ਇੰਡੋਨੇਸ਼ੀਆ ’ਚ ਕਾਰਗੋ ਜਹਾਜ਼ ਤੇ ਕਿਸ਼ਤੀ ਵਿਚਕਾਰ ਟੱਕਰ, 17 ਲੋਕ ਲਾਪਤਾ
Sunday, Apr 04, 2021 - 04:03 PM (IST)

ਜਕਾਰਤਾ : ਇੰਡੋਨੇਸ਼ੀਆ ’ਚ ਪੱਛਮੀ ਜਾਵਾ ਟਾਪੂ ਕੋਲ ਇਕ ਕਾਰਗੋ ਜਹਾਜ਼ ਅਤੇ ਮੱਛੀਆਂ ਫੜਨ ਵਾਲੀ ਕਿਸ਼ਤੀ ਵਿਚਾਲੇ ਟੱਕਰ ਹੋਣ ਤੋਂ ਬਾਅਦ 17 ਲੋਕ ਲਾਪਤਾ ਹੋ ਗਏ ਹਨ । ਇਹ ਘਟਨਾ ਤਕਰੀਬਨ 4.45 ਵਜੇ ਵਾਪਰੀ । ਖੋਜ ਅਤੇ ਬਚਾਅ ਏਜੰਸੀ ਦੇ ਮੁਖੀ ਦੇਦੇਨ ਰਿਦਵਨਸਿਆਹ ਨੇ ਐਤਵਾਰ ਦੱਸਿਆ ਕਿ ਇੰਦਰਮਾਯੂ ਜ਼ਿਲ੍ਹੇ ਦੇ ਤੱਟੀ ਜਲ ਖੇਤਰ ’ਚ ਸ਼ਨੀਵਾਰ ਰਾਤ ਵੇਲੇ ਮੱਛੀਆਂ ਫੜਨ ਵਾਲੀ ਇਕ ਕਿਸ਼ਤੀ ਇੰਡੋਨੇਸ਼ੀਆਈ ਕਾਰਗੋ ਜਹਾਜ਼ ‘ਐੱਮ. ਵੀ. ਹਾਬਕੋ ਪਾਇਨੀਅਰ’ ਨਾਲ ਟਕਰਾਉਣ ਤੋਂ ਬਾਅਦ ਡੁੱਬ ਗਈ, ਜਿਸ ’ਚ 32 ਲੋਕ ਸਵਾਰ ਸਨ।
ਸਮੁੰਦਰੀ ਟਰਾਂਸਪੋਰਟ ਡਾਇਰੈਕਟੋਰੇਟ ਦੇ ਬੁਲਾਰੇ ਨੇ ਦੱਸਿਆ ਕਿ ਕਿਸ਼ਤੀ ’ਚ ਸਵਾਰ 15 ਲੋਕਾਂ ਨੂੰ ਬਚਾਅ ਲਿਆ ਗਿਆ ਹੈ ਅਤੇ ਸਥਾਨਕ ਮਛੇਰੇ ਤੇ ਜਲ ਸੈਨਾ ਹੋਰ ਲੋਕਾਂ ਦੀ ਭਾਲ ਕਰ ਰਹੇ ਹਨ। ਰਿਦਵਨਸਿਆਹ ਨੇ ਦੱਸਿਆ ਕਿ ਬੋਰਨੀਆ ਟਾਪੂ ਤੋਂ ਕੱਚਾ ਤੇਲ ਲੈ ਕੇ ਆ ਰਹੇ ਕਾਰਗੋ ਜਹਾਜ਼ ਨੂੰ ਖੜ੍ਹਾ ਕਰ ਦਿੱਤਾ ਗਿਆ ਸੀ ਕਿਉਂਕਿ ਉਸ ਦਾ ‘ਪ੍ਰੋਪੇਲਰ’ ਮੱਛੀਆਂ ਫੜਨ ਵਾਲੇ ਜਾਲ ’ਚ ਫਸ ਗਿਆ।