ਆਸਟ੍ਰੇਲੀਆ : ਕੁਇਨਬੀਨ ਕੌਂਸਲ ਚੋਣਾਂ 'ਚ ਕਿਸਮਤ ਅਜਮਾਏਗਾ ਮੁਕਤਸਰੀਆ ਪੰਜਾਬੀ ਨੌਜਵਾਨ 'ਕੈਮੀ'

Thursday, Jul 22, 2021 - 02:56 PM (IST)

ਆਸਟ੍ਰੇਲੀਆ : ਕੁਇਨਬੀਨ ਕੌਂਸਲ ਚੋਣਾਂ 'ਚ ਕਿਸਮਤ ਅਜਮਾਏਗਾ ਮੁਕਤਸਰੀਆ ਪੰਜਾਬੀ ਨੌਜਵਾਨ 'ਕੈਮੀ'

ਸਿਡਨੀ (ਰਮਨਦੀਪ ਸਿੰਘ ਸੋਢੀ): ਪੰਜਾਬੀ ਭਾਈਚਾਰਾ ਦੁਨੀਆ ਦੇ ਹਰ ਖੇਤਰ ਵਿਚ ਆਪਣਾ ਯੋਗਦਾਨ ਪਾ ਰਿਹਾ ਹੈ। ਕਿਹਾ ਜਾਂਦਾ ਹੈ ਕਿ ਮੁਕਤਸਰ ਦੇ ਪਾਣੀਆਂ ਵਿੱਚ ਹੀ ਰਾਜਨੀਤੀ ਘੁਲੀ ਹੋਈ ਹੈ ਇਸੇ ਕਰਕੇ ਜਿਹੜਾ ਮੁਕਤਸਰ ਦਾ ਪਾਣੀ ਪੀਂਦਾ ਹੈ, ਉਹ ਰਾਜਨੀਤਕ ਪਿੜ ਦਾ ਸ਼ਾਹ-ਅਸਵਾਰ ਬਣਨ ਦੀ ਕੋਸ਼ਿਸ਼ ਕਰਦਾ ਹੈ। ਆਸਟ੍ਰੇਲੀਆ ਦੀ ਰਾਜਨੀਤੀ ਵਿੱਚ ਸਭ ਤੋਂ ਪਹਿਲਾਂ ਮੁਕਤਸਰ ਦੇ ਹੀ ਲਖਵਿੰਦਰ ਬਰਾੜ ਦੇ ਭਤੀਜੇ ਗੱਭਰੂ ਗੋਲਡੀ ਬਰਾੜ ਨੇ ਲਿਬਰਲ ਪਾਰਟੀ ਵੱਲੋਂ ਚੋਣ ਲੜਦਿਆਂ ਹਲਚਲ ਮਚਾਈ ਸੀ ਅਤੇ ਹੁਣ ਉਸੇ ਮੁਕਤਸਰ ਦੇ ਕਮਲਜੀਤ ਸੰਧੂ (ਕੈਮੀ) ਨੂੰ ਲੇਬਰ ਪਾਰਟੀ ਨੇ ਚੋਣ ਮੈਦਾਨ ਵਿੱਚ ਉਤਾਰਿਆ ਹੈ।

ਲੇਬਰ ਪਾਰਟੀ ਨੇ ਉਸ ਨੂੰ ਕੁਇਨਬੀਨ ਕੌਂਸਲ ਦੀਆਂ ਚੋਣਾਂ ਵਿੱਚ ਆਪਣੇ ਉਮੀਦਵਾਰ ਵਜੋਂ ਪੰਜਵੇਂ ਨੰਬਰ ’ਤੇ ਉਤਾਰਿਆ ਹੈ।ਪਹਿਲਾਂ ਉਸ ਨੂੰ ਸੱਤਵੇਂ ਨੰਬਰ ਲਈ ਨਾਮਜ਼ਦ ਕੀਤਾ ਸੀ ਪਰ ਜਦੋਂ ਭਾਈਚਾਰੇ ਦਾ ਹੁੰਗਾਰਾ ਵੇਖਿਆ ਤਾਂ ਉਸਦੀ ਪਦਉੱਨਤੀ ਕਰਕੇ ਉਸ ਨੂੰ ਪੰਜਵੇਂ ਨੰਬਰ ’ਤੇ ਪੌੜੀ ਚੜ੍ਹਾ ਦਿੱਤਾ ਗਿਆ।ਕੁਇਨਬੀਨ ਕੌਂਸਲ ਵਿੱਚ ਕੁੱਲ ਗਿਆਰਾਂ ਕੌਂਸਲਰ ਚੁਣੇ ਜਾਂਦੇ ਹਨ।ਪਿਛਲੇ ਕੁਝ ਸਮੇਂ ਵਿੱਚ ਪੰਜਾਬੀ ਭਾਈਚਾਰੇ ਨੇ ਇਸ ਇਲਾਕੇ ਵਿੱਚ ਭਾਰੀ ਗਿਣਤੀ ਵਿੱਚ ਪਰਵਾਸ ਕੀਤਾ ਹੈ ਅਤੇ ਜੇ ਸਮੁੱਚਾ ਭਾਈਚਾਰਾ ਇੱਕ-ਜੁੱਟ ਹੋ ਕੇ ਲੇਬਰ ਪਾਰਟੀ ਦੇ ਹੱਕ ਵਿੱਚ ਭੁਗਤਦਾ ਹੈ ਤਾਂ ਕੈਮੀ ਨੂੰ ਕੌਂਸਲ ਦੀਆਂ ਪੌੜੀਆਂ ਚੜ੍ਹਨੋਂ ਕੋਈ ਨਹੀਂ ਰੋਕ ਸਕਦਾ।ਕੈਮੀ ਨੂੰ ਕੌਂਸਲ ਵਿੱਚ ਪੁਚਾਉਣ ਲਈ ਲੇਬਰ ਨੂੰ ਕੁੱਲ ਪਈਆਂ ਵੋਟਾਂ ਵਿੱਚੋਂ ਲੱਗਭਗ ਅੱਧੀਆਂ ਵੋਟਾਂ ਲੈਣੀਆਂ ਪੈਣਗੀਆਂ।

ਪੜ੍ਹੋ ਇਹ ਅਹਿਮ ਖਬਰ- ਆਸਟ੍ਰੇਲੀਆ ਨੇ ਇੱਕ ਹਫ਼ਤੇ 'ਚ 10 ਲੱਖ ਟੀਕਾਕਰਨ ਦੇ ਟੀਚੇ ਨੂੰ ਕੀਤਾ ਪੂਰਾ : ਮੌਰੀਸਨ

ਕੁਇਨਬੀਨ ਇਲਾਕੇ ਵਿੱਚ ਵੱਸਦੇ ਪੰਜਾਬੀ ਭਾਈਚਾਰੇ ਦੀ ਤਾਰੀਫ਼ ਕਰਨੀ ਹੋਵੇਗੀ ਜੋ ਉਨ੍ਹਾਂ ਨੇ ਸਾਂਝੇ ਥਾਂ ਬਹਿ ਕੇ ਇਹ ਫ਼ੈਸਲਾ ਕੀਤਾ ਕਿ ਸਾਡੇ ਭਾਈਚਾਰੇ ਵੱਲੋਂ ਇੱਕੋ ਹੀ ਉਮੀਦਵਾਰ ਚੋਣ ਲੜੇਗਾ ਤਾਂ ਜੋ ਭਾਈਚਾਰੇ ਦੀ ਵੋਟ ਬੱਝਵੀਂ ਪਵੇ। ਨੌਜਵਾਨ ਮਨਪ੍ਰੀਤ ਸਿੰਘ (ਲੱਕੀ ਚੀਮਾ) ਵੀ ਸ਼ਾਬਾਸ਼ੀ ਦਾ ਹੱਕਦਾਰ ਹੈ ਜਿਸ ਨੇ ਗੁਰੂ ਆਸ਼ੇ ਮੁਤਾਬਕ ਅਤੇ ਭਾਈਚਾਰੇ ਦੀਆਂ ਭਾਵਨਾਵਾਂ ਦਾ ਸਤਿਕਾਰ ਕਰਦਿਆਂ ਚੋਣ ਵਿੱਚੋਂ ਆਪਣਾ ਨਾਂ ਵਾਪਸ ਲੈਣ ਦਾ ਫ਼ੈਸਲਾ ਕੀਤਾ ਹੈ।ਸਾਡੇ ਭਾਈਚਾਰੇ ਲਈ ਏਹ ਵੀ ਇੱਕ ਸ਼ੁਭ ਸ਼ਗ਼ਨ ਹੈ ਕਿ ਅਸੀਂ ਆਪੋ ਵਿੱਚ ਮੁਕਾਬਲੇਬਾਜ਼ੀ ਤੋਂ ਪਰਹੇਜ਼ ਕੀਤਾ ਹੈ।ਭਾਈਚਾਰੇ ਦੀਆਂ ਸ਼ੁੱਭ-ਇੱਛਾਵਾਂ ਕੈਮੀ ਦੇ ਨਾਲ ਹਨ ਅਤੇ ਆਸ ਕੀਤੀ ਜਾ ਰਹੀ ਹੈ ਕਿ ਉਹ ਆਪਣੀ ਮਿਹਨਤ ਸਦਕਾ ਮੁਕਤਸਰ ਦੇ ਪਵਿੱਤਰ ਪਾਣੀਆਂ ਦੀ ਲੱਜ ਰੱਖ ਵਿਖਾਵੇਗਾ।


author

Vandana

Content Editor

Related News