ਆਸਟ੍ਰੇਲੀਆ 'ਚ ਪੰਜਾਬੀ ਕੌਂਸਲਰ ਤੇ ਨਸਲੀ ਟਿੱਪਣੀ ਕਰਨ ਵਾਲੇ ਨੇ ਮੰਗੀ ਮੁਆਫੀ

11/16/2018 11:57:07 AM

ਐਡੀਲੈਂਡ (ਏਜੰਸੀ)— ਪੰਜਾਬੀਆਂ ਨੇ ਆਪਣੀ ਯੋਗਤਾ ਦੇ ਆਧਾਰ 'ਤੇ ਵਿਦੇਸ਼ਾਂ ਵਿਚ ਝੰਡੇ ਗੱਡੇ ਹਨ। ਪਰ ਅਕਸਰ ਉਨ੍ਹਾਂ ਨੂੰ ਨਸਲੀ ਟਿੱਪਣੀ ਦਾ ਸ਼ਿਕਾਰ ਹੋਣਾ ਪਿਆ ਹੈ। ਅਜਿਹੇ ਹੀ ਸਾਹਮਣੇ ਆਏ ਇਕ ਮਾਮਲੇ ਵਿਚ ਪੰਜਾਬੀ ਮੂਲ ਦੇ ਸ਼ਖਸ 'ਤੇ ਟਿੱਪਣੀ ਕਰਨ ਵਾਲੇ ਵਿਅਕਤੀ ਨੇ ਹੁਣ ਮੁਆਫੀ ਮੰਗੀ ਹੈ। ਦੱਖਣੀ ਆਸਟ੍ਰੇਲੀਆ ਦੇ ਕਸਬਾ ਪੋਰਟ ਅਗਸਤਾ ਤੋਂ ਕੌਂਸਲਰ ਚੁਣੇ ਸੰਨੀ ਸਿੰਘ ਨੂੰ ਉੱਥੋਂ ਦੇ ਵਸਨੀਕਾਂ ਨੇ ਸੋਸ਼ਲ ਮੀਡੀਆ ਰਾਹੀਂ ਵਧਾਈ ਦਿੱਤੀ। ਕੌਂਸਲਰ ਨੂੰ ਵਧਾਈ ਦੇਣ ਵਾਲਿਆਂ ਵਿਚ ਉਹ ਵਿਅਕਤੀ ਵੀ ਸ਼ਾਮਲ ਹੈ ਜਿਸ ਨੇ ਸੰਨੀ ਸਿੰਘ ਬਾਰੇ ਨਸਲੀ ਟਿੱਪਣੀ ਕੀਤੀ ਸੀ। 

ਬੀਤੇ ਮਹੀਨੇ ਟਰੱਕ ਡਰਾਈਵਰ ਗਰਾਂਟ ਮੋਰੋਨੀ ਨੇ ਸੰਨੀ ਸਿੰਘ ਦੇ ਬੈਨਰ 'ਤੇ ਛਪੀ ਸਿੱਖੀ ਪਹਿਰਾਵੇ ਵਾਲੀ ਉਸ ਦੀ ਤਸਵੀਰ ਪ੍ਰਤੀ ਭੱਦੀ ਸ਼ਬਦਾਵਲੀ ਵਰਤਦਿਆਂ ਨਸਲੀ ਟਿੱਪਣੀ ਦੀ ਵੀਡੀਓ ਕਲਿੱਪ ਸੋਸ਼ਲ ਮੀਡੀਆ 'ਤੇ ਅਪਲੋਡ ਕੀਤੀ ਸੀ। ਅੱਜ ਉਸ ਨੇ ਵੀ ਸੰਨੀ ਸਿੰਘ ਦੇ ਪੋਰਟ ਅਗਸਤਾ ਦੇ ਦਫਤਰ ਪੁੱਜ ਕੇ ਕੌਂਸਲ ਚੋਣਾਂ ਜਿੱਤਣ ਦੀ ਵਧਾਈ ਦਿੱਤੀ। ਇਸ ਦੇ ਨਾਲ ਹੀ ਸਿੱਖ ਭਾਈਚਾਰੇ ਬਾਰੇ ਟਿੱਪਣੀ ਕਰਨ ਦੀ ਗਲਤੀ ਵੀ ਮੰਨੀ। ਇਸ ਮੌਕੇ ਸੰਨੀ ਸਿੰਘ ਨੇ ਇਕ ਅੰਗਰੇਜ਼ੀ ਅਖਬਾਰ ਨਾਲ ਗੱਲ ਕਰਦਿਆਂ ਦੱਸਿਆ ਕਿ ਗਰਾਂਟ ਮੋਰੋਨੀ ਨੂੰ ਸਿੱਖ ਧਰਮ ਅਤੇ ਸਿੱਖ ਭਾਈਚਾਰੇ ਬਾਰੇ ਜ਼ਿਆਦਾ ਪਤਾ ਨਹੀਂ ਹੈ। ਉਨ੍ਹਾਂ ਗਰਾਂਟ ਮੋਰੋਨੀ ਨੂੰ ਸਿੱਖ ਧਰਮ ਤੇ ਭਾਈਚਾਰੇ ਬਾਰੇ ਸੰਖੇਪ ਵਿਚ ਦੱਸਿਆ। ਜਿਸ ਕਾਰਨ ਉਸ ਨੇ ਸਿੱਖੀ ਇਤਿਹਾਸ ਜਾਣਨ ਵਿਚ ਦਿਲਚਸਪੀ ਦਿਖਾਈ। 

ਇੱਥੇ ਦੱਸਣਯੋਗ ਹੈ ਕਿ ਨਸਲੀ ਟਿੱਪਣੀ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਨਾਲ ਸੰਨੀ ਸਿੰਘ ਤੇ ਉਸ ਦੇ ਪਰਿਵਾਰ ਨੂੰ ਕਫੀ ਧੱਕਾ ਲੱਗਿਆ ਸੀ ਪਰ ਉਨ੍ਹਾਂ ਟਰੱਕ ਡਰਾਈਵਰ ਵਿਰੁੱਧ ਕੋਈ ਵੀ ਕਾਰਵਾਈ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਉਂਝ ਇਸ ਨਸਲੀ ਟਿੱਪਣੀ ਦਾ ਆਸਟ੍ਰੇਲੀਆਈ ਲੋਕਾਂ ਨੇ ਸੋਸ਼ਲ ਮੀਡੀਆ 'ਤੇ ਕਾਫੀ ਵਿਰੋਧ ਕੀਤਾ। ਆਸਟ੍ਰੇਲੀਆਈ ਪੁਲਸ ਨੇ ਵੀਡੀਓ ਕਲਿਪ ਦੇ ਆਧਾਰ 'ਤੇ ਟਰੱਕ ਡਰਾਈਵਰ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਸੀ। ਗਰਾਂਟ ਮੋਰੋਨੀ ਨੂੰ ਜਿੱਥੇ ਟਰੱਕ ਚਲਾਉਂਦੇ ਸਮੇਂ ਮੋਬਾਇਲ ਵਰਤਣ ਦੇ ਮਾਮਲੇ ਵਿਚ ਜੁਰਮਾਨਾ ਕੀਤਾ ਗਿਆ ਸੀ ਉੱਥੇ ਆਸਟ੍ਰੇਲੀਆਈ ਗੈਸ ਕੰਪਨੀ ਨੇ ਉਸ ਨਾਲ ਢੋਆ-ਢੁਆਈ ਲਈ ਕੀਤੇ ਇਕਰਾਰ ਵੀ ਰੱਦ ਕਰ ਦਿੱਤੇ ਸਨ।


Vandana

Content Editor

Related News