UN ਮੁਖੀ ਨੇ ਕੋਰੋਨਾ ਖਿਲਾਫ ਲੜਾਈ ਲਈ ਧਾਰਮਿਕ ਨੇਤਾਵਾਂ ਨੂੰ ਕੀਤੀ ਇਹ ਅਪੀਲ

04/12/2020 6:48:09 PM

ਸੰਯੁਕਤ ਰਾਸ਼ਟਰ- ਸੰਯੁਕਤ ਰਾਸ਼ਟਰ ਮੁਖੀ ਐਂਤੋਨੀਓ ਗੁਤਾਰੇਸ ਨੇ ਸਾਰੇ ਧਰਮਾਂ ਦੇ ਨੇਤਾਵਾਂ ਨੂੰ ਕੋਰੋਨਾਵਾਇਰਸ ਸੰਕਟ ਦਾ ਪਾਰ ਪਾਉਣ ਲਈ ਸਾਂਝੀ ਲੜਾਈ 'ਤੇ ਧਿਆਨ ਕੇਂਦਰਿਤ ਕਰਨ ਦੀ ਵਿਸ਼ੇਸ਼ ਅਪੀਲ ਕੀਤੀ ਹੈ। ਉਹਨਾਂ ਕਿਹਾ ਕਿ ਇਹ ਵੇਲਾ ਸ਼ਾਂਤੀ ਦੇ ਲਈ ਕੰਮ ਕਰਨ ਤੇ ਇਕ ਦੂਜੇ 'ਤੇ ਵਿਸ਼ਵਾਸ ਨੂੰ ਮੁੜ ਮਜ਼ਬੂਤ ਕਰਨ ਦਾ ਹੈ। ਸੰਯੁਕਤ ਰਾਸ਼ਟਰ ਮੁਖੀ ਨੇ ਇਹ ਅਪੀਲ ਅਜਿਹੇ ਵੇਲੇ ਵਿਚ ਕੀਤੀ ਜਦੋਂ ਈਸਾਈ ਭਾਈਚਾਰੇ ਦੇ ਲੋਕ ਈਸਟਰ ਮਨਾ ਰਹੇ ਹਨ, ਯਹੂਦੀ ਪਾਸਓਵਰ ਮਨਾ ਰਹੇ ਹਨ ਤੇ ਮੁਸਲਮਾਨ ਭਾਈਚਾਰੇ ਦੇ ਲੋਕਾਂ ਦਾ ਪਵਿੱਤਰ ਮਹੀਨਾ ਰਮਜ਼ਾਨ ਸ਼ੁਰੂ ਹੋਣ ਵਾਲਾ ਹੈ। 

ਗੁਤਾਰੇਸ ਨੇ ਕਿਹਾ ਕਿ ਅੱਜ ਮੈਂ ਸਾਰੇ ਧਰਮਾਂ ਦੇ ਨੇਤਾਵਾਂ ਨੂੰ ਵਿਸ਼ਵ ਭਰ ਵਿਚ ਸ਼ਾਂਤੀ ਕਾਇਮ ਕਰਨ ਵਿਚ ਲੱਗੀਆਂ ਤਾਕਤਾਂ ਦਾ ਸਾਥ ਦੇਣ ਦੀ ਵਿਸ਼ੇਸ਼ ਅਪੀਲ ਕਰਦਾ ਹਾਂ ਤੇ ਕੋਵਿਡ-19 ਨੂੰ ਮਾਤ ਦੇਣ ਦੀ ਸਾਡੀ ਸਾਂਝੀ ਲੜਾਈ 'ਤੇ ਧਿਆਨ ਕੇਂਦਰਿਤ ਕਰਨ ਦੀ ਅਪੀਲ ਕਰਦਾ ਹਾਂ। ਉਹਨਾਂ ਕਿਹਾ ਕਿ ਅਜਿਹੀ ਦੁਨੀਆ ਜਿਥੇ ਸੜਕਾਂ ਸੁੰਨਸਾਨ ਹੋਣ, ਬਾਜ਼ਾਰ ਬੰਦ ਹਨ, ਪ੍ਰਾਰਥਨਾ ਦੀਆਂ ਥਾਵਾਂ ਖਾਲੀ ਹਨ, ਅਸੀਂ ਆਪਣੇ ਪਿਆਰਿਆਂ ਲਈ ਚਿੰਤਤ ਹਾਂ ਤੇ ਉਹ ਵੀ ਸਾਡੇ ਬਾਰੇ ਚਿੰਤਤ ਹਨ। ਚਿੰਤਾ ਦੇ ਇਸ ਵੇਲੇ ਵਿਚ ਜਸ਼ਨ ਮਨਾਉਣਾ ਮੁਸ਼ਕਲ ਹੈ। ਉਹਨਾਂ ਆਗਾਹ ਕੀਤਾ ਕਿ ਅਜਿਹੇ ਸਮੇਂ ਵਿਚ ਸਾਰਿਆਂ ਨੂੰ ਪਵਿੱਤਰ ਮੌਕਿਆਂ ਦੇ ਸਾਰ ਤੋਂ ਪ੍ਰੇਰਣਾ ਲੈਣੀ ਚਾਹੀਦੀ ਹੈ। ਉਹਨਾਂ ਨੇ ਉਮੀਦ ਜਤਾਈ ਕਿ ਇਕੱਠੇ ਮਿਲ ਕੇ ਦੁਨੀਆ ਇਸ ਵਾਇਰਸ ਨੂੰ ਹਰਾ ਸਕਦੀ ਹੈ ਤੇ ਹਰਾਏਗੀ।


Baljit Singh

Content Editor

Related News