ਆਸਟ੍ਰੇਲੀਆ : ਸਿੱਖ ਭਾਈਚਾਰੇ ਨੇ ਲੋਕ ਭਲਾਈ ਲਈ 14,000 ਡਾਲਰ ਦਾ ਕੀਤਾ ਦਾਨ

10/11/2020 12:55:48 PM

ਬ੍ਰਿਸਬੇਨ, (ਸੁਰਿੰਦਰਪਾਲ ਸਿੰਘ ਖੁਰਦ, ਸਤਵਿੰਦਰ ਟੀਨੂੰ)- ਗੁਰੂ ਨਾਨਕ ਸਿੱਖ ਟੈਂਪਲ ਇਨਾਲਾ ਵਿਖੇ ਪ੍ਰਧਾਨ ਅਮਰਜੀਤ ਸਿੰਘ ਮਾਹਿਲ ਸਮੂਹ ਕਮੇਟੀ ਤੇ ਸੰਗਤਾਂ ਦੇ ਭਰਪੂਰ ਸਹਿਯੋਗ ਨਾਲ ਧਾਰਮਿਕ ਸਮਾਗਮ ਆਯੋਜਿਤ ਕੀਤਾ ਗਿਆ।, ਜਿਸ 'ਚ ਹਰਕੀਰਤ ਸਿੰਘ ਦੇ ਪੰਥ ਪ੍ਰਸਿੱਧ ਰਾਗੀ ਤੇ ਢਾਡੀ ਜੱਥਿਆਂ ਵਲੋਂ ਗੁਰਬਾਣੀ ਦੇ ਰਸਭਿੰਨੇ ਕੀਰਤਨ ਤੇ ਕਥਾ ਵਿਚਾਰਾਂ ਦੁਆਰਾ ਗੁਰੂ ਜਸ ਨਾਲ ਸਾਂਝ ਪਾਉਂਦਿਆਂ ਸੰਗਤਾਂ ਨੂੰ ਨਿਹਾਲ ਕੀਤਾ।

ਇਸ ਮੌਕੇ ਵਿਸ਼ੇਸ਼ ਤੌਰ 'ਤੇ ਬ੍ਰਿਸਬੇਨ ਦੇ ਲਾਰਡ ਮੇਅਰ ਐਡਰੀਅਨ ਸ਼ਰਾਈਨਾ, ਕੌਂਸਲਰ ਕਿਮ ਮਾਰਕਸ ਤੇ ਜੌਹਨ ਵਾਲਟਰ ਗੁਰੂ ਘਰ ਵਿਖੇ ਨਤਮਸਤਕ ਹੋਏ। ਗੁਰੂ ਨਾਨਕ ਸਿੱਖ ਟੈਂਪਲ ਇਨਾਲਾ ਦੇ ਪ੍ਰਧਾਨ ਅਮਰਜੀਤ ਸਿੰਘ ਮਾਹਿਲ, ਪ੍ਰੀਤਮ ਸਿੰਘ ਝੱਜ ਉੱਪ ਪ੍ਰਧਾਨ, ਜਰਨੈਲ ਸਿੰਘ ਬਾਸੀ, ਹਰਜਿੰਦਰ ਸਿੰਘ ਰੰਧਾਵਾ,  ਗੁਰਦੀਪ ਸਿੰਘ ਮਲਹੋਤਰਾ, ਰੇਸ਼ਮ ਸਿੰਘ ਖੱਖ, ਸੇਵਾ ਸਿੰਘ ਤੇ ਬੀਬੀ ਕਿਰਨ ਕੌਰ, ਦਲਵੀਰ ਹਲਵਾਰਵੀ ਤੇ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸਿੱਖ ਸੰਗਤਾਂ ਦੇ ਸਹਿਯੋਗ ਨਾਲ 13,000 ਡਾਲਰ ਅਤੇ  ਗੁਰਦੁਆਰਾ ਸਾਹਿਬ ਬ੍ਰਿਸਬੇਨ ਲੋਗਨ ਰੋਡ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਧਰਮਪਾਲ ਸਿੰਘ ਜੌਹਲ, ਅਵਨਿੰਦਰ ਸਿੰਘ ਲਾਲੀ ਉਪ ਪ੍ਰਧਾਨ ਤੇ ਗੁਰਪ੍ਰੀਤ ਸਿੰਘ ਬੱਲ ਵਲੋਂ 1000 ਡਾਲਰ ਦਾ ਚੈੱਕ ਬ੍ਰਿਸਬੇਨ ਦੇ ਲਾਰਡ ਮੇਅਰ ਐਡਰੀਨ ਸ਼ਰਾਈਨਾ ਨੂੰ ਰੂਲਰ ਏਡ ਲਈ ਕੁਦਰਤੀ ਆਫ਼ਤਾਂ ਸਮੇਂ ਪੀੜਤ ਲੋਕਾਂ ਨੂੰ ਰਾਹਤ ਕਾਰਜਾਂ ਵਿਚ ਮਦਦ ਮੁਹੱਈਆ ਕਰਵਾਉਣ ਦੇ ਲਈ ਭੇਟ ਕੀਤਾ ਗਿਆ। 

PunjabKesari
ਪ੍ਰਧਾਨ ਅਮਰਜੀਤ ਸਿੰਘ ਮਾਹਿਲ ਤੇ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਕਿਰਤ ਕਰੋ, ਵੰਡ ਕੇ ਛਕੋ, ਸੱਚਾ-ਸੁੱਚਾ ਜੀਵਨ ਜਿਊਣ ਤੇ ਗੁਰੂ ਸਾਹਿਬਾਨ ਵਲੋਂ ਚਲਾਈ ਗਈ ਲੰਗਰ ਪ੍ਰਥਾ, ਅਧਿਆਤਮਕ ਜੀਵਨ ਫ਼ਲਸਫੇ, ਸਿੱਖਿਆਵਾ ਬਾਰੇ ਵਿਸ਼ੇਸ਼ ਤੋਰ 'ਤੇ ਗੌਰਵਮਈ ਕੁਰਬਾਨੀਆ ਭਰੇ ਸਿੱਖ ਇਤਿਹਾਸ ਦੀ ਮੌਲਿਕਤਾ ਤੇ ਵਿਲੱਖਣਤਾ, ਗੁਰੂ ਸਾਹਿਬਾਨ ਜੀ ਦੇ ਸਾਂਝੀਵਾਲਤਾ ਦੇ ਸੰਦੇਸ਼ ਨੂੰ ਲਾਰਡ ਮੇਅਰ ਤੇ ਸੰਗਤਾਂ ਨਾਲ ਸਾਂਝਾ ਕੀਤਾ। ਇਸ ਮੌਕੇ ਬ੍ਰਿਸਬੇਨ ਦੇ ਲਾਰਡ ਮੇਅਰ ਐਡਰੀਨ ਸ਼ਰਾਈਨਾ, ਕੌਂਸਲਰ ਕਿਮ ਮਾਰਕਸ, ਜੌਹਨ ਵਾਲਟਰ ਵਲੋਂ ਸਮੂਹ ਗੁਰੂ ਘਰ ਕਮੇਟੀਆ ਤੇ ਸਿੱਖ ਸੰਗਤਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਗੁਰੂ ਸਾਹਿਬਾਨ ਜੀ ਦੇ ਸਾਂਝੀਵਾਲਤਾ ਦੇ ਦਰਸਾਏ ਹੋਏ ਮਾਰਗ ਅਤੇ ਸਿੱਖਿਆਵਾ ਤੇ ਚੱਲ ਕੇ ਸਮੁੱਚੀ ਮਨੁੱਖਤਾ ਦੇ ਭਲਾਈ ਲਈ ਵਿਦੇਸ਼ਾਂ ਵਿਚ ਵੱਸਦੇ ਬਹੁ-ਸੱਭਿਅਕ ਸਮਾਜ ਵਿਚ ਭਾਈਚਾਰਿਕ ਏਕਤਾ ਤੇ ਮਿਲਵਰਤਣ ਦੇ ਨਾਲ ਨਰੋਏ ਸਮਾਜ ਦੀ ਸਿਰਜਣਾ ਕੀਤੀ ਜਾ ਸਕਦੀ ਹੈ, ਜੋ ਕਿ ਅਜੋਕੇ ਦੌਰ ਵਿਚ ਬਹੁਤ ਹੀ ਜ਼ਰੂਰੀ ਹੈ।

ਸਿੱਖ ਭਾਈਚਾਰੇ ਵਲੋਂ ਕੁਦਰਤੀ ਆਫਤਾਂ ਵਿਚ ਪੀੜਤ ਲੋਕਾਂ ਲਈ ਰਾਹਤ ਕਾਰਜਾਂ ਵਿਚ ਮਦਦ ਮੁਹੱਈਆ ਕਰਵਾਉਣ ਦੇ ਕਾਰਜਾਂ ਦੀ ਹਰ ਪਾਸੇ ਪ੍ਰਸ਼ੰਸਾ ਕੀਤੀ ਜਾ ਰਹੀ ਹੈ।ਇਸ ਸਮਾਗਮ ਵਿਚ ਸਿੱਖ ਸੰਗਤਾਂ ਤੋਂ ਇਲਾਵਾ ਸ਼ਹਿਰ ਦੀਆਂ ਸਿਆਸੀ, ਸਮਾਜਿਕ, ਸਾਹਿਤਕ ਅਤੇ ਧਾਰਮਿਕ ਖੇਤਰਾਂ ਨਾਲ ਜੁੜੀਆਂ ਸ਼ਖਸੀਅਤਾਂ ਨੇ ਵੀ ਹਾਜ਼ਰੀ ਭਰੀ। ਮੰਚ ਸੰਚਾਲਨ ਦੀ ਕਾਰਵਾਈ ਹਰਜਿੰਦਰ ਸਿੰਘ ਰੰਧਾਵਾ ਤੇ ਦਲਵੀਰ ਹਲਵਾਰਵੀ ਵਲੋ ਨਿਭਾਈ ਗਈ। ਇਸ ਮੌਕੇ ਗੁਰੂ ਕਾ ਅਤੁੱਟ ਲੰਗਰ ਵੀ ਵਰਤਾਇਆ ਗਿਆ।


 


Lalita Mam

Content Editor

Related News