ਆਸਟ੍ਰੇਲੀਆ : 3 ਕੁੜੀਆਂ ਨੇ ਅਪਾਹਜ ਵਿਅਕਤੀ ''ਤੇ ਕੀਤਾ ਹਮਲਾ
Thursday, Jan 31, 2019 - 05:02 PM (IST)

ਸਿਡਨੀ (ਬਿਊਰੋ)— ਆਸਟ੍ਰੇਲੀਆ ਦੇ ਸ਼ਹਿਰ ਐਡੀਲੇਡ ਦੇ ਉਪ ਨਗਰਾਂ ਵਿਚ ਪੁਲਸ ਤਿੰਨ ਨਾਬਾਲਗ ਕੁੜੀਆਂ ਦੀ ਭਾਲ ਕਰ ਰਹੀ ਹੈ। ਜਾਣਕਾਰੀ ਮੁਤਾਬਕ ਇੰਨਾਂ ਤਿੰਨ ਕੁੜੀਆਂ ਨੇ ਇਕ ਅਪਾਹਜ ਵਿਅਕਤੀ 'ਤੇ ਹਮਲਾ ਕੀਤਾ ਸੀ। ਤਸਵੀਰ ਵਿਚ ਦੇਖਿਆ ਜਾ ਸਕਦਾ ਹੈ ਕਿ ਵਿਅਕਤੀ ਜ਼ਮੀਨ 'ਤੇ ਲੇਟਿਆ ਹੋਇਆ ਹੈ ਅਤੇ ਉਸ ਨੇ ਆਪਣੇ ਸਿਰ ਨੂੰ ਹੇਠਾਂ ਕੀਤਾ ਹੋਇਆ ਹੈ ਤੇ ਰੋ ਰਿਹਾ ਹੈ। ਉੱਧਰ ਹਮਲਾਵਰ ਕੁੜੀਆਂ ਚੀਕਦੇ ਹੋਏ ਉਸ ਨੂੰ ਲੱਤਾਂ ਅਤੇ ਮੁੱਕੇ ਮਾਰ ਰਹੀਆਂ ਹਨ।
ਇਸ ਘਟਨਾ ਦਾ ਵੀਡੀਓ ਬਣਾਉਣ ਵਾਲੇ ਵਿਅਕਤੀ ਨੇ ਦੱਸਿਆ ਕਿ ਪੀੜਤ 'ਤੇ ਹਮਲਾ ਉਸ ਦੇ ਅਪਾਹਜ ਹੋਣ ਕਾਰਨ ਕੀਤਾ ਗਿਆ ਸੀ। ਹਮਲੇ ਦੇ ਕਰੀਬ ਇਕ ਮਿੰਟ ਬਾਅਦ ਪੀੜਤ ਖੜ੍ਹੇ ਹੋਣ ਦੀ ਕੋਸ਼ਿਸ਼ ਕਰਦਾ ਹੈ ਅਤੇ ਹਮਲਾਵਰ ਕੁੜੀਆਂ ਉਸ ਦੇ ਮੋਬਾਈਲ ਫੋਨ ਦਾ ਪਾਸਵਰਡ ਮੰਗਦੀਆਂ ਹਨ। ਪਾਸਵਰਡ ਨਾ ਦੱਸਣ 'ਤੇ ਇਕ ਕੁੜੀ ਦੁਬਾਰਾ ਉਸ ਨੂੰ ਜ਼ਮੀਨ 'ਤੇ ਪਟਕ ਕੇ ਕੁੱਟਣਾ ਸ਼ੁਰੂ ਕਰ ਦਿੰਦੀ ਹੈ ਜਦਕਿ ਦੂਜੀਆਂ ਕੁੜੀਆਂ ਉਸ 'ਤੇ ਹੱਸਦੀਆਂ ਰਹਿੰਦੀਆਂ ਹਨ।
ਇਨ੍ਹਾਂ ਵਿਚੋਂ ਇਕ ਹਮਲਾਵਰ ਪਲੇਫੋਰਡ ਇੰਟਰਨੈਸ਼ਨਲ ਕਾਲਜ ਯੂਨੀਫਾਰਮ ਪਹਿਨੇ ਨਜ਼ਰ ਆ ਰਹੀ ਹੈ। ਇਸ ਮਾਮਲੇ ਵਿਚ ਸਬੰਧਤ ਸਕੂਲ ਪ੍ਰਸ਼ਾਸਨ ਕੋਲੋਂ ਜਾਣਕਾਰੀ ਮੰਗੀ ਗਈ ਹੈ। ਸਕੂਲ ਪ੍ਰਸ਼ਾਸਨ ਇਸ ਮਾਮਲੇ ਵਿਚ ਸ਼ਾਮਲ ਵਿਦਿਆਰਥੀਆਂ ਦੀ ਪਛਾਣ ਲਈ ਪੜਤਾਲ ਕਰ ਰਿਹਾ ਹੈ। ਉੱਧਰ ਪੁਲਸ ਵੀ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਪੁਲਸ ਨੇ ਇਸ ਮਾਮਲੇ ਵਿਚ ਉਨ੍ਹਾਂ ਨੇ ਜਨਤਕ ਮਦਦ ਦੀ ਅਪੀਲ ਕੀਤੀ ਹੈ।