ਅਮਰੀਕਾ ''ਚ 9 ਲੱਖ ਤੋਂ ਵਧੇਰੇ ਲੋਕ ਬੋਲਦੇ ਹਨ ਹਿੰਦੀ
Friday, Jan 17, 2020 - 04:59 PM (IST)

ਵਾਸ਼ਿੰਗਟਨ- ਭਾਰਤ ਦੇ ਇਕ ਚੋਟੀ ਦੇ ਡਿਪਲੋਮੈਟ ਨੇ ਕਿਹਾ ਹੈ ਕਿ ਅਮਰੀਕਾ ਵਿਚ 9 ਲੱਖ ਤੋਂ ਵਧੇਰੇ ਲੋਕ ਹਿੰਦੀ ਬੋਲਦੇ ਹਨ। ਭਾਰਤੀ ਦੂਤਘਰ ਇਥੇ ਅਮਰੀਕੀਆਂ ਤੇ ਵਿਦੇਸ਼ੀ ਨਾਗਰਿਕਾਂ ਦੇ ਲਈ ਹਿੰਦੀ ਦੀਆਂ ਮੁਫਤ ਕਲਾਸਾਂ ਦਾ ਆਯੋਜਨ ਕਰਦਾ ਹੈ। ਅਮਰੀਕਾ ਵਿਚ ਭਾਰਤੀ ਦੂਤਘਰ ਦੇ ਇੰਚਾਰਜ ਰਾਜਦੂਤ ਅਮਿਤ ਕੁਮਾਰ ਨੇ 'ਵਿਸ਼ਵ ਹਿੰਦੀ ਦਿਵਸ' ਸਮਾਗਮ ਦੌਰਾਨ ਕਿਹਾ ਕਿ ਇਹ ਜ਼ਿਕਰ ਕਰਨ ਵਿਚ ਉਹਨਾਂ ਨੂੰ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਅਮਰੀਕਾ ਵਿਚ ਵਿਅਪਕ ਪੈਮਾਨੇ 'ਤੇ ਹਿੰਦੀ ਬੋਲੀ ਤੇ ਸਿਖਾਈ ਜਾਂਦੀ ਹੈ। ਉਹਨਾਂ ਨੇ ਇਹ ਵੀ ਕਿਹਾ ਕਿ ਅਮਰੀਕਾ ਵਿਚ ਕਈ ਸਕੂਲਾਂ ਵਿਚ ਹਿੰਦੀ ਪੜਾਈ ਜਾਂਦੀ ਹੈ।
ਕੁਮਾਰ ਨੇ ਕਿਹਾ ਕਿ ਅਮਰੀਕੀ ਭਾਈਚਾਰਕ ਸਰਵੇਖਣ ਮੁਤਾਬਕ ਅਮਰੀਕਾ ਵਿਚ 9 ਲੱਖ ਤੋਂ ਵਧੇਰੇ ਲੋਕ ਹਿੰਦੀ ਬੋਲਦੇ ਹਨ। ਉਹਨਾਂ ਨੇ ਕਿਹਾ ਕਿ ਭਾਰਤ ਦੁਨੀਆ ਦੇ ਸਭ ਤੋਂ ਮਹੱਤਵਪੂਰਨ ਦੇਸ਼ਾਂ ਵਿਚੋਂ ਇਕ ਦੇ ਰੂਪ ਵਿਚ ਉਬਰਿਆ ਹੈ ਤੇ ਹਿੰਦੀ ਸਿੱਖਣ ਵਿਚ ਅਸਧਾਰਣ ਰੂਚੀ ਦੇਖੀ ਗਈ ਹੈ। ਕੁਮਾਰ ਨੇ ਕਿਹਾ ਕਿ ਟੂਰਿਸਟ, ਉਦਯੋਗ ਤੇ ਹੋਰ ਉਦੇਸ਼ਾਂ ਦੇ ਲਈ ਭਾਰਤ ਦੀ ਯਾਤਰਾ ਕਰਨ ਵਾਲੇ ਲੋਕਾਂ ਨੂੰ ਹਿੰਦੀ ਸਿੱਖਣ ਨਾਲ ਭਾਰਤ ਦੇ ਲੋਕਾਂ ਦਾ ਦਿਲ ਤੇ ਦਿਮਾਗ ਜਿੱਤਣ ਦਾ ਮੰਤਰ ਮਿਲ ਸਕਦਾ ਹੈ।