ਼ ਇਟਲੀ ਭਾਰਤ ਦਾ ਇੱਕ ਆਪਸੀ ਪਿਆਰ ਦਾ ਅਟੁੱਟ ਬੰਧਨ ਅੱਜ ਰਾਸ਼ਟਰ ਨੂੰ ਪ੍ਰਭਾਵਿਤ ਕਰਦਾ ਹੈ। ਆਏ ਹੋਏ ਮਹਿਮਾਨਾਂ ਨੇ ਸਭ ਭਾਰਤੀ ਸ਼ਹੀਦਾਂ ਨੂੰ ਯਾਦ ਕਰਦਿਆਂ ਭਾਵ-ਭਿੰਨੀ ਸ਼ਰਧਾਂਜਲੀ ਦਿੱਤੀ ਅਤੇ ਕਿਹਾ ਗਿਆ ਕਿ ਭਾਰਤੀ ਫੌਜੀਆਂ ਦੀ ਇਹ ਸ਼ਹਾਦਤ ਸਾਨੂੰ ਯਾਦ ਕਰਵਾਉਂਦੀ ਹੈ ਕਿ ਹਿੰਮਤ ਦੀ ਕੋਈ ਸੀਮਾ ਨਹੀਂ ਹੁੰਦੀ ਅਤੇ ਕੁਰਬਾਨੀ ਦਾ ਕੋਈ ਧਰਮ ਜਾਂ ਖੇਤਰ ਨਹੀਂ ਹੁੰਦਾ। ਇਸ ਮੌਕੇ ਇਹ ਵੀ ਐਲਾਨ ਕੀਤਾ ਗਿਆ ਕਿ ਕੈਸੀਨੋ ਵਿਕਟੋਰੀਆ ਕ੍ਰਾਸ ਪ੍ਰਾਪਤ ਸ਼ਹੀਦ ਫੌਜੀ ਕਮਲ ਰਾਮ ਦੇ ਸਨਮਾਨ ਵਿੱਚ ਇੱਕ ਨਵੀਂ ਯਾਦਗਾਰ ਬਣ ਰਹੀ ਹੈ, ਜਿਸ ਨੇ ਕੈਸੀਨੋ ਦੀ ਲੜਾਈ ਵਿੱਚ ਬਹਾਦਰੀ ਨਾਲ ਲੜਦਿਆਂ ਸ਼ਹੀਦੀ ਦਿੱਤੀ। 

PunjabKesari

ਕਾਸੀਨੋ ਵਿੱਚ ਇਹ ਸ਼ਹੀਦਾਂ ਦੀਆਂ ਸਮਾਰਕਾਂ ਉਨ੍ਹਾਂ ਤਮਾਮ ਸ਼ਹੀਦਾਂ ਦੀ ਬਹਾਦਰੀ ਦਾ ਸਥਾਈ ਰੂਪ ਹੈ ਜਿਨ੍ਹਾਂ ਦੀ ਸ਼ਹਾਦਤ ਨੇ ਦੁਨੀਆਂ ਨੂੰ ਇੱਕ ਬਿਹਤਰ ਆਕਾਰ ਦੇਣ ਵਿੱਚ ਯੋਗਦਾਨ ਪਾਇਆ। ਕਾਸੀਨੋ ਸ਼ਹਿਰ ਦੇ ਮੇਅਰ ਏਂਜੋ ਸਾਲੇਰਾ ਇਟਲੀ ਦੀ ਆਜ਼ਾਦੀ ਵਿੱਚ ਸ਼ਹੀਦ ਹੋਣ ਵਾਲੇ ਭਾਰਤੀ ਫੌਜੀਆਂ ਦੀ ਡੂੰਘੀ ਪ੍ਰਸ਼ੰਸਾ ਕਰਦਿਆਂ ਇਸ ਸਾਂਝੇ ਇਤਿਹਾਸ ਨੂੰ ਸੁੱਰਖਿਅਤ ਰੱਖਣ ਲਈ ਭਾਰਤ ਦੀ ਨਿਰੰਤਰ ਵਚਨਬੱਧਤਾ ਦੀ ਸ਼ਲਾਘਾ ਕੀਤੀ।


author

Harpreet SIngh

Content Editor

Related News