ਕਤਰ 'ਚ ਬੰਦੀ ਬਣਾ ਕੇ ਰੱਖੇ ਗਏ ਆਸਟ੍ਰੇਲੀਆਈ ਪਿਉ-ਪੁੱਤਰ ਹੋਏ ਰਿਹਾਅ

01/15/2021 1:07:57 PM

ਸਿਡਨੀ (ਬਿਊਰੋ): ਆਸਟ੍ਰੇਲੀਆਈ ਮੂਲ ਦੇ 58 ਸਾਲਾ ਜਨਤਕ ਸਿਹਤ ਦੇ ਪ੍ਰੋਫੈਸਰ ਲੁਕਮਾਨ ਥਾਲਿਬ ਅਤੇ ਉਨ੍ਹਾਂ ਦੇ 24 ਸਾਲਾ ਬੇਟੇ  ਇਸਮਾਇਲ ਥਾਲਿਬ ਨੂੰ ਆਖਿਰਕਾਰ ਕਤਰ ਦੀ ਸਰਕਾਰ ਨੇ ਰਿਹਾਅ ਕਰ ਦਿੱਤਾ ਹੈ। ਇਹ ਦੋਵੇਂ ਪਿਓ-ਪੁੱਤ ਤਕਰੀਬਨ 6 ਮਹੀਨਿਆਂ ਤੋਂ ਕਤਰ ਦੀ ਇੱਕ ਅਣਦੱਸੀ ਜੇਲ੍ਹ ਵਿਚ ਬੰਦੀ ਬਣਾ ਕੇ ਰੱਖੇ ਗਏ ਸਨ। ਪ੍ਰੋਫੈਸਰ ਥਾਲਿਬ ਦੀ ਬੇਟੀ ਮਾਰਿਅਨ ਥਾਲਿਬ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਸ ਦੇ ਪਿਤਾ ਅਤੇ ਭਰਾ ਦੋਹਾਂ ਨੂੰ ਕਤਰ ਵਿਚ ਬੀਤੇ ਸਾਲ 27 ਜੁਲਾਈ ਨੂੰ ਕੁਝ ਅਧਿਕਾਰੀ ਗ੍ਰਿਫ਼ਤਾਰ ਕਰ ਕੇ ਕਿਸੇ ਅਣਦੱਸੀ ਥਾਂ 'ਤੇ ਲੈ ਗਏ ਸਨ। 

ਉਸ ਸਮੇਂ ਪ੍ਰੋਫੈਸਰ ਲੁਕਮਾਨ ਕਤਰ ਯੂਨੀਵਰਸਿਟੀ ਦੇ ਜਨਤਕ ਸਿਹਤ ਦੇ ਵਿਭਾਗ ਦੇ ਮੁਖੀ ਸਨ ਅਤੇ ਦੇਸ਼ ਦੇ ਵਿਗਿਆਨ ਤੇ ਖੋਜ ਕੇਂਦਰਾਂ ਨਾਲ ਕੋਵਿਡ-19 ਨਾਲ ਲੜਾਈ 'ਤੇ ਕੰਮ ਕਰ ਰਹੇ ਸਨ। ਲੰਡਨ ਆਧਾਰਿਤ ਵਕੀਲਾਂ ਦੇ ਇੱਕ ਸੰਗਠਨ (ਕੇਗ -CAGE) ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਅਤੇ ਦੱਸਿਆ ਕਿ ਪ੍ਰੋਫੈਸਰ ਅਤੇ ਉਨ੍ਹਾਂ ਦੇ ਬੇਟੇ 'ਤੇ ਗੰਭੀਰ ਦੋਸ਼ ਲਗਾਏ ਗਏ ਸਨ ਪਰ ਹੁਣ ਦੋਵੇਂ ਤੁਰਕੀ ਵਿਚ ਸਹੀ ਸਲਾਮਤ ਪਹੁੰਚ ਗਏ ਹਨ। ਹਾਲੇ ਵੀ ਇਸ ਗੱਲ ਦੀ ਜਾਣਕਾਰੀ ਨਹੀਂ ਹੈ ਕਿ ਆਖਿਰ ਇਨ੍ਹਾਂ ਦੋਹਾਂ ਨੂੰ ਕਤਰ ਦੇ ਅਧਿਕਾਰੀਆਂ ਵੱਲੋਂ ਗ੍ਰਿਫਤਾਰ ਕਿਉਂ ਕੀਤਾ ਗਿਆ ਸੀ ਅਤੇ ਇਸ ਦੌਰਾਨ ਇਨ੍ਹਾਂ ਦੋਹਾਂ ਨੂੰ ਕਿੱਥੇ ਅਤੇ ਕਿਵੇਂ ਰੱਖਿਆ ਗਿਆ? ਇਨ੍ਹਾਂ ਕੋਲੋਂ ਕਿਹੜੀ ਪੁੱਛ-ਪੜਤਾਲ ਹੋਈ ਅਤੇ ਫਿਰ ਇਨ੍ਹਾਂ ਨੂੰ ਛੱਡਿਆ ਕਿਵੇਂ ਅਤੇ ਕਿਉਂ ਗਿਆ? 

ਪੜ੍ਹੋ ਇਹ ਅਹਿਮ ਖਬਰ- ਭਾਰੀ ਬਰਫ 'ਚ ਪੋਲੀਓ ਖਿਲਾਫ਼ ਡਟੀਆਂ ਕਸ਼ਮੀਰੀ ਬੀਬੀਆਂ ਦੀ ਵੀਡੀਓ ਵਾਇਰਲ, ਇਮਰਾਨ 'ਤੇ ਉਠੇ ਸਵਾਲ

ਥਾਲਿਬ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜੋ ਹੋਇਆ -ਬਸ ਹੁਣ ਭੁੱਲਣ ਵਿਚ ਹੀ ਭਲਾਈ ਹੈ।ਅਸੀਂ ਦੋਵੇਂ ਸਹੀ ਸਲਾਮਤ ਆਪਣੇ ਪਰਿਵਾਰ ਨਾਲ ਹਾਂ, ਇਸ ਗੱਲ ਦੀ ਸੰਤੁਸ਼ਟੀ ਹੈ। ਅਸਲ ਵਿਚ ਗੱਲ ਇਹ ਸਾਹਮਣੇ ਆ ਰਹੀ ਹੈ ਕਿ ਪ੍ਰੋਫੈਸਰ ਦਾ ਦੂਸਰਾ ਬੇਟਾ ਅਹਿਮਦ ਲੁਕਮਾਨ ਥਾਲਿਬ ਜੋ ਕਿ ਵਿਕਟੋਰੀਆ ਵਿਚ ਰਹਿੰਦਾ ਹੈ, ਉਸ 'ਤੇ ਅਮਰੀਕੀ ਵਿਭਾਗ ਵੱਲੋਂ ਇਲਜ਼ਾਮ ਲਗਾਏ ਗਏ ਸਨ ਕਿ ਉਸ ਨੇ ਅੱਤਵਾਦੀ ਸੰਸਥਾ ਅਲ-ਕਾਇਦਾ ਨੂੰ ਵਿੱਤੀ ਮਦਦ ਦਿੱਤੀ ਹੈ ਪਰ ਇਸ ਇਲਜ਼ਾਮ ਸਬੰਧੀ ਕੋਈ ਵੀ ਲਿਖਤੀ ਪ੍ਰਮਾਣ ਨਹੀਂ ਹੈ ਅਤੇ ਇਹ ਗੱਲ ਵੀ ਪ੍ਰੋਫੈਸਰ ਅਤੇ ਉਨ੍ਹਾਂ ਦੇ ਬੇਟੇ ਨੂੰ ਗ੍ਰਿਫ਼ਤਾਰ ਕਰਨ ਤੋਂ ਤਿੰਨ ਮਹੀਨੇ ਬਾਅਦ ਜ਼ਾਹਰ ਹੋਈ ਸੀ। 

ਪੜ੍ਹੋ ਇਹ ਅਹਿਮ ਖਬਰ- ਕੇਂਦਰੀ ਅਮਰੀਕਾ ਦੇ 15 ਰਾਜਾਂ ਲਈ ਬਰਫ਼ਬਾਰੀ ਅਤੇ ਤੇਜ਼ ਹਵਾਵਾਂ ਦੀ ਚਿਤਾਵਨੀ

ਆਸਟ੍ਰੇਲੀਆਈ ਫੈਡਰਲ ਪੁਲਸ ਵੱਲੋਂ ਅਹਿਮਦ ਦੇ ਡੋਨਕਾਸਟਰ ਸਥਿਤ ਘਰ ਵਿਚ ਬੀਤੇ ਸਾਲ 20 ਅਕਤੂਬਰ ਨੂੰ ਵਾਰੰਟ ਜਾਰੀ ਕਰ ਕੇ ਕਾਰਵਾਈ ਵੀ ਕੀਤੀ ਸੀ। ਪਰਿਵਾਰ ਦਾ ਦੱਸਣਾ ਹੈ ਕਿ ਪ੍ਰੋਫੈਸਰ ਅਤੇ ਉਨ੍ਹਾਂ ਦੇ ਬੇਟੇ ਨੂੰ ਜਦੋਂ ਅਧਿਕਾਰੀਆਂ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ ਤਾਂ 40 ਦਿਨਾਂ ਤੱਕ ਉਨ੍ਹਾਂ ਦਾ ਕੋਈ ਵੀ ਥਹੁ-ਟਿਕਾਣਾ ਪਤਾ ਨਹੀਂ ਸੀ ਲੱਗਣ ਦਿੱਤਾ ਗਿਆ। ਇਸ ਤੋਂ ਬਾਅਦ ਪ੍ਰੋਫੈਸਰ ਨੂੰ ਹਰ ਹਫ਼ਤੇ ਆਪਣੇ ਪਰਿਵਾਰ ਨਾਲ ਸਿਰਫ 10 ਮਿੰਟ ਦੀ ਫੋਨ ਕਾਲ ਕਰਨ ਦੀ ਇਜਾਜ਼ਤ ਦਿੱਤੀ ਗਈ ਸੀ।

ਨੋਟ- ਉਕਤ ਖ਼ਬਰ ਬਾਰੇ ਦੱਸੋ ਆਪਣੀ ਰਾਏ।


Vandana

Content Editor

Related News