ਆਸਟ੍ਰੇਲੀਆ 'ਚ 26 ਸਾਲਾ ਮੁੰਡੇ ਨੇ ਗੱਡੇ ਝੰਡੇ, ਸਫ਼ਲ ਕਾਰੋਬਾਰੀ ਤੋਂ ਬਾਅਦ ਬਣਿਆ ਸਮਾਜ ਸੇਵੀ

05/21/2022 4:29:07 PM

ਜਲੰਧਰ/ ਆਸਟ੍ਰੇਲੀਆ (ਵੈੱਬ ਡੈਸਕ) : ਪੰਜਾਬੀ ਦੁਨੀਆ ਦੇ ਕਿਸੇ ਵੀ ਖਿੱਤੇ ਵਿੱਚ ਚਲੇ ਜਾਣ, ਲੋੜਵੰਦਾਂ ਦੀ ਮਦਦ ਕਰਨ ਤੋਂ ਪਿੱਛੇ ਨਹੀਂ ਹਟਦੇ। ਅਜਿਹੀ ਹੀ ਇਕ ਮਿਸਾਲ ਆਸਟ੍ਰੇਲੀਆ ਦੇ ਸ਼ਹਿਰ ਸਿਡਨੀ 'ਚ ਵੇਖਣ ਨੂੰ ਮਿਲੀ, ਜਿੱਥੇ 26 ਸਾਲ ਦੀ ਉਮਰ 'ਚ ਇਕ ਨੌਜਵਾਨ ਜੋ ਗੰਗਾਨਗਰ ਤੋਂ ਆਸਟ੍ਰੇਲੀਆ 'ਚ ਵਿਦਿਆਰਥੀ ਵਜੋਂ ਆਇਆ ਸੀ ਤੇ ਵਪਾਰ ਦੀਆਂ ਬੁਲੰਦੀਆਂ ਛੂਹ ਲੈਂਦਾ ਹੈ। ਪਿਛਲੇ ਦਿਨੀਂ ਆਸਟਰੇਲੀਆ ਦੌਰੇ 'ਤੇ ਗਏ 'ਜਗ ਬਾਣੀ' ਦੇ ਸੀਨੀਅਰ ਪੱਤਰਕਾਰ ਰਮਨਦੀਪ ਸਿੰਘ ਸੋਢੀ ਨੇ ਜਦੋਂ ਗੁਲਜਿੰਦਰ ਸਿੰਘ ਗੈਵੀ ਨਾਲ ਗੱਲ ਕੀਤੀ ਤਾਂ ਉਨ੍ਹਾਂ ਆਪਣੀ ਸੰਸਥਾ ਤੇ ਸਮਾਜ ਸੇਵੀ ਕੰਮਾਂ ਬਾਰੇ ਜਾਣਕਾਰੀ ਦਿੱਤੀ। 

ਗੈਵੀ ਸਿੰਘ ਨੇ ਆਪਣੇ ਬਾਰੇ ਦੱਸਦਿਆਂ ਕਿਹਾ ਕਿ ਉਸ ਦਾ ਪਿੰਡ ਬਾਣੀਆਂਵਾਲਾ ਹੈ, ਜੋ ਰਾਜਸਥਾਨ ਦੇ ਜ਼ਿਲ੍ਹਾ ਗੰਗਾਨਗਰ 'ਚ ਪੈਂਦਾ ਹੈ। ਦਸੰਬਰ 2012 'ਚ ਮੈਂ ਆਸਟ੍ਰੇਲੀਆ ਆ ਗਿਆ। ਪਹਿਲਾਂ ਅਕਾਊਂਟਿੰਗ ਦਾ ਡਿਪਲੋਮਾ ਕੀਤਾ ਅਤੇ ਫਿਰ ਬੈਚੂਲਰ ਆਫ਼ ਬਿਜਨਸ ਮੈਨਜਮੈਂਟ ਦੀ ਡਿਗਰੀ ਹਾਸਲ ਕੀਤੀ। ਸੰਘਰਸ਼ ਬਾਰੇ ਗੱਲ ਕਰਦਿਆਂ ਗੈਵੀ ਨੇ ਦੱਸਿਆ ਕਿ ਵਿਦੇਸ਼ ਆਏ ਹਰੇਕ ਵਿਦਿਆਰਥੀ ਲਈ ਬਹੁਤ ਚੁਣੌਤੀਆਂ ਹੁੰਦੀਆਂ ਹਨ, ਜੋ ਮੇਰੀ ਜ਼ਿੰਦਗੀ 'ਚ ਵੀ ਆਈਆਂ ਸਨ। ਸ਼ੁਰੂਆਤ ਵਿੱਚ ਸਾਫ਼ ਸਫ਼ਾਈ ਦਾ ਕੰਮ ਵੀ ਕੀਤਾ ਅਤੇ ਲੋੜਾਂ ਪੂਰੀਆਂ ਕਰਨ ਲਈ ਟਰੱਕ ਵੀ ਚਲਾਇਆ। 

ਗੈਵੀ ਨੇ ਦੱਸਿਆ ਕਿ ਹੋਰਾਂ ਦੀ ਮਦਦ ਕਰਨ ਦੀ ਲਲਕ ਉਨ੍ਹਾਂ ਨੂੰ ਆਪਣੇ ਪਿਤਾ ਜੀ ਤੋਂ ਲੱਗੀ। ਅਕਸਰ ਆਪਣੇ ਪਿਤਾ ਨੂੰ ਲੋਕਾਂ ਦੀ ਮਦਦ ਕਰਦੇ ਵੇਖਿਆ ਅਤੇ ਹਾਲੇ ਵੀ ਉਹ ਹੋਰਾਂ ਦੀ ਮਦਦ ਕਰਨ ਲਈ ਸਦਾ ਹਾਜ਼ਰ ਰਹਿੰਦੇ ਹਨ। ਫਿਰ ਸੋਚਿਆ ਕਿ ਜ਼ਿੰਦਗੀ ਜਿਊਣ ਲਈ ਕੰਮ ਕਾਰ ਤਾਂ ਕਰਨਾ ਹੀ ਹੈ ਪਰ ਨਾਲ ਦੀ ਨਾਲ ਸਮਾਜ ਸੇਵਾ ਵੀ ਜ਼ਰੂਰ ਕੀਤੀ ਜਾਵੇ।

'ਰੀਚ' ਕਿਵੇਂ ਹੋਂਦ ਵਿੱਚ ਆਈ?
ਮੈਂ ਕਈ ਸੰਸਥਾਵਾਂ ਨਾਲ ਜੁੜਿਆ ਹੋਇਆ ਸੀ। ਮੇਰੇ ਦਿਲ ਵਿੱਚ ਅਕਸਰ ਇਹ ਖਿਆਲ ਆਉਂਦਾ ਸੀ ਕਿ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਕੀਤਾ ਜਾਵੇ। ਆਸਟੇਰਲੀਆ ਵਿੱਚ ਘਰਾਂ ਦੀ ਬਹੁਤ ਵੱਡੀ ਸਮੱਸਿਆ ਹੈ। ਸਰਕਾਰੀ ਅੰਕੜਿਆਂ ਅਨੁਸਾਰ 1 ਲੱਖ 16 ਹਜ਼ਾਰ ਲੋਕ ਅੱਜ ਵੀ ਬਿਨਾਂ ਛੱਤ ਤੋਂ ਰਹਿ ਰਹੇ ਹਨ। ਮੈਂ ਅਜਿਹੇ ਲੋਕਾਂ ਦੀ ਮਦਦ ਕਰਨੀ ਚਾਹੁੰਦਾ ਸੀ। ਇਸ ਲਈ ਮੈਂ 'ਰੀਚ' ਨਾਂ ਦੀ ਸੰਸਥਾ ਬਣਾਈ। ਕੁਝ ਹੋਰ ਸੰਸਥਾਵਾਂ ਵੀ ਸਾਨੂੰ ਸਹਿਯੋਗ ਦਿੰਦੀਆਂ ਹਨ। ਡਾ. ਜੋਗਿੰਦਰ ਵਿਰਕ ਨੇ ਇਸ ਦਿਸ਼ਾ ਵਿੱਚ ਮੇਰੀ ਬਹੁਤ ਹੌਂਸਲਾ ਅਫ਼ਜ਼ਾਈ ਕੀਤੀ ਅਤੇ ਲੋੜ ਪੈਣ 'ਤੇ ਮਦਦ ਵੀ। 

ਬੇਸ਼ੱਕ ਅਗਾਂਹਵਧੂ ਦੇਸ਼ ਹੋਣ ਕਰਕੇ ਆਸਟਰੇਲੀਆ 'ਚ ਸਰਕਾਰ ਬਹੁਤ ਸਹੂਲਤਾਂ ਦਿੰਦੀ ਹੈ ਫਿਰ ਵੀ ਜਿਸਦਾ ਕੋਈ ਪਰਿਵਾਰਕ ਮੈਂਬਰ ਨਹੀਂ ਹੁੰਦਾ ਉਸਨੂੰ ਟਰੱਸਟੀ ਐਂਡ ਗਾਰਡੀਅਨਸ਼ਿਪ ਵਾਲੇ ਚੁੱਕ ਲੈਂਦੇ ਹਨ ਅਤੇ ਉਸਨੂੰ ਰੋਜ਼ਾਨਾ ਖ਼ਰਚਾ ਦਿੰਦੇ ਹਨ। ਚਾਹੇ ਉਹ ਬੰਦਾ ਕਿੰਨਾ ਵੀ ਅਮੀਰ ਕਿਉਂ ਨਾ ਹੋਵੇ ਜਾਂ ਦੇਸ਼ ਲਈ ਉਸਦਾ ਕੋਈ ਵੀ ਯੋਗਦਾਨ ਨਾ ਹੋਵੇ।

ਤੁਸੀਂ ਘਰ ਲੱਭਣ ਵਾਲਿਆਂ ਦੀ ਮਦਦ ਕਿਵੇਂ ਕਰਦੇ ਹੋ?
ਅਸੀਂ ਹਾਊਸਿੰਗ ਅਤੇ ਸੈਂਟਰਲਿੰਕ ਨਾਲ ਰਾਬਤਾ ਕਾਇਮ ਕੀਤਾ ਹੈ। ਇਹ ਸਰਕਾਰੀ ਸੰਸਥਾ ਹੈ, ਜਿੱਥੋਂ ਸਾਨੂੰ ਜਾਣਕਾਰੀ ਮਿਲ ਜਾਂਦੀ ਹੈ ਕਿ ਕਿਸਨੂੰ ਘਰ ਦੀ ਲੋੜ ਹੈ। ਇਸ ਤੋਂ ਇਲਾਵਾ ਲੋਕ ਸੋਸ਼ਲ ਮੀਡੀਆ, ਵੈੱਬਸਾਈਟ 'ਤੇ ਵੀ ਸਾਡੇ ਨਾਲ ਸੰਪਰਕ ਕਰਦੇ ਹਨ। ਸਾਡੇ ਸਟਾਫ਼ ਤੱਕ ਵੀ ਜੇਕਰ ਕੋਈ ਪਹੁੰਚਦਾ ਹੈ ਤਾਂ ਅਸੀਂ ਉਸ ਦੀ ਮਦਦ ਕਰਦੇ ਹਾਂ। ਪਹਿਲਾਂ ਉਸ ਬੰਦੇ ਦੀ ਹਿਸਟਰੀ ਜਾਣੀ ਜਾਂਦੀ ਹੈ ਤੇ ਫ਼ੈਸਲਾ ਕੀਤਾ ਜਾਂਦਾ ਹੈ ਕਿ ਕਿੱਥੇ ਘਰ ਦੇਣਾ ਚਾਹੀਦਾ ਹੈ। ਸਾਡੇ ਕੋਲ ਕੁਝ ਰੈਣ ਬਸੇਰੇ ਹਨ ਜਿਸ ਵਿਚ ਜਗ੍ਹਾ ਹੁੰਦੀ ਹੈ ਤੇ ਬੰਦੇ ਨੂੰ ਉਥੇ ਭੇਜ ਦਿੰਦੇ ਹਾਂ। ਇਸ ਤੋਂ ਇਲਾਵਾ ਟਰਬਨ ਫਾਰ ਆਸਟਰੇਲੀਆ ਸੰਸਥਾ ਹੈ ਜੋ ਗਰੌਸਰੀ 'ਚ ਸਾਡੀ ਮਦਦ ਕਰਦੀ ਹੈ। ਇਸੇ ਤਰ੍ਹਾਂ ਹੋਰ ਸੰਸਥਾਵਾਂ ਵੀ ਸਾਡੇ ਸੰਪਰਕ 'ਚ ਹਨ ਜੋ ਕੱਪੜਿਆਂ ਦਾ ਇੰਤਜ਼ਾਮ ਕਰਦੀਆਂ ਹਨ।

ਰਹਿਣ ਸਹਿਣ ਦਾ ਪੈਸਾ ਕਿੱਥੋਂ ਆਉਂਦਾ ਹੈ? 
ਦਰਅਸਲ ਅਸੀਂ ਇਸ ਫਾਰਮੂਲੇ ਤੇ ਚੱਲਦੇ ਹਾਂ ਕਿ ਇਕ ਵਿਅਕਤੀ ਨੂੰ ਘਰ ਚਾਹੀਦਾ ਤੇ ਕੋਈ ਦੂਜਾ ਵਿਅਕਤੀ ਕਿਸੇ ਦੀ ਮਦਦ ਕਰਨੀ ਚਾਹੁੰਦਾ ਹੈ। ਅਸੀਂ ਦੋਵਾਂ ਧਿਰਾਂ ਨੂੰ ਆਪਸ 'ਚ ਮਿਲਾ ਦਿੰਦੇ ਹਾਂ। ਮਦਦ ਕਰਨ ਵਾਲੇ ਲੋੜਵੰਦ ਦਾ ਰੈਂਟ ਵਗੈਰਾ ਪੇਅ ਕਰ ਦਿੰਦਾ ਹੈ। ਸਾਡਾ ਕੋਈ ਅਕਾਉਂਟ ਨਹੀਂ ਹੈ। ਇਹ ਦੋਵਾਂ ਧਿਰਾਂ ਦੀ ਆਪਸੀ ਸਹਿਮਤੀ ਹੁੰਦੀ ਹੈ।

ਸਰਕਾਰ ਕਿਸ ਰੂਪ ਵਿੱਚ ਤੁਹਾਡੀ ਮਦਦ ਕਰਦੀ ਹੈ?
ਰਿਹਾਇਸ਼ ਲੱਭਣ ਵਾਲਿਆਂ ਲਈ ਅਸੀਂ ਇੱਕ ਫਾਰਮ ਬਣਾਇਆ ਹੋਇਆ ਹੈ। ਅਸੀਂ ਲੋੜਵੰਦ ਦੀ ਡਿਟੇਲ ਲੈ ਕੇ ਸਿੰਟਰਲਿੰਕ ਕੋਲ ਭੇਜਦੇ ਹਾਂ। ਫਿਰ ਸਿੰਟਰਲਿੰਕ ਉਸ ਦਾ ਕੁਝ ਹੱਦ ਤੱਕ ਹਿੱਸਾ ਦੇ ਦਿੰਦੀ ਹੈ। ਭਾਵ ਜੇ 400 ਡਾਲਰ ਕਿਰਾਇਆ ਹੈ ਤਾਂ 200-250 ਸਿੰਟਰਲਿੰਕ ਦੇ ਦਿੰਦੀ ਹੈ। ਬਾਕੀ ਅਸੀਂ ਲੋੜਵੰਦ ਨੂੰ ਮਦਦ ਕਰਨ ਵਾਲਿਆਂ ਤੋਂ ਦਵਾਉਂਦੇ ਹਾਂ। ਸਾਡੇ ਲੋਕਲ ਮੈਂਬਰ ਅਤੇ ਪ੍ਰਧਾਨ ਮੰਤਰੀ ਨੇ ਵੀ ਸਾਡੇ ਕੰਮ ਦੀ ਤਾਰੀਫ਼ ਕੀਤੀ ਹੈ। ਮੈਂ ਪ੍ਰਧਾਨ ਮੰਤਰੀ ਨੂੰ ਮਿਲਿਆ ਸੀ ਤੇ ਕਿਹਾ ਕਿ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ ਪਰ ਉਨ੍ਹਾਂ ਲੋਕਾਂ ਲਈ ਕੀ ਕਰ ਰਹੇ ਹੋ ਜਿਨ੍ਹਾਂ ਕੋਲ ਛੱਤ ਨਹੀਂ ਹੈ। ਉਹ ਕਹਿੰਦੇ ਕੇ ਸਾਡੇ ਕੁਝ ਪ੍ਰੋਗਰਾਮ ਚੱਲ ਰਹੇ ਹਨ ਤੇ ਹੌਲੀ-ਹੌਲੀ ਸਿਸਟਮ 'ਚ ਆਉਣਗੇ। ਉਨ੍ਹਾਂ ਨੂੰ ਮੇਰਾ ਪ੍ਰਸ਼ਨ ਚੰਗਾ ਲੱਗਾ ਤੇ ਭਰੋਸਾ ਦਿਵਾਇਆ ਕਿ ਤੁਸੀਂ ਆਪਣਾ ਕੰਮ ਕਰੋ, ਅਸੀਂ ਤੁਹਾਡੀ ਮਦਦ ਕਰਾਂਗੇ। ਦਰਅਸਲ ਹਾਊਸਿੰਗ ਕੋਲ 1 ਲੱਖ ਤੋਂ ਵਧੇਰੇ ਅਰਜ਼ੀਆਂ ਪੈਂਡਿੰਗ ਹਨ। ਇਹ ਉਨ੍ਹਾਂ ਲਈ ਵੀ ਵੱਡੀ ਚੁਣੌਤੀ ਹੈ।

ਕੋਈ ਜਜ਼ਬਾਤੀ ਕੇਸ ਵੀ ਆਇਆ ਕਦੇ?
ਬਹੁਤ ਆਉਂਦੇ ਹਨ। ਇਕ ਮਾਮਲਾ ਆਇਆ ਸੀ। ਸਾਡੇ ਕੋਲ ਇਕ ਕੁੜੀ ਆਈ ਜਿਸਨੂੰ ਮੈਂ ਜਾਣਦਾ ਵੀ ਨਹੀਂ ਸੀ। ਸਟਾਫ਼ ਦਾ ਫੋਨ ਆਇਆ ਕਿ ਕੁੜੀ ਨੂੰ ਪੁਲਸ ਵਾਲੇ ਛੱਡ ਕੇ ਗਏ ਹਨ। ਕੁੜੀ ਨੇ ਹੱਡ ਬੀਤੀ ਦੱਸੀ ਕਿ ਕਿਵੇਂ ਉਹ ਸੜਕਾਂ 'ਤੇ ਰਹਿ ਰਹੀ ਹੈ। ਮੈਨੂੰ ਲੱਗਾ ਕਿ ਉਸਦੀ ਮਦਦ ਕਰਕੇ ਚੰਗਾ ਕੰਮ ਕਰ ਰਿਹਾ ਹਾਂ। ਹਾਲਾਂਕਿ ਉਹ ਕੁੜੀ ਚੰਗੇ ਪਰਿਵਾਰ ਤੋਂ ਸੀ ਪਰ ਕਿਸੇ ਕਾਰਨ ਪਰਿਵਾਰ ਤੋਂ ਵੱਖ ਰਹਿ ਰਹੀ ਸੀ। ਹਾਲਾਤ ਇਹ ਸੀ ਕਿ ਉਸ ਮਾਨਸਿਕ ਤੌਰ 'ਤੇ ਬੀਮਾਰ ਹੋ ਚੁੱਕੀ ਸੀ। ਅਸੀਂ ਹੁਣ ਤੱਕ 100 ਦੇ ਕਰੀਬ ਲੋਕਾਂ ਦੀ ਮਦਦ ਕਰ ਚੁੱਕੇ ਹਾਂ। ਜੋ ਲੋਕ ਭੁੱਖੇ ਹੁੰਦੇ ਹਨ ਉਨ੍ਹਾਂ ਨੂੰ ਭੋਜਨ ਪਹੁੰਚਾਉਂਦੇ ਹਾ।  ਦਿਵਿਆਂਗ ਲੋਕਾਂ ਨੂੰ ਘਰੇ ਰੈਂਪ ਜਾਂ ਹੋਰ ਕਿਸੇ ਤਰ੍ਹਾਂ ਦੀ ਮਦਦ ਚਾਹੀਦੀ ਹੈ ਤਾਂ ਉਹ ਵੀ ਕੀਤੀ ਜਾਂਦੀ ਹੈ।

ਵਿਦਿਆਰਥੀਆਂ ਦੇ ਪੱਖ ਤੋਂ ਆਉਂਦਿਆਂ ਸਾਰ ਰਿਹਾਇਸ਼-ਸਾਂਭ ਸੰਭਾਲ ਦੇ ਪ੍ਰਬੰਧ ਦੀ ਲੋੜ ਹੈ?
ਅਸੀਂ ਆਪਣੀ ਟੀਮ ਨਾਲ ਗੱਲ ਕੀਤੀ ਹੈ। ਸਾਡੀ ਟੀਮ ਸੋਚ ਰਹੀ ਹੈ ਕਿ ਜਿਹੜਾ ਪੰਜਾਬ ਜਾਂ ਭਾਰਤ ਤੋਂ ਆ ਰਿਹਾ ਹੈ, ਜਿਸਦਾ ਇੱਥੇ ਕੋਈ ਨਹੀਂ, ਉਸ ਨੂੰ ਹਵਾਈ ਅੱਡੇ ਤੋਂ ਫਰੀ ਪਿੱਕ ਅੱਪ ਕੀਤਾ ਜਾਵਾ। ਇਸਤੋਂ ਇਲਾਵਾ ਉਸ ਵਿਅਕਤੀ ਨੂੰ ਦੋ ਹਫ਼ਤੇ ਦਾ ਰੈਣ ਬਸੇਰਾ ਵੀ ਦਿੱਤਾ ਜਾਵੇ ਜਿਸਦਾ ਕਿਰਾਇਆ ਬਹੁਤ ਘੱਟ ਰੱਖਾਂਗੇ। 

 

 


Harnek Seechewal

Content Editor

Related News