ਦਿੱਲੀ ਧਮਾਕੇ ਤੋਂ ਬਾਅਦ ਪੰਜਾਬ ‘ਚ ਹਾਈ ਅਲਰਟ, ਫਗਵਾੜਾ ਤੇ ਕੈਂਟ ਰੇਲਵੇ ਸਟੇਸ਼ਨਾਂ ‘ਤੇ ਪੁਲਸ ਦੀ ਵਿਸ਼ੇਸ਼ ਚੈਕਿੰਗ
Wednesday, Nov 12, 2025 - 10:08 PM (IST)
ਜਲੰਧਰ (ਸੁਨੀਲ ਮਹਾਜਨ) – ਦਿੱਲੀ ‘ਚ ਹੋਏ ਭਿਆਨਕ ਬੰਬ ਧਮਾਕੇ ਤੋਂ ਬਾਅਦ ਪੰਜਾਬ ‘ਚ ਸੁਰੱਖਿਆ ਪ੍ਰਬੰਧ ਕੜੇ ਕਰ ਦਿੱਤੇ ਗਏ ਹਨ। ਡੀ.ਜੀ.ਪੀ. ਪੰਜਾਬ ਦੇ ਹੁਕਮਾਂ ਅਨੁਸਾਰ ਪੰਜਾਬ ਪੁਲਸ ਵੱਲੋਂ ਸੂਬੇ ਭਰ ‘ਚ ਹਾਈ ਅਲਰਟ ਜਾਰੀ ਕਰਕੇ ਵਿਸ਼ੇਸ਼ ਚੈਕਿੰਗ ਮੁਹਿੰਮ ਸ਼ੁਰੂ ਕੀਤੀ ਗਈ ਹੈ।
ਇਸ ਮੁਹਿੰਮ ਹੇਠ ਜੀ.ਆਰ.ਪੀ. ਦੇ ਐਸ.ਪੀ. ਸਰਵਿੰਦਰ ਸਿੰਘ ਨੇ ਪੁਲਸ ਫੋਰਸ ਸਮੇਤ ਜਲੰਧਰ ਕੈਂਟ ਅਤੇ ਫਗਵਾੜਾ ਰੇਲਵੇ ਸਟੇਸ਼ਨਾਂ ‘ਤੇ ਵਿਸ਼ੇਸ਼ ਤੌਰ ‘ਤੇ ਸੁਰੱਖਿਆ ਦੀ ਜਾਂਚ ਕੀਤੀ।
ਇਸ ਦੌਰਾਨ ਪੁਲਸ ਟੀਮ ਨੇ ਸਟੇਸ਼ਨ ‘ਤੇ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਜਾਂਚ ਕੀਤੀ, ਯਾਤਰੀਆਂ ਦੇ ਸਮਾਨ ਦੀ ਤਲਾਸ਼ੀ ਲਈ ਅਤੇ ਆਟੋ ਯੂਨੀਅਨ ਮੈਂਬਰਾਂ ਨਾਲ ਗੱਲਬਾਤ ਵੀ ਕੀਤੀ ਗਈ। ਇਸ ਤੋਂ ਇਲਾਵਾ ਕਾਰ ਪਾਰਕਿੰਗ ਖੇਤਰ ਦੀ ਵਿਸ਼ੇਸ਼ ਤਲਾਸ਼ੀ ਕੀਤੀ ਗਈ ਤਾਂ ਜੋ ਕੋਈ ਵੀ ਸ਼ਰਾਰਤੀ ਤੱਤ ਕਿਸੇ ਅਣਚਾਹੀ ਘਟਨਾ ਨੂੰ ਅੰਜਾਮ ਨਾ ਦੇ ਸਕੇ।
ਐਸ.ਪੀ. ਸਰਵਿੰਦਰ ਸਿੰਘ ਨੇ ਦੱਸਿਆ ਕਿ ਇਹ ਚੈਕਿੰਗ ਮੁਹਿੰਮ ਦਿੱਲੀ ਬੰਬ ਧਮਾਕੇ ਦੇ ਮੱਦੇਨਜ਼ਰ ਸੁਰੱਖਿਆ ਕਾਰਣਾਂ ਨਾਲ ਸ਼ੁਰੂ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਧਮਾਕੇ ‘ਚ ਮਾਰੇ ਗਏ ਲੋਕਾਂ ਦੀ ਆਤਮਿਕ ਸ਼ਾਂਤੀ ਲਈ ਪ੍ਰਾਰਥਨਾ ਕੀਤੀ ਗਈ ਹੈ ਅਤੇ ਇਹ ਜਾਂਚ ਅਭਿਆਨ ਅੱਗੇ ਵੀ ਜਾਰੀ ਰਹੇਗਾ।
ਉਨ੍ਹਾਂ ਦੱਸਿਆ ਕਿ ਜੀ.ਆਰ.ਪੀ. ਪੁਲਸ ਵੱਲੋਂ 1 ਜਨਵਰੀ 2025 ਤੋਂ 10 ਨਵੰਬਰ 2025 ਤੱਕ ਵੱਡੀ ਮਾਤਰਾ ਵਿੱਚ ਨਸ਼ੀਲੇ ਪਦਾਰਥ ਜ਼ਬਤ ਕਰਕੇ ਕਈ ਅਪਰਾਧੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਅੰਤ ਵਿੱਚ ਐਸ.ਪੀ. ਨੇ ਰੇਲਵੇ ਯਾਤਰੀਆਂ ਨੂੰ ਅਪੀਲ ਕੀਤੀ ਕਿ ਜੇਕਰ ਕਿਸੇ ਨੂੰ ਕੋਈ ਸ਼ੱਕੀ ਵਿਅਕਤੀ ਜਾਂ ਬੇਸਹਾਰਾ ਸਮਾਨ ਦਿੱਖੇ, ਤਾਂ ਤੁਰੰਤ ਜੀ.ਆਰ.ਪੀ. ਚੌਕੀ ਫਗਵਾੜਾ ਨਾਲ ਸੰਪਰਕ ਕਰੋ, ਤਾਂ ਜੋ ਕਿਸੇ ਵੀ ਅਣਚਾਹੀ ਘਟਨਾ ਨੂੰ ਰੋਕਿਆ ਜਾ ਸਕੇ।
