FBI ਨੇ ਕਿਹਾ- ਟਰੰਪ ’ਤੇ ਹਮਲਾ ‘ਲੋਨ ਵੁਲਫ ਅਟੈਕ’
Tuesday, Jul 16, 2024 - 10:12 AM (IST)
ਮਿਲਵਾਉਕੀ (ਅਮਰੀਕਾ) (ਭਾਸ਼ਾ) - ਅਮਰੀਕਾ ’ਚ ਸੰਘੀ ਜਾਂਚ ਬਿਊਰੋ (ਐੱਫ. ਬੀ. ਆਈ.) ਨੇ ਕਿਹਾ ਕਿ ਅਜਿਹਾ ਪ੍ਰਤੀਤ ਹੁੰਦਾ ਹੈ ਕਿ ਪੈਨਸਿਲਵੇਨੀਆ ਵਿਚ ਇਕ ਚੋਣ ਰੈਲੀ ਦੌਰਾਨ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ’ਤੇ ਗੋਲੀ ਚਲਾਉਣ ਵਾਲੇ ਨੌਜਵਾਨ ਨੇ ਇਕੱਲੇ ਹੀ ਇਸ ਘਟਨਾ ਨੂੰ ਅੰਜਾਮ ਦਿੱਤਾ।
ਐੱਫ. ਬੀ. ਆਈ. ਇਸ ਘਟਨਾ ਦੀ ਜਾਂਚ ‘ਘਰੇਲੂ ਅੱਤਵਾਦ’ ਦੇ ਪਹਿਲੂ ਵਜੋਂ ਵੀ ਕਰ ਰਹੀ ਹੈ। ਬੰਦੂਕਧਾਰੀ ਦੀ ਪਛਾਣ ਥਾਮਸ ਮੈਥਿਊ ਕਰੂਕਸ (20) ਵਜੋਂ ਹੋਈ ਹੈ। ਐੱਫ. ਬੀ. ਆਈ. ਦਾ ਕਹਿਣਾ ਹੈ ਕਿ ਇਹ ‘ਲੋਨ ਵੁਲਫ ਅਟੈਕ’ (ਲੁੱਕ ਕੇ ਵਾਰ ਕਰਨ) ਵਾਂਗ ਹੈ।
ਐੱਫ. ਬੀ. ਆਈ. ਦੀ ਰਾਸ਼ਟਰੀ ਸੁਰੱਖਿਆ ਡਿਵੀਜ਼ਨ ਦੇ ਕਾਰਜਕਾਰੀ ਸਹਾਇਕ ਨਿਰਦੇਸ਼ਕ ਰਾਬਰਟ ਵੇਲਜ਼ ਨੇ ਕਿਹਾ ਕਿ ਜਾਂਚ ’ਚ ਇਸ ਪੜਾਅ ਨਾਲ ਇਹ ਜਾਪਦਾ ਹੈ ਕਿ ਉਸਨੇ ਇਕੱਲੇ ਘਟਨਾ ਨੂੰ ਅੰਜਾਮ ਦਿੱਤਾ। ਪੈਨਸਿਲਵੇਨੀਆ ’ਚ ਇਕ ਰੈਲੀ ਦੌਰਾਨ ਸ਼ਨੀਵਾਰ ਨੂੰ ਟਰੰਪ ਦੇ ਸੱਜੇ ਕੰਨ ਉੱਪਰ ਗੋਲੀ ਲੱਗੀ ਸੀ। ਉਹ ਹੁਣ ਠੀਕ ਹੈ ਅਤੇ ਉਨ੍ਹਾਂ ਨੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਐੱਫ. ਬੀ. ਆਈ. ਡਾਇਰੈਕਟਰ ਕ੍ਰਿਸਟੋਫਰ ਵੇਅ ਨੇ ਕਿਹਾ ਕਿ ਹਮਲਾਵਰ ਬੇਸ਼ੱਕ ਮਾਰਿਆ ਗਿਆ ਹੈ ਪਰ ਜਾਂਚ ਜਾਰੀ ਹੈ।ਐੱਫ. ਬੀ. ਆਈ. ਰਿਪੋਰਟ ਮੁਤਾਬਕ ਹਮਲਾਵਰ ਨੇ 5.56 ਐੱਮ. ਐੱਮ. ਦੀ ਏ. ਆਰ.-ਸ਼ੈਲੀ ਦੀ ਰਾਈਫਲ ਦੀ ਵਰਤੋਂ ਕੀਤੀ। ਕਰੂਕਸ ਨੇ 2 ਮਹੀਨੇ ਪਹਿਲਾਂ ਐਲੀਗਨੀ ਕਾਊਂਟੀ ਦੇ ਕਮਿਊਨਿਟੀ ਕਾਲਜ ਤੋਂ ਇੰਜੀਨੀਅਰਿੰਗ ਵਿਗਿਆਨ ਵਿਚ ਐਸੋਸੀਏਟ ਦੀ ਡਿਗਰੀ ਦੇ ਨਾਲ ਗ੍ਰੈਜੂਏਸ਼ਨ ਦੀ ਡਿਗਰੀ ਹਾਸਲ ਕੀਤੀ ਸੀ।
ਟਰੰਪ ਨੇ ਕਿਹਾ- ਮੇਰੀ ਮੌਤ ਯਕੀਨੀ ਸੀ, ਪਰ ਬਚ ਗਿਆ
ਅਮਰੀਕਾ ਦੇ ਸਾਪਕਾ ਰਾਸ਼ਟਰਪਤੀ ਡੋਲਾਨਡ ਟਰੰਪ ਨੇ ਕਿਹਾ ਹੈ ਕਿ ਪੈਨਸਿਲਵੇਨੀਆ ’ਚ ਇਕ ਚੋਣ ਰੈਲੀ ਵਿਚ ਉਨ੍ਹਾਂ ’ਤੇ ਹੋਏ ਜਾਨਲੇਵਾ ਹਮਲੇ ਤੋਂ ਬਾਅਦ ਉਨ੍ਹਾਂ ਦੀ ‘ਮੌਤ ਯਕੀਨੀ ਕਰ ਦਿੱਤੀ ਗਈ ਸੀ।’
ਘਟਨਾ ਤੋਂ ਬਾਅਦ ਆਪਣੇ ਪਹਿਲੇ ਇੰਟਰਵਿਊ ਵਿਚ 78 ਸਾਲਾ ਸਾਬਕਾ ਰਾਸ਼ਟਰਪਤੀ ਨੇ ਰੂੜ੍ਹੀਵਾਦੀ ਅਮਰੀਕੀ ਮੀਡੀਆ ਨੂੰ ਦੱਸਿਆ ਕਿ ਉਨ੍ਹਾਂ ਨੂੰ ਲਗਦਾ ਹੈ ਕਿ ਮੇਰੀ ਮੌਤ ਯਕੀਨੀ ਸੀ ਪਰ ਮੈਂ ‘ਕਿਸਮਤ ਜਾਂ ਰੱਬ’ ਦੀ ਕਿਰਪਾ ਨਾਲ ਬਚ ਗਿਆ। ਉਨ੍ਹਾਂ ਕਿਹਾ ਕਿ ਮੈਂ ਸਹੀ ਸਮੇਂ ’ਤੇ ਅਤੇ ਇਸ ਹਿਸਾਬ ਨਾਲ ਸਿਰ ਘੁਮਾਇਆ ਅਤੇ ਗੋਲੀ ਉਨ੍ਹਾਂ ਦੇ ਕੰਨ ਨੂੰ ਛੂੰਹਦੀ ਹੋਈ ਨਿਕਲ ਗਈ। ਉਨ੍ਹਾਂ ਕਿਹਾ ਕਿ ਇਸ ਘਟਨਾ ਵਿਚ ਉਨ੍ਹਾਂ ਦੀ ਆਸਾਨੀ ਨਾਲ ਮੌਤ ਹੋ ਸਕਦੀ ਸੀ। ਉਨ੍ਹਾਂ ਨੇ ਇਸ ਪੂਰੀ ਘਟਨਾ ਨੂੰ ਇਕ ‘ਵਿਲੱਖਣ ਅਨੁਭਵ’ ਦੱਸਿਆ।
ਇਸ ਹਮਲੇ ’ਚ ਇਕ ਦਰਸ਼ਕ ਦੀ ਮੌਤ ਹੋ ਗਈ, ਜਦਕਿ 2 ਹੋਰ ਲੋਕ ਗੰਭੀਰ ਜ਼ਖਮੀ ਹੋ ਗਏ। ਟਰੰਪ ਨੇ ਕਿਹਾ ਿਕ ਹਸਪਤਾਲ ਦੇ ਡਾਕਟਰ ਨੇ ਕਿਹਾ ਕਿ ਉਨ੍ਹਾਂ ਨੇ ਅਜਿਹਾ ਪਹਿਲਾਂ ਕਦੇ ਨਹੀਂ ਦੇਖਿਆ। ਉਨ੍ਹਾਂ ਨੇ ਇਸਨੂੰ ਚਮਤਕਾਰ ਦੱਸਿਆ। ਟਰੰਪ ਨੇ ਕਿਹਾ ਿਕ ਗੋਲੀਬਾਰੀ ਤੋਂ ਬਾਅਦ ਵੀ ਉਹ ਬੋਲਣਾ ਜਾਰੀ ਰੱਖਣਾ ਚਾਹੁੰਦੇ ਸਨ ਪਰ ਸੀਕ੍ਰੇਟ ਸਰਵਿਸ ਨੇ ਉਨ੍ਹਾਂ ’ਤੇ ਹਸਪਤਾਲ ਜਾਣ ਦਾ ਦਬਾਅ ਪਾਇਆ।