ਅੰਜੂ ਬਣੀ ਫਾਤਿਮਾ, ਇਸਲਾਮ ਕਬੂਲ ਕਰਨ ਮਗਰੋਂ ਪਾਕਿਸਤਾਨੀ ਫੇਸਬੁੱਕ ਦੋਸਤ ਨਾਲ ਕਰਾਇਆ ਵਿਆਹ

Tuesday, Jul 25, 2023 - 05:21 PM (IST)

ਪੇਸ਼ਾਵਰ (ਏਜੰਸੀ)- ਭਾਰਤ ਤੋਂ ਪਾਕਿਸਤਾਨ ਗਈ 2 ਬੱਚਿਆਂ ਦੀ ਭਾਰਤੀ ਮਾਂ ਅੰਜੂ ਨੇ ਇਸਲਾਮ ਕਬੂਲ ਕਰਨ ਤੋਂ ਬਾਅਦ ਮੰਗਲਵਾਰ ਨੂੰ ਆਪਣੇ ਪਾਕਿਸਤਾਨੀ ਫੇਸਬੁੱਕ ਦੋਸਤ ਨਾਲ ਵਿਆਹ ਕਰਵਾ ਲਿਆ ਹੈ। ਇਕ ਸੀਨੀਅਰ ਪੁਲਸ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। 34 ਸਾਲਾ ਅੰਜੂ ਆਪਣੇ 29 ਸਾਲਾ ਪਾਕਿਸਤਾਨੀ ਦੋਸਤ ਨਸਰੁੱਲਾ ਦੇ ਘਰ ਰਹਿ ਰਹੀ ਸੀ। ਉਹ 2019 ਵਿੱਚ ਫੇਸਬੁੱਕ 'ਤੇ ਦੋਸਤ ਬਣੇ ਸਨ। ਜੋੜੇ ਨੇ ਜ਼ਿਲ੍ਹਾ ਅਤੇ ਸੈਸ਼ਨ ਜੱਜ ਦੀ ਸਥਾਨਕ ਅਦਾਲਤ ਵਿੱਚ ਵਿਆਹ ਰਚਾਇਆ। ਉੱਪਰੀ ਦੀਰ ਜ਼ਿਲ੍ਹੇ ਦੇ ਮੋਹਰਰ ਸਿਟੀ ਪੁਲਸ ਸਟੇਸ਼ਨ ਦੇ ਸੀਨੀਅਰ ਅਧਿਕਾਰੀ ਮੁਹੰਮਦ ਵਹਾਬ ਨੇ ਨਿਊਜ਼ ਏਜੰਸੀ ਪੀਟੀਆਈ ਨੂੰ ਦੱਸਿਆ, ''ਨਸਰੁੱਲਾ ਅਤੇ ਅੰਜੂ ਦਾ ਵਿਆਹ ਅੱਜ ਸੰਪੰਨ ਹੋਇਆ ਅਤੇ ਉਸ ਦੇ ਇਸਲਾਮ ਕਬੂਲ ਕਰਨ ਤੋਂ ਬਾਅਦ ਨਿਕਾਹ ਕੀਤਾ ਗਿਆ।'' ਪੁਲਸ ਨੇ ਦੱਸਿਆ ਕਿ ਦੋਵੇਂ ਦੀਰ ਬਾਲਾ ਦੀ ਜ਼ਿਲ੍ਹਾ ਅਦਾਲਤ ਵਿੱਚ ਨਸਰੁੱਲਾ ਦੇ ਪਰਿਵਾਰਕ ਮੈਂਬਰਾਂ, ਪੁਲਸ ਮੁਲਾਜ਼ਮਾਂ ਅਤੇ ਵਕੀਲਾਂ ਦੀ ਮੌਜੂਦਗੀ ਵਿੱਚ ਪੇਸ਼ ਹੋਏ। ਮਲਕੰਦ ਡਿਵੀਜ਼ਨ ਦੇ ਡਿਪਟੀ ਇੰਸਪੈਕਟਰ ਜਨਰਲ ਨਾਸਿਰ ਮਹਿਮੂਦ ਸੱਤੀ ਨੇ ਅੰਜੂ ਅਤੇ ਨਸਰੁੱਲਾ ਦੇ ਨਿਕਾਹ ਦੀ ਪੁਸ਼ਟੀ ਕੀਤੀ ਅਤੇ ਕਿਹਾ ਕਿ ਭਾਰਤੀ ਔਰਤ ਦੇ ਇਸਲਾਮ ਕਬੂਲ ਕਰਨ ਤੋਂ ਬਾਅਦ ਉਸ ਦਾ ਨਾਂ ਫਾਤਿਮਾ ਰੱਖਿਆ ਗਿਆ ਹੈ।

ਇਹ ਵੀ ਪੜ੍ਹੋ: ਕਾਲ ਬਣ ਕੇ ਵਰ੍ਹਿਆ ਮੋਹਲੇਧਾਰ ਮੀਂਹ, 2 ਮੰਜ਼ਿਲਾ ਇਮਾਰਤ ਡਿੱਗਣ ਕਾਰਨ 4 ਲੋਕਾਂ ਦੀ ਮੌਤ

ਜੀਓ ਨਿਊਜ਼ ਦੀ ਰਿਪੋਰਟ ਮੁਤਾਬਕ ਉਨ੍ਹਾਂ ਅੱਗੇ ਦੱਸਿਆ ਕਿ ਭਾਰਤੀ ਔਰਤ ਨੂੰ ਪੁਲਸ ਸੁਰੱਖਿਆ ਹੇਠ ਅਦਾਲਤ ਤੋਂ ਘਰ ਭੇਜ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਸੋਮਵਾਰ ਨੂੰ ਨਸਰੁੱਲਾ ਅਤੇ ਅੰਜੂ ਦੋਵੇਂ ਸਖ਼ਤ ਸੁਰੱਖਿਆ ਵਿਚਕਾਰ ਸੈਰ-ਸਪਾਟੇ 'ਤੇ ਨਿਕਲੇ ਸਨ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਨੇ ਦੀਰ ਉੱਪਰ ਜ਼ਿਲ੍ਹੇ ਨੂੰ ਚਿਤਰਾਲ ਜ਼ਿਲ੍ਹੇ ਨਾਲ ਜੋੜਨ ਵਾਲੀ ਲਾਵਾਰੀ ਸੁਰੰਗ ਦਾ ਦੌਰਾ ਕੀਤਾ। ਸੈਰ-ਸਪਾਟਾ ਸਥਾਨਾਂ ਦੇ ਦੌਰੇ ਦੀਆਂ ਤਸਵੀਰਾਂ 'ਚ ਅੰਜੂ ਅਤੇ ਨਸਰੁੱਲਾ ਹਰੇ-ਭਰੇ ਬਗੀਚੇ 'ਚ ਬੈਠੇ ਅਤੇ ਇੱਕ-ਦੂਜੇ ਦਾ ਹੱਥ ਫੜੇ ਨਜ਼ਰ ਆਏ। ਇੱਥੇ ਦੱਸ ਦੇਈਏ ਕਿ ਅੰਜੂ ਉੱਤਰ ਪ੍ਰਦੇਸ਼ ਦੇ ਪਿੰਡ ਕੈਲੋਰ ਵਿੱਚ ਪੈਦਾ ਹੋਈ ਸੀ ਅਤੇ ਰਾਜਸਥਾਨ ਦੇ ਅਲਵਰ ਜ਼ਿਲ੍ਹੇ ਵਿੱਚ ਰਹਿੰਦੀ ਸੀ। ਅੰਜੂ ਨੇ ਪਾਕਿ ਤੋਂ ਇੱਕ ਵੀਡੀਓ ਸਾਂਝੀ ਕੀਤੀ ਹੈ, ਜਿਸ ਵਿੱਚ ਉਹ ਕਹਿ ਰਹੀ ਹੈ ਕਿ ਉਹ ਪਾਕਿਸਤਾਨ ਵਿੱਚ "ਸੁਰੱਖਿਅਤ ਮਹਿਸੂਸ ਕਰਦੀ ਹੈ"। ਉਸਨੇ ਵੀਡੀਓ ਵਿੱਚ ਕਿਹਾ, "ਮੈਂ ਸਾਰਿਆਂ ਨੂੰ ਇਹ ਸੰਦੇਸ਼ ਦੇਣਾ ਚਾਹੁੰਦੀ ਹਾਂ ਕਿ ਮੈਂ ਇੱਥੇ ਕਾਨੂੰਨੀ ਤੌਰ 'ਤੇ ਅਤੇ ਯੋਜਨਾ ਬਣਾ ਕੇ ਆਈ ਹਾਂ ਅਤੇ ਮੈਂ ਇੱਥੇ ਸੁਰੱਖਿਅਤ ਹਾਂ। ਮੈਂ ਸਾਰੇ ਮੀਡੀਆ ਕਰਮੀਆਂ ਨੂੰ ਬੇਨਤੀ ਕਰਦੀ ਹਾਂ ਕਿ ਉਹ ਮੇਰੇ ਰਿਸ਼ਤੇਦਾਰਾਂ ਅਤੇ ਬੱਚਿਆਂ ਨੂੰ ਤੰਗ ਨਾ ਕਰਨ।" ਅੰਜੂ ਦਾ ਵਿਆਹ ਰਾਜਸਥਾਨ ਦੇ ਅਰਵਿੰਦ ਨਾਲ ਹੋਇਆ ਹੈ। ਉਨ੍ਹਾਂ ਦੀ ਇੱਕ 15 ਸਾਲ ਦੀ ਬੇਟੀ ਅਤੇ ਇੱਕ 6 ਸਾਲ ਦਾ ਬੇਟਾ ਹੈ। ਅੰਜੂ ਭਾਰਤ ਤੋਂ ਵਾਹਗਾ-ਅਟਾਰੀ ਸਰਹੱਦ ਰਾਹੀਂ ਕਾਨੂੰਨੀ ਤੌਰ 'ਤੇ ਪਾਕਿਸਤਾਨ ਗਈ ਹੈ।

ਇਹ ਵੀ ਪੜ੍ਹੋ: ਕੈਨੇਡਾ ਤੋਂ ਆਈ ਮੰਦਭਾਗੀ ਖ਼ਬਰ, ਪੁੱਤ ਦੇ Birthday ਵਾਲੇ ਦਿਨ ਪੰਜਾਬੀ ਟਰੱਕ ਡਰਾਈਵਰ ਦੀ ਦਰਦਨਾਕ ਮੌਤ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 


cherry

Content Editor

Related News