ਪਾਕਿ ਨੂੰ ਇਕ ਡਾਲਰ ਦੀ ਵੀ ਮਦਦ ਨਹੀਂ ਦੇਣੀ ਚਾਹੀਦੀ : ਨਿੱਕੀ ਹੈਲੀ

Monday, Dec 10, 2018 - 10:56 AM (IST)

ਪਾਕਿ ਨੂੰ ਇਕ ਡਾਲਰ ਦੀ ਵੀ ਮਦਦ ਨਹੀਂ ਦੇਣੀ ਚਾਹੀਦੀ : ਨਿੱਕੀ ਹੈਲੀ

ਵਾਸ਼ਿੰਗਟਨ (ਭਾਸ਼ਾ)— ਪਾਕਿਸਤਾਨ ਅੱਤਵਾਦੀਆਂ ਨੂੰ ਲਗਾਤਾਰ ਪਨਾਹ ਦੇ ਰਿਹਾ ਹੈ। ਇਹ ਅੱਤਵਾਦੀ ਆ ਕੇ ਅਮਰੀਕੀ ਫੌਜੀਆਂ ਦੀ ਹੱਤਿਆ ਕਰਦੇ ਹਨ। ਸੰਯੁਕਤ ਰਾਸ਼ਟਰ ਵਿਚ ਅਮਰੀਕਾ ਦੀ ਰਾਜਦੂਤ ਨਿੱਕੀ ਹੈਲੀ ਨੇ ਇਸ ਗੱਲ 'ਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਜਦੋਂ ਤੱਕ ਪਾਕਿਸਤਾਨ ਇਸ ਸਮੱਸਿਆ ਦਾ ਹੱਲ ਨਹੀਂ ਕੱਢਦਾ ਹੈ ਉਦੋਂ ਤੱਕ ਅਮਰੀਕਾ ਨੂੰ ਉਸ ਨੂੰ ਇਕ ਡਾਲਰ ਦੀ ਵੀ ਮਦਦ ਨਹੀਂ ਦੇਣੀ ਚਾਹੀਦੀ। ਹੈਲੀ ਅਜਿਹੀ ਪਹਿਲੀ ਭਾਰਤੀ-ਅਮਰੀਕੀ ਹੈ, ਜਿਸ ਨੂੰ ਅਮਰੀਕਾ ਵਿਚ ਕੈਬਨਿਟ ਅਹੁਦੇ 'ਤੇ ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਅਮਰੀਕਾ ਨੂੰ ਉਨ੍ਹਾਂ ਦੇਸ਼ਾਂ ਨੂੰ ਪੈਸਾ ਦੇਣ ਦੀ ਕੋਈ ਲੋੜ ਨਹੀਂ ਹੈ ਜੋ ਅਮਰੀਕਾ ਦਾ ਅਹਿੱਤ ਚਾਹੁੰਦੇ ਹਨ ਅਤੇ ਉਸ ਦੀ ਪਿੱਠ ਪਿੱਛੇ ਗਲਤ ਕੰਮ ਕਰਦੇ ਹਨ। 

ਹੈਲੀ ਨੇ ਇਕ ਅਮਰੀਕੀ ਪਤੱਰਿਕਾ ਨੂੰ ਕਿਹਾ,''ਮੈਨੂੰ ਲੱਗਦਾ ਹੈ ਕਿ ਕਿਹੜੇ ਦੇਸ਼ਾਂ ਨਾਲ ਹਿੱਸੇਦਾਰੀ ਕਰਨੀ ਹੈ ਇਸ ਬਾਰੇ ਵਿਚ ਰਣਨੀਤਕ ਰੂਪ ਨਾਲ ਸੋਚਣ ਦੀ ਲੋੜ ਹੈ ਮਤਲਬ ਕੁਝ ਚੀਜ਼ਾਂ 'ਤੇ ਮਿਲ ਕੇ ਕੰਮ ਕਰਨ ਲਈ ਅਸੀਂ ਕਿਹੜੇ ਦੇਸ਼ਾਂ 'ਤੇ ਭਰੋਸਾ ਕਰ ਸਕਦੇ ਹਾਂ ਆਦਿ। ਮੈਨੂੰ ਲੱਗਦਾ ਹੈ ਕਿ ਅਸੀਂ ਅੱਖਾਂ ਬੰਦ ਕਰ ਕੇ ਪੈਸੇ ਉਂਝ ਹੀ ਦੇ ਦਿੰਦੇ ਹਾਂ, ਇਹ ਵੀ ਨਹੀਂ ਸੋਚਦੇ ਕਿ ਉਸ ਦਾ ਕੁਝ ਫਾਇਦਾ ਹੈ ਵੀ ਜਾਂ ਨਹੀਂ।'' ਉਨ੍ਹਾਂ ਨੇ ਕਿਹਾ,'' ਮੈਂ ਤੁਹਾਨੂੰ ਇਕ ਉਦਾਹਰਨ ਦਿੰਦੀ ਹਾਂ। ਪਾਕਿਸਤਾਨ ਨੂੰ ਹੀ ਲੈ ਲਓ, ਉਨ੍ਹਾਂ ਨੂੰ ਅਸੀਂ ਇਕ ਅਰਬ ਡਾਲਰ ਵੀ ਦਿੰਦੇ ਹਾਂ ਤਾਂ ਵੀ ਉਹ ਅੱਤਵਾਦੀਆਂ ਨੂੰ ਪਨਾਹ ਦਿੰਦੇ ਹਨ ਅਤੇ ਉਹੀ ਅੱਤਵਾਦੀ ਆ ਕੇ ਸਾਡੇ ਫੌਜੀਆਂ ਦੀ ਹੱਤਿਆ ਕਰਦੇ ਹਨ। ਇਹ ਬਿਲਕੁੱਲ ਵੀ ਠੀਕ ਨਹੀਂ ਹੈ। ਜਦੋਂ ਤੱਕ ਇਸ ਸਥਿਤੀ ਵਿਚ ਕੋਈ ਸੁਧਾਰ ਨਹੀਂ ਹੁੰਦਾ ਉਦੋਂ ਤੱਕ ਸਾਨੂੰ ਉਨ੍ਹਾਂ ਨੂੰ ਇਕ ਡਾਲਰ ਵੀ ਨਹੀਂ ਦੇਣਾ ਚਾਹੀਦਾ। ਸਗੋਂ ਸਾਨੂੰ ਉਸ ਪੈਸੇ ਦੀ ਵਰਤੋਂ ਕਰਨੀ ਚਾਹੀਦੀ ਹੈ ਕਿਉਂਕਿ ਇਹ ਕੋਈ ਮਾਮੂਲੀ ਰਾਸ਼ੀ ਨਹੀਂ ਹੈ।'' ਇੱਥੇ ਦੱਸ ਦਈਏ ਕਿ ਇਸ ਸਾਲ ਦੇ ਅਖੀਰ ਵਿਚ ਹੈਲੀ ਸੰਯੁਕਤ ਰਾਸ਼ਟਰ ਵਿਚ ਅਮਰੀਕੀ ਰਾਜਦੂਤ ਦਾ ਅਹੁਦਾ ਛੱਡ ਦੇਵੇਗੀ ਕਿਉਂਕਿ ਬੀਤੇ ਹਫਤੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਹੀਥਰ ਨੌਰਟ ਨੂੰ ਇਸ ਅਹੁਦੇ ਲਈ ਨਾਮਜ਼ਦ ਕੀਤਾ ਸੀ।


author

Vandana

Content Editor

Related News