ਜਰਮਨੀ ''ਚ ਜੈਵਿਕ ਹਮਲੇ ਦੀ ਕੋਸ਼ਿਸ਼ ਅਸਫਲ, ਟਿਊਨੀਸ਼ੀਆਈ ਸ਼ਖਸ ਗ੍ਰਿਫਤਾਰ
Wednesday, Jun 20, 2018 - 04:55 PM (IST)
ਬਰਲਿਨ (ਭਾਸ਼ਾ)— ਜਰਮਨੀ ਵਿਚ ਜਾਨਲੇਵਾ ਜ਼ਹਿਰ ਅਤੇ ਬੰਬ ਬਨਾਉਣ ਵਾਲੀ ਸਮੱਗਰੀ ਦੇ ਨਾਲ ਗ੍ਰਿਫਤਾਰ ਇਕ ਟਿਊਨੀਸ਼ੀਆਈ ਸ਼ਖਸ ਅਸਲ ਵਿਚ ਦੇਸ਼ ਵਿਚ ਜੈਵਿਕ ਹਮਲੇ ਦੀ ਸਾਜਸ਼ ਰਚ ਰਿਹਾ ਸੀ। ਫੈਡਰਲ ਅਪਰਾਧ ਪੁਲਸ ਦਫਤਰ ਦੇ ਪ੍ਰਮੁੱਖ ਹੋਲਗਰ ਮੁਇੰਚ ਨੇ ਕਿਹਾ ਕਿ ਜੈਵਿਕ ਬੰਬ ਦੇ ਨਾਲ ਹਮਲੇ ਲਈ ਬਹੁਤ ਠੋਸ ਤਿਆਰੀਆਂ ਕੀਤੀਆਂ ਗਈਆਂ ਸਨ। ਇਹ ਪਹਿਲੀ ਵਾਰੀ ਹੈ ਜਦੋਂ ਜਰਮਨੀ ਵਿਚ ਜੈਵਿਕ ਹਮਲੇ ਦੀ ਸਾਜਸ਼ ਰਚੀ ਗਈ। ਜਰਮਨੀ ਦੇ ਪੁਲਸ ਕਮਾਂਡੋ ਨੇ 12 ਜੂਨ ਨੂੰ ਸੀਫ ਅੱਲਾਹ ਐੱਚ. ਨਾਮ ਦੇ 29 ਸਾਲਾ ਟਿਊਨੀਸ਼ੀਆਈ ਪ੍ਰਵਾਸੀ ਸ਼ਖਸ ਦੇ ਕੋਲੋਗਨੇ ਅਪਾਰਟਮੈਂਟ ਵਿਚ ਦਾਖਲ ਹੋ ਕੇ ਉੱਥੋਂ ''ਜ਼ਹਿਰੀਲਾ ਪਦਾਰਥ'' ਬਰਾਮਦ ਕੀਤਾ ਜੋ ਬਾਅਦ ਵਿਚ ''ਰਿਕਿਨ'' ਨਿਕਲਿਆ।
ਇਕ ਅੰਗਰੇਜੀ ਅਖਬਾਰ ਨੇ ਖਬਰ ਦਿੱਤੀ ਕਿ ਮੰਨਿਆ ਜਾ ਰਿਹਾ ਹੈ ਕਿ ਇਹ ਸ਼ਖਸ ਇਸਲਾਮਿਕ ਸਟੇਟ ਅੱਤਵਾਦੀ ਸੰਗਠਨ ਵੱਲੋਂ ਕੀਤੇ ਗਏ ਨਿਰਦੇਸ਼ਾਂ ਦਾ ਪਾਲਣ ਕਰ ਰਿਹਾ ਸੀ ਕਿ ਇਸ ਜ਼ਹਿਰੀਲੇ ਪਦਾਰਥ ਤੋਂ ਬੰਬ ਕਿਵੇਂ ਬਣਾਇਆ ਜਾਵੇ। ਸਰਕਾਰੀ ਵਕੀਲਾਂ ਦਾ ਦੋਸ਼ ਹੈ ਕਿ ਪੂਰੀ ਸੰਭਾਵਨਾ ਹੈ ਕਿ ਉਹ ਜਾਣਬੁੱਝ ਕੇ ਜੈਵਿਕ ਹਥਿਆਰ ਬਣਾ ਰਿਹਾ ਸੀ ਪਰ ਇਹ ਸਪੱਸ਼ਟ ਨਹੀਂ ਹੈ ਕਿ ਉਹ ਕਿਰਿਆਸ਼ੀਲ ਰੂਪ ਵਿਚ ਹਮਲੇ ਦੀ ਸਾਜਸ਼ ਰਚ ਰਿਹਾ ਸੀ ਜਾਂ ਨਹੀਂ। ਮੁਇੰਚ ਨੇ ਕਿਹਾ ਕਿ ਸਾਨੂੰ ਕੁਝ ਮਹੀਨੇ ਪਹਿਲਾਂ ਇਸ ਸ਼ਖਸ ਦੇ ਬਾਰੇ ਵਿਚ ਪਤਾ ਚੱਲਿਆ ਸੀ ਅਤੇ ਇਸ ਮਗਰੋਂ ਸਬੂਤ ਮਿਲੇ ਸਨ ਜਿਨ੍ਹਾਂ ਨਾਲ ਉਸ ਦੇ ਇਸਲਾਮਿਕ ਸਟੇਟ ਨਾਲ ਸੰਬੰਧਾਂ ਦੇ ਸੰਕੇਤ ਮਿਲੇ ਸਨ।
