ਆਸਟ੍ਰੇਲੀਆ 'ਚ ਖੇਤੀ ਬਿੱਲਾਂ ਦੇ ਵਿਰੋਧ ਵਿਚ ਰੋਸ ਪ੍ਰਦਰਸ਼ਨ

Sunday, Oct 04, 2020 - 02:50 PM (IST)

ਆਸਟ੍ਰੇਲੀਆ 'ਚ ਖੇਤੀ ਬਿੱਲਾਂ ਦੇ ਵਿਰੋਧ ਵਿਚ ਰੋਸ ਪ੍ਰਦਰਸ਼ਨ

 ਬ੍ਰਿਸਬੇਨ, (ਸੁਰਿੰਦਰਪਾਲ ਸਿੰਘ ਖੁਰਦ)- ਆਸਟ੍ਰੇਲੀਆ ਦੇ ਸ਼ਹਿਰ ਬ੍ਰਿਸਬੇਨ ਦੇ ਗੁਰਦੁਆਰਾ ਸਾਹਿਬ ਬ੍ਰਿਸਬੇਨ ਲੋਗਨ ਰੋਡ ਵਿਖੇ ਵੱਡੀ ਗਿਣਤੀ ਵਿਚ ਇਕੱਠੀਆਂ ਹੋਈਆਂ ਸੰਗਤਾਂ ਵੱਲੋਂ ਭਾਰਤ ਦੀ ਮੋਦੀ ਸਰਕਾਰ ਵਲੋਂ ਪਾਸ ਕੀਤੇ ਗਏ ਖੇਤੀ ਬਿੱਲਾਂ ਦੇ ਵਿਰੋਧ ਵਿੱਚ ਰੋਸ ਪ੍ਰਦਰਸ਼ਨ ਕੀਤਾ ਗਿਆ। 


ਇਸ ਵਿਰੋਧ ਪ੍ਰਦਰਸ਼ਨ ਨੂੰ ਸੰਬੋਧਨ ਕਰਦਿਆਂ ਪ੍ਰਣਾਮ ਸਿੰਘ ਹੇਅਰ, ਸੁਰਿੰਦਰ ਸਿੰਘ ਸੈਕਟਰੀ, ਤੇਜਪਾਲ ਸਿੰਘ, ਰਣਬੀਰ ਸਿੰਘ, ਵਕੀਲ ਹਮੇਸ਼ ਮਿੱਤਲ ਆਦਿ ਵਲੋਂ ਆਪਣੀਆਂ-ਆਪਣੀਆਂ ਤਕਰੀਰਾਂ 'ਚ ਕਿਹਾ ਕਿ ਦੇਸ਼ ਦੀ ਅਜ਼ਾਦੀ ਤੋ ਹੀ ਪੰਜਾਬ, ਪੰਜਾਬੀ ਤੇ ਪੰਜਾਬੀਅਤ ਨਾਲ ਵਿਤਕਰਾ ਕੀਤਾ ਜਾ ਰਿਹਾ ਹੈ,  ਕੇਂਦਰ ਦੀ ਮੋਦੀ ਸਰਕਾਰ ਵਲੋਂ ਪਾਸ ਕੀਤੇ ਗਏ ਖੇਤੀ ਆਰਡੀਨੈਂਸ/ ਬਿੱਲ ਭਾਰਤੀ ਲੋਕਤੰਤਰ ਦੇ ਇਤਿਹਾਸ ਵਿੱਚ ਕਾਲੇ ਅੱਖਰਾਂ ਵਿਚ ਲਿਖਿਆ ਜਾਵੇਗਾ। 

ਇਨ੍ਹਾਂ ਬਿੱਲਾਂ ਨਾਲ ਪੰਜਾਬ ਦੀ ਕਿਸਾਨੀ ਤੇ ਜਵਾਨੀ ਤਬਾਹ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਕਾਰਪੋਰੇਟ ਘਰਾਣਿਆਂ ਨੂੰ ਫਾਇਦਾ ਪਹੁੰਚਾਉਣ ਲਈ ਸਾਡੇ ਪੁਰਖਿਆਂ ਦੀਆਂ ਖੂਨ ਪਸੀਨੇ ਨਾਲ ਬਣਾਈਆ ਜ਼ਮੀਨਾਂ ਨੂੰ ਜਬਰੀ ਖੋਹ ਰਹੀ ਹੈ। ਪ੍ਰਵਾਸੀ ਭਾਈਚਾਰਾ ਪੰਜਾਬ ਵੱਸਦੇ ਭਰਾਵਾਂ ਨਾਲ ਇਸ ਕਾਲੇ ਕਾਨੂੰਨ ਤੋਂ ਜ਼ਮੀਨਾਂ ਨੂੰ ਬਚਾਉਣ ਲਈ ਮੋਢੇ ਨਾਲ ਮੋਢਾ ਲਾ ਕੇ ਮਦਦ ਕਰੇਗਾ ਤੇ ਭਾਰਤੀ ਹਾਈ ਕਮਿਸ਼ਨ ਨੂੰ ਮੰਗ ਪੱਤਰ ਵੀ ਦੇਵੇਗਾ।

 ਉਨ੍ਹਾਂ ਕਿਹਾ ਕਿ ਮੁਲਕ ਦੀ ਕਿਸਾਨੀ, ਅਰਥਚਾਰੇ ਨੂੰ ਬੁਚਾਉਣ ਤੇ ਪੰਜਾਬੀਅਤ ਦੇ ਲੋਕ ਪੱਖੀ ਮੁੱਦਿਆਂ ਲਈ ਸਾਰੀਆ ਸਿਆਸੀ ਜਮਾਤਾ ਤੇ ਕਿਸਾਨ ਜਥੇਬੰਦੀਆਂ ਨੂੰ ਇਕਜੁੱਟ ਤੇ ਸੁਹਿਰਦ ਹੋ ਕੇ ਬਿੱਲ ਰੱਦ ਕਰਵਾਉਣ ਲਈ ਕੇਂਦਰ ਸਰਕਾਰ ਵਿਰੁੱਧ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰਧਾਨ ਧਰਮਪਾਲ ਸਿੰਘ ਜੌਹਲ, ਪ੍ਰਣਾਮ ਸਿੰਘ ਹੇਅਰ,  ਸੁਰਿੰਦਰ ਸਿੰਘ ਸੈਕਟਰੀ, ਗੁਰਦੀਪ ਸਿੰਘ ਨਿੱਝਰ, ਸੁਖਦੇਵ ਸਿੰਘ ਸਾਬਕਾ ਪ੍ਰਧਾਨ, ਗੁਰਪ੍ਰੀਤ ਸਿੰਘ ਬੱਲ, ਸੋਹਣ ਸਿੰਘ ਸਹੋਤਾ, ਮਾਝਾ ਕਲੱਬ  ਦੇ ਅਹੁਦੇਦਾਰਾਂ ਸਮੇਤ ਹੋਰ ਵੀ ਸੰਗਤਾਂ ਹਾਜ਼ਰ ਸਨ।


author

Lalita Mam

Content Editor

Related News