ਬੈਡਫ਼ੋਰਡ ਵਿਖੇ ਪੰਜਾਬੀਆਂ ਨੇ ਨਾਟਕ ''ਧੰਨ ਲੇਖਾਰੀ ਨਾਨਕਾ'' ਦਾ ਮਾਣਿਆ ਭਰਪੂਰ ਆਨੰਦ
Friday, Aug 19, 2022 - 12:41 PM (IST)
![ਬੈਡਫ਼ੋਰਡ ਵਿਖੇ ਪੰਜਾਬੀਆਂ ਨੇ ਨਾਟਕ ''ਧੰਨ ਲੇਖਾਰੀ ਨਾਨਕਾ'' ਦਾ ਮਾਣਿਆ ਭਰਪੂਰ ਆਨੰਦ](https://static.jagbani.com/multimedia/2022_8image_12_40_203787078play.jpg)
ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)- ਬੈਡਫ਼ੋਰਡ ਦੇ ‘ਦੀ ਪਲੇਸ’ ਥੀਏਟਰ ਵਿੱਚ ‘ਧੰਨ ਲਿਖਾਰੀ ਨਾਨਕਾ’ ਨਾਟਕ ਦਾ ਅਯੋਜਨ ਸ. ਬਲਵੰਤ ਸਿੰਘ ਗਿੱਲ ਨੇ ਆਪਣੇ ਦੋਸਤਾਂ ਸ.ਸ਼ਮਿੰਦਰ ਸਿੰਘ ਗਰਚਾ, ਸ. ਪਰਮਜੀਤ ਸਿੰਘ ਸੋਹਲ, ਸ. ਸਰਬਣ ਸਿੰਘ ਮੰਡੇਰ, ਸ. ਬਲਵੀਰ ਸਿੰਘ ਢੀਂਡਸਾ, ਸ. ਗੁਰਦਿਆਲ ਸਿੰਘ ਮੰਡੇਰ, ਸ. ਕਸ਼ਮੀਰ ਸਿੰਘ ਅਤੇ ਟੀਵੀ ਪੇਸ਼ਕਾਰਾ ਰੂਪ ਦਵਿੰਦਰ ਕੌਰ ਨਾਹਿਲ ਦੇ ਭਰਪੂਰ ਸਹਿਯੋਗ ਨਾਲ ਕਰਾਇਆ। ਰੂਪ ਦਵਿੰਦਰ ਕੌਰ ਨੇ ਨਾਟਕ ਸ਼ੁਰੂ ਹੋਣ ਤੱਕ ਆਏ ਦਰਸ਼ਕਾਂ ਦਾ ਗੱਲਾਂ ਬਾਤਾਂ ਨਾਲ ਦਿਲ ਪਰਚਾਈ ਰੱਖਿਆ। ਖਚਾਖਚ ਭਰੇ ਥੀਏਟਰ ਵਿੱਚ ਡਾਕਟਰ ਸਾਹਿਬ ਸਿੰਘ ਨੇ ਆਪਣੇ ਮਸ਼ਹੂਰ ਨਾਟਕ ‘ਧੰਨ ਲਿਖਾਰੀ ਨਾਨਕਾ’ ਦੀ ਸ਼ਾਨਦਾਰ ਪੇਸ਼ਕਾਰੀ ਕੀਤੀ।
ਨਾਟਕ ਪੰਜਾਬ ਦੇ ਅਤੀਤ ਅਤੇ ਮੌਜੂਦਾ ਸਮਾਜਿਕ, ਆਰਥਿਕ ਅਤੇ ਸਭਿਆਚਾਰਿਕ ਮਸਲਿਆਂ 'ਤੇ ਅਧਾਰਿਤ ਸੀ। ਪੰਜਾਬ ਵਿੱਚ ਹੋ ਰਹੀਆਂ ਕਿਸਾਨ/ਮਜ਼ਦੂਰਾਂ ਦੀਆਂ ਖੁਦਕਸ਼ੀਆਂ, ਗ਼ਰੀਬੀ ‘ਚ ਪਿਸਦੇ ਗਰੀਬ ਮਜ਼ਦੂਰ, 84 ਦੇ ਕਤਲੇਆਮ ਦੀ ਦਰਦਨਾਕ ਦਾਸਤਾਂ, ਗੋਦੀ ਮੀਡਿਆ ਦੀ ਇੱਕਤਰਫ਼ਾ ਕਾਰਗੁਜ਼ਾਰੀ ਅਤੇ ਜਲ੍ਹਿਆਂ ਵਾਲੇ ਬਾਗ ਦੀ ਖ਼ੌਫ਼ਨਾਕ ਕਹਾਣੀ ਜਿਹੇ ਮਹੱਤਵਪੂਰਨ ਵਿਸ਼ਿਆਂ ਨੂੰ ਬੜੀ ਹੀ ਖ਼ੂਬਸੂਰਤੀ ਨਾਲ ਪੇਸ਼ ਕੀਤਾ ਗਿਆ। ਖ਼ਾਸ ਕਰਕੇ ਸਾਹਿਬ ਸਿੰਘ ਇੱਕ ਲਿਖਾਰੀ ਦੀ ਭੂਮਿਕਾ ਨਿਭਾਉਂਦੇ ਹੋਏ ਜਦੋਂ ਆਪਣੀ ਜੇਲ੍ਹ ਬੈਠੀ ਧੀ ਨੂੰ ਪੁੱਤੂ ਪੁੱਤੂ ਕਹਿ ਕੇ ਬੁਲਾਉਂਦੇ ਹਨ, ਉਸ ਸੀਨ ਨੂੰ ਦਰਸ਼ਕ ਬਾਅਦ ਵਿੱਚ ਵੀ ਆਪਣੇ ਹਿਰਦੇ ‘ਚ ਵਸਾਈ ਬੈਠੇ ਹਨ। ਨਾਟਕ ਦੇਖ ਰਹੇ ਦਰਸ਼ਕਾਂ ਦੀਆਂ ਅੱਖਾਂ ਨਾਟਕਕਾਰ ਦੀ ਹਰ ਕਾਰਗੁਜ਼ਾਰੀ ਨਾਲ ਨਮ ਹੋਈਆਂ ਦੇਖੀਆਂ ਜਾ ਸਕਦੀਆਂ ਸਨ। ਦਰਸ਼ਕਾਂ ਵਿੱਚ ਔਰਤਾਂ ਦੀ ਬਹੁਤਾਤ ਸੀ।
ਅਦਾਕਾਰੀ ਇੰਨੀ ਬਹਿਤਰੀਨ ਸੀ ਕਿ ਕੁਝ ਦਰਸ਼ਕ ਤਾਂ ਹੁਬਕੀਆਂ ਲੈ ਲੈ ਕੇ ਆਪਣੇ ਹਾਵ ਭਾਵ ਜਾਹਿਰ ਕਰ ਰਹੇ ਸਨ। ਜਦੋਂ ਨਾਟਕ ਖ਼ਤਮ ਹੋਇਆ ਤਾਂ ਨਾਟਕ ਦੇਖਦੇ ਸਾਰੇ ਦਰਸ਼ਕਾਂ ਨੇ ਖੜੇ ਹੋ ਕੇ ਨਾਟਕਕਾਰ ਦੀ ਬਾਕਮਾਲ ਪੇਸ਼ਕਾਰੀ ਦਾ ਭਰਪੂਰ ਤਾੜੀਆਂ ਨਾਲ ਸੁਆਗਤ ਕੀਤਾ। ਦਰਸ਼ਕਾਂ ਵਲੋਂ ਨਾਟਕ ਪ੍ਰਬੰਧਕ ਬਲਵੰਤ ਸਿੰਘ ਗਿੱਲ ਨੂੰ ਬੇਨਤੀ ਕੀਤੀ ਗਈ ਕਿ ਇਹੋ ਜਿਹੇ ਪਰੋਗ੍ਰਾਮ ਬੈਡਫ਼ੋਰਡ ਵਿੱਚ ਛੇਤੀ ਛੇਤੀ ਕਰਾਏ ਜਾਣੇ ਚਾਹੀਦੇ ਹਨ, ਤਾਂ ਕਿ ਇੰਗਲੈਂਡ ਵਸਦੇ ਪੰਜਾਬੀ ਇਹਨਾਂ ਵੱਡਮੁੱਲੇ ਪ੍ਰੋਗਰਾਮਾਂ ਦਾ ਪੂਰਾ ਅਨੰਦ ਮਾਣ ਸਕਣ। ਬਲਵੰਤ ਸਿੰਘ ਗਿੱਲ ਵਲੋਂ ਸਾਰੇ ਸਹਿਯੋਗੀ ਦੋਸਤਾਂ ਮਿੱਤਰਾਂ ਅਤੇ ਆਏ ਦਰਸ਼ਕਾਂ ਦਾ ਧੰਨਵਾਦ ਕੀਤਾ ਗਿਆ, ਜਿਹਨਾਂ ਨੇ ਮਾਇਆ ਅਤੇ ਹੋਰ ਸਾਧਨਾਂ ਨਾਲ ਇਸ ਪ੍ਰੋਗਰਾਮ ਨੂੰ ਸਫ਼ਲ ਬਣਾਇਆ।