ਮਗਨਰੇਗਾ ਸਕੀਮ ਖ਼ਤਮ ਕਰਨ ਦੇ ਰਾਹ ਤੁਰੀ ਭਾਜਪਾ ਦੀ ਚਾਲ ਨੂੰ ਕਾਂਗਰਸ ਸਫਲ ਨਹੀਂ ਹੋਣ ਦੇਵੇਗੀ: ਬਘੇਲ, ਵੜਿੰਗ

Sunday, Jan 11, 2026 - 07:00 PM (IST)

ਮਗਨਰੇਗਾ ਸਕੀਮ ਖ਼ਤਮ ਕਰਨ ਦੇ ਰਾਹ ਤੁਰੀ ਭਾਜਪਾ ਦੀ ਚਾਲ ਨੂੰ ਕਾਂਗਰਸ ਸਫਲ ਨਹੀਂ ਹੋਣ ਦੇਵੇਗੀ: ਬਘੇਲ, ਵੜਿੰਗ

ਬਾਘਾ ਪੁਰਾਣਾ (ਚਟਾਨੀ, ਅਜੇ, ਮੁਨੀਸ਼, ਅੰਕੁਸ਼, ਵਿਕਰਾਂਤ): ਭਾਜਪਾ ਦੀਆਂ ਗਰੀਬਾਂ , ਮਜ਼ਦੂਰਾਂ ਅਤੇ ਹੋਰਨਾਂ ਦਲਿਤਾਂ ਦੇ ਚੁੱਲਿਆਂ ਦੀ ਅੱਗ ਬੁਝਾਉਣ ਅਤੇ ਆਪਣੇ ਠੰਡੇ ਹੁੰਦੇ ਜਾ ਰਹੇ "ਸਿਆਸੀ ਚੁੱਲਿਆਂ" ਨੂੰ ਤਪਾਉਣ ਲਈ ਜੋ ਨਵੀਆਂ ਤਰਕੀਬਾਂ ਘੜੀਆਂ ਜਾ ਰਹੀਆਂ ਹਨ ,ਉਨ੍ਹਾਂ ਵਿੱਚੋਂ ਗਰੀਬਾਂ ਲਈ ਸਭ ਤੋਂ ਵੱਡੀ ਰਾਹਤ ਦੇਣ ਵਾਲੀ ਮਗਨਰੇਗਾ ਸਕੀਮ ਹੈ, ਜਿਸ ਉੱਪਰ ਕੁਹਾੜਾ ਚਲਾਇਆ ਜਾ ਰਿਹਾ ਹੈ। ਪਰ ਭਾਜਪਾ ਦੇ ਇਸ ਜ਼ੁਲਮ ਖਿਲਾਫ ਕਾਂਗਰਸ ਵੱਲੋਂ ਵਿੱਢਿਆ ਸੰਗਰਾਮ ਸਫ਼ਲਤਾ ਦੇ ਮੁਕਾਮ ਤੱਕ ਜਾਰੀ ਰਹੇਗਾ। ਰੋਹ ਭਰਿਆ ਇਹ ਪ੍ਰਗਟਾਵਾ ਕਾਂਗਰਸ ਦੀ ਉੱਚ ਲੀਡਰਸ਼ਿਪ ਵੱਡੀ ਰੈਲੀ ਦੌਰਾਨ ਕੀਤਾ। 

ਅੱਜ ਇਥੋਂ ਦੀ ਮੁੱਖ ਅਨਾਜ ਮੰਡੀ ਵਿਖੇ ਕਾਂਗਰਸ ਪਾਰਟੀ ਨੇ ਮਗਨਰੇਗਾ ਸਕੀਮ ’ਚ ਕੀਤੇ ਗਏ ਕਥਿਤ ਬਦਲਾਅ ਖਿਲਾਫ਼ ਵੱਡੀ ਰੈਲੀ ਕੀਤੀ। ਰੈਲੀ ਮੋਗਾ ਜ਼ਿਲ੍ਹੇ ਦੇ ਪ੍ਰਧਾਨ ਹਰੀ ਸਿੰਘ ਖਾਈ , ਜਗਸੀਰ ਸਿੰਘ ਕਾਲੇਕੇ ਅਤੇ ਭੋਲਾ ਸਿੰਘ ਸਮਾਧ ਭਾਈ ਦੀ ਅਗਵਾਈ ਹੇਠ ਹੋਈ। ਪੰਜਾਬ ਮਾਮਲਿਆਂ ਦੇ ਇੰਚਾਰਜ ਭੁਪੇਸ਼ ਬਘੇਲ ,ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਸੰਬੋਧਨ ਕਰਦਿਆਂ ਆਖਿਆ ਕਿ ਕਾਂਗਰਸ ਪਾਰਟੀ ਵੱਲੋਂ ਗਰੀਬ ਲੋਕਾਂ ਦੇ ਗਰੰਟੀ ਸ਼ੁਦਾ ਰੁਜ਼ਗਾਰ ਲਈ ਮਗਨਰੇਗਾ ਸਕੀਮ ਚਲਾਈ ਗਈ ਸੀ ਪ੍ਰੰਤੂ ਭਾਜਪਾ ਦੀ ਕੇਂਦਰ ਸਰਕਾਰ ਹੁਣ ਇਸ ਸਕੀਮ ਨੂੰ ਖਤਮ ਕਰਨ ਦੇ ਰਾਹ ਤੁਰ ਪਈ ਹੈ। ਜਿਸ ਨੂੰ ਕਾਂਗਰਸ ਪਾਰਟੀ ਹਰਗਿਜ਼ ਖਤਮ ਨਹੀਂ ਹੋਣ ਦੇਵੇਗੀ। ਆਗੂਆਂ ਨੇ ਭਾਰਤੀ ਜਨਤਾ ਪਾਰਟੀ ਉੱਪਰ ਰਾਜਾਂ ਦੀ ਖੁਦ ਮੁਖਤਿਆਰੀ ਵਿੱਚ ਦਖਲ ਅੰਦਾਜ਼ੀ ਕਰਨ ਦਾ ਦੋਸ਼ ਵੀ ਲਾਇਆ। ਉਹਨਾਂ ਆਖਿਆ ਕਿ ਮਗਨਰੇਗਾ ਸਕੀਮ ਦੇ ਨਾਮ ਨੂੰ ਬਦਲਣਾ ਭਾਜਪਾ ਦੀ ਇੱਕ ਅਜਿਹੀ ਚਲਾਕੀ ਹੈ, ਜਿਸ ਨਾਲ ਉਹ ਇਸ ਸਕੀਮ ਦਾ ਹੌਲੀ -ਹੌਲੀ ਭੋਗ ਪਾਉਣਾ ਚਾਹੁੰਦੀ ਹੈ। ਉਹਨਾਂ ਆਖਿਆ ਕਿ ਇਹ ਸਕੀਮ ਵਿਚ ਹੁਣ ਸੂਬਾ ਸਰਕਾਰ ਦਾ 10 ਦੀ ਬਜਾਏ 40% ਵਿੱਤੀ ਹਿੱਸਾ ਪਾਉਣ ਦੀ ਸ਼ਰਤ ਸਕੀਮ ਦੇ ਖਾਤਮੇ ਵੱਲ ਘਾਤਕ ਕਦਮ ਹੈ। 

ਪੰਜਾਬ ਮਾਮਲਿਆਂ ਦੇ ਸਹਿ ਇੰਚਾਰਜ ਰਵਿੰਦਰਾ ਡਾਲਵੀ , ਵਿਧਾਇਕ ਪ੍ਰਗਟ ਸਿੰਘ, ਵਿਧਾਇਕ ਲਾਡੀ ਸ਼ੇਰੋਵਾਲੀਆ, ਪ੍ਰਦੇਸ਼ ਕਾਂਗਰਸ ਦੇ ਜਨਰਲ ਸਕੱਤਰ ਸੰਦੀਪ ਸੰਧੂ, ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ, ਮਾਲਤੀ ਥਾਪਰ , ਵਿਜੇ ਸਾਥੀ , ਹਰੀ ਸਿੰਘ ਖਾਈ ਨੇ ਆਖਿਆ ਕਿ ਕਾਂਗਰਸ ਨੇ ਨਿਮਨ ਵਰਗ ਦੇ ਲੋਕਾਂ ਲਈ ਕੁੱਲੀ, ਗੁੱਲੀ ਅਤੇ ਜੁੱਲੀ ਦੀਆਂ ਮੁੱਢਲੀਆਂ ਜਰੂਰਤਾਂ ਦੀ ਪੂਰਤੀ ਲਈ ਲਾਹੇਵੰਦ ਸਕੀਮਾਂ ਚਲਾਈਆਂ ਜਦ ਕਿ ਭਾਜਪਾ ਨੇ ਗਰੀਬਾਂ ਨੂੰ ਭੁੱਖਮਰੀ ਵੱਲ ਧਕੇਲਣ ’ਚ ਕੋਈ ਕਸਰ ਬਾਕੀ ਨਹੀਂ ਛੱਡੀ। ਸਭਨਾਂ ਵੱਡੇ ਆਗੂਆਂ ਨੇ ਕਾਂਗਰਸ ਵਿੱਚ ਕਿਸੇ ਵੀ ਤਰ੍ਹਾਂ ਦੀ ਫੁੱਟ ਨੂੰ ਮੁੱਢੋਂ ਨਕਾਰਿਆ ਅਤੇ ਕਿਹਾ ਕਿ ਪਾਰਟੀ ਛੱਡ ਚੁੱਕੇ ਜਿਹੜੇ ਲੋਕ ਇਸ ਸਬੰਧੀ ਰੌਲਾ ਪਾ ਰਹੇ ਹਨ ਉਹਨਾਂ ਦੀ ਭਾਜਪਾ ਵਿਚ ਭੋਰਾ ਵੀ ਦਾਲ ਨਹੀਂ ਗਲੀ ਅਤੇ ਉਹ ਭਾਜਪਾ ਦੇ ਵੱਡੇ ਨੇਤਾਵਾਂ ਨੂੰ ਖੁਸ਼ ਕਰਨ ਲਈ ਅਜਿਹਾ ਕਰ ਰਹੇ ਹਨ। ਕਾਂਗਰਸੀ ਆਗੂਆਂ ਨੇ ਕਿਹਾ ਕਿ ਕਾਂਗਰਸ ਦੀ ਸਰਕਾਰ ਆਉਣ ’ਤੇ ਫਿਰੌਤੀਆਂ, ਗੈਂਗਸਟਰਵਾਦ ਅਤੇ ਕਤਲਾਂ ਡਾਕਿਆਂ ਦਾ ਸਫਾਇਆ ਕਰ ਦੇਣ ਦੀ ਪਹਿਲੇ ਦਿਨ ਹੀ ਜਿੰਮੇਵਾਰੀ ਨਿਭਾਈ ਜਾਏਗੀ । 

ਰੈਲੀ ਵਿਚ ਜੁੜੇ ਹਜ਼ਾਰਾਂ ਦੇ ਇਕੱਠ ਲਈ ਸੂਬਾ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਸਮੁੱਚੇ ਪ੍ਰਬੰਧਕਾਂ ਦਾ ਦਿਲੋਂ ਧੰਨਵਾਦ ਕੀਤਾ। ਇਸ ਮੌਕੇ ਸਾਬਕਾ ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ੍ਹ, ਭੁਪਿੰਦਰ ਸਿੰਘ ਸਾਹੋਕੇ ਹਲਕਾ ਇੰਚਾਰਜ਼ ਨਿਹਾਲ ਸਿੰਘ ਵਾਲਾ, ਐਡਵੋਕੇਟ ਰਵਿੰਦਰ ਸਿੰਘ ਰਵੀ ਗਰੇਵਾਲ, ਸਾਬਕਾ ਚੇਅਰਮੈਨ ਵਿਨੋਦ ਬਾਂਸਲ, ਸਾਬਕਾ ਚੇਅਰਮੈਨ ਪਰਮਪਾਲ ਸਿੰਘ ਤਖ਼ਤੂਪੁਰਾ, ਜਸਵੀਰ ਸਿੰਘ ਬਰਾੜ ਖੋਟੇ, ਮਨਜੀਤ ਸਿੰਘ ਮਾਨ ਮੈਂਬਰ ਪੀਪੀਸੀਸੀ, ਸਾਬਕਾ ਚੇਅਰਮੈਨ ਹਰਨੇਕ ਸਿੰਘ ਰਾਮੂਵਾਲਾ, ਜਸਵੰਤ ਸਿੰਘ ਪੱਪੀ ਰਾਊਕੇ ਕਲਾਂ, ਅਮਰਜੀਤ ਸਿੰਘ ਬਰਾੜ ਰਾਜਿਆਣਾ, ਜੱਗਾ ਹਿੱਸੋਵਾਲ, ਨਵਦੀਪ ਸਿੰਘ ਬੱਬੂ ਤੋਂ ਇਲਾਵਾ ਹੋਰ ਕਈ ਸਿਰ ਕੱਢ ਆਗੂ ਹਾਜ਼ਰ ਸਨ। ਰੈਲੀ ਦਾ ਸਮੁੱਚਾ ਸੰਚਾਲਨ ਸਰਦਾਰ ਮਲਕੀਤ ਸਿੰਘ ਦਾਖਾ ਨੇ ਬਾਖੂਬੀ ਨਿਭਾਇਆ।
 


author

Anmol Tagra

Content Editor

Related News