ਪਾਕਿਸਤਾਨ ਦੇ ਚਿੜਿਆਘਰ ਤੋਂ ਤਕਰੀਬਨ 500 ਜਾਨਵਰ ਲਾਪਤਾ

Monday, Aug 17, 2020 - 12:02 AM (IST)

ਇਸਲਾਮਾਬਾਦ (ਭਾਸ਼ਾ): ਪਾਕਿਸਤਾਨ ਦੀ ਰਾਜਧਾਨੀ ਸਥਿਤ ਮਾਰਘਾਜਾਰ ਚਿੜਿਆਘਰ ਤੋਂ ਘੱਟ ਤੋਂ ਘੱਟ 513 ਜਾਨਵਰ ਲਾਪਤਾ ਦੱਸੇ ਜਾ ਰਹੇ ਹਨ। ਇਕ ਮੀਡੀਆ ਰਿਪੋਰਟ ਵਿਚ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ ਗਈ। ਟ੍ਰਿਬਿਊਨ ਐਕਸਪ੍ਰੈੱਸ ਦੀ ਖਬਰ ਮੁਤਾਬਕ ਇਸਲਾਮਾਬਾਦ ਨਗਰ ਨਿਗਮ ਵਲੋਂ ਜਾਰੀ ਇਕ ਰਿਪੋਰਟ ਮੁਤਾਬਕ ਜੁਲਾਈ 2019 ਵਿਚ ਉਸ ਦੇ ਸੰਚਾਲਨ ਦੌਰਾਨ ਚਿੜਿਆਘਰ ਵਿਚ ਵੱਖ-ਵੱਖ ਪ੍ਰਜਾਤੀਆਂ ਦੇ ਕੁੱਲ 917 ਜਾਨਵਰ ਤੇ ਪੰਛੀ ਸਨ। ਇਸ ਦੇ ਮੁਤਾਬਕ ਮਈ ਵਿਚ ਇਸਲਾਮਾਬਾਦ ਹਾਈ ਕੋਰਟ ਦੇ ਹੁਕਮ ਮੁਤਾਬਕ ਚਿੜਿਆਘਰ ਦਾ ਪ੍ਰਬੰਧਨ ਇਸਲਾਮਾਬਾਦ ਜੰਗਲੀ ਜੀਵਨ ਪ੍ਰਬੰਧਨ ਬੋਰਡ (ਆਈ.ਡਬਲਯੂ.ਐੱਮ.ਬੀ.) ਨੂੰ ਸੌਂਪ ਦਿੱਤਾ ਗਿਆ ਸੀ। 

ਅਖਬਾਰ ਮੁਤਾਬਕ ਹਾਲਾਂਕਿ 16 ਜੁਲਾਈ 2020 ਦੀ ਤਰੀਕ ਵਾਲੇ ਦਸਤਾਵੇਜ਼ਾਂ ਵਿਚ ਸਿਰਫ 404 ਜਾਨਵਰਾਂ ਦਾ ਸੌਂਪਿਆ ਜਾਣਾ ਦਿਖਾਇਆ ਗਿਆ ਹੈ। ਇਨ੍ਹਾਂ ਦਸਤਾਵੇਜ਼ਾਂ 'ਤੇ ਚਿੜਿਆਘਰ ਦੇ ਉਪ-ਡਾਇਰੈਕਟਰ ਡਾ. ਬਿਲਾਲ ਖਿਲਜੀ ਤੇ ਆਈ.ਡਬਲਯੂ.ਐੱਮ.ਬੀ. ਦੇ ਪ੍ਰਧਾਨ ਡਾ. ਅਨਿਸੁਰ ਰਹਿਮਾਨ ਤੋਂ ਇਲਾਵਾ ਇਕ ਹੋਰ ਅਧਿਕਾਰੀ ਦੇ ਵੀ ਦਸਤਖਤ ਹਨ। ਇਸ ਦੇ ਮੁਤਾਬਕ ਰਿਪੋਰਟ ਦੀ ਤੁਲਨਾ ਕਰਨ 'ਤੇ ਪਤਾ ਲੱਗਿਆ ਕਿ ਕੁਝ ਪ੍ਰਜਾਤੀਆਂ ਦੇ ਜਾਨਵਰਾਂ ਜਿਵੇਂ ਕਿ ਛੋਟਾ ਹਿਰਨ ਤੇ ਪਾੜਾ ਹਿਰਨ ਦੀ ਗਿਣਤੀ ਵਿਚ ਵਾਧਾ ਦਿਖਾਈ ਦਿੰਦਾ ਹੈ ਜਦਕਿ ਕੁਝ ਜਾਨਵਰਾਂ ਦੀ ਗਿਣਤੀ ਵਿਚ ਕਮੀ ਹੈ। ਅਖਬਾਰ ਨੇ ਸੂਤਰਾਂ ਦੇ ਹਵਾਲੇ ਨਾਲ ਕਿਹਾ ਕਿ ਜਾਂ ਤਾਂ ਚਿੜਿਆਘਰ ਤੋਂ ਕੁਝ ਬੇਸ਼ਕੀਮਤੀ ਜਾਨਵਰ ਲਾਪਤਾ ਹਨ ਜਾਂ ਉਨ੍ਹਾਂ ਨੂੰ ਚੋਰੀ ਕੀਤਾ ਗਿਆ ਹੈ। ਇਸਲਾਮਾਬਾਦ ਦਾ ਇਕਲੌਤਾ ਚਿੜਿਆਘਰ ਜਾਨਵਰਾਂ ਦੇ ਨਾਲ ਹੋਣ ਵਾਲੀ ਦਰਿੰਦਗੀ ਦੇ ਕਾਰਣ ਚਰਚਾ ਵਿਚ ਰਿਹਾ ਹੈ।


Baljit Singh

Content Editor

Related News