ਪਾਕਿ ਦੀ ''ਸਰਕਾਰੀ ਦੇਖ ਰੇਖ'' ਹੇਠ ਰਹੇਗੀ ਸਰਬਜੀਤ ਕੌਰ, ਹਾਲੇ ਨਹੀਂ ਆਵੇਗੀ ਭਾਰਤ

Saturday, Jan 10, 2026 - 01:36 PM (IST)

ਪਾਕਿ ਦੀ ''ਸਰਕਾਰੀ ਦੇਖ ਰੇਖ'' ਹੇਠ ਰਹੇਗੀ ਸਰਬਜੀਤ ਕੌਰ, ਹਾਲੇ ਨਹੀਂ ਆਵੇਗੀ ਭਾਰਤ

ਇੰਟਰਨੈਸ਼ਨਲ ਡੈਸਕ : ਪਾਕਿਸਤਾਨ 'ਚ ਰਹਿ ਗਈ ਪੰਜਾਬ ਦੀ ਸਰਬਜੀਤ ਕੌਰ ਦੇ ਭਾਰਤ ਪਰਤਣ ਦੇ ਮਾਮਲੇ 'ਚ ਇੱਕ ਨਵਾਂ ਮੋੜ ਆਇਆ ਹੈ। ਪਾਕਿਸਤਾਨ ਦੇ ਗ੍ਰਹਿ ਮੰਤਰਾਲੇ ਵੱਲੋਂ ਵਿਸ਼ੇਸ਼ ਯਾਤਰਾ ਪਰਮਿਟ ਰੋਕ ਦਿੱਤੇ ਜਾਣ ਕਾਰਨ ਹੁਣ ਉਸ ਨੂੰ ਸਖ਼ਤ ਪੁਲਸ ਸੁਰੱਖਿਆ ਹੇਠ ਲਾਹੌਰ ਦੇ 'ਦਾਰੁਲ ਅਮਾਨ' (ਸਰਕਾਰੀ ਸ਼ੈਲਟਰ ਹੋਮ) ਵਿੱਚ ਤਬਦੀਲ ਕਰ ਦਿੱਤਾ ਗਿਆ ਹੈ।

ਪਰਮਿਟ ਮਿਲਣ 'ਚ ਹੋ ਸਕਦੀ ਹੈ ਦੇਰੀ 
ਪਾਕਿਸਤਾਨੀ ਅਧਿਕਾਰੀਆਂ ਨੇ ਪੁਸ਼ਟੀ ਕੀਤੀ ਹੈ ਕਿ ਜਦੋਂ ਤੱਕ ਭਾਰਤ ਵਾਪਸੀ ਲਈ ਲੋੜੀਂਦੇ ਕਾਨੂੰਨੀ ਦਸਤਾਵੇਜ਼ ਅਤੇ ਪਰਮਿਟ ਜਾਰੀ ਨਹੀਂ ਹੁੰਦੇ, ਸਰਬਜੀਤ ਕੌਰ ਨੂੰ ਦਾਰੁਲ ਅਮਾਨ ਵਿੱਚ ਹੀ ਰੱਖਿਆ ਜਾਵੇਗਾ। ਉਮੀਦ ਜਤਾਈ ਜਾ ਰਹੀ ਹੈ ਕਿ ਇਹ ਪਰਮਿਟ ਅਗਲੇ ਹਫ਼ਤੇ ਤੱਕ ਜਾਰੀ ਹੋ ਸਕਦਾ ਹੈ। ਇਸ ਦੌਰਾਨ 9 ਜਨਵਰੀ 2026 ਨੂੰ ਉਸਦੀ ਮੈਡੀਕਲ ਜਾਂਚ ਵੀ ਕਰਵਾਈ ਗਈ, ਜਿਸ ਵਿੱਚ ਉਸਦੀ ਸਿਹਤ ਤੰਦਰੁਸਤ ਪਾਈ ਗਈ ਹੈ। ਲਾਹੌਰ ਹਾਈਕੋਰਟ ਵਿੱਚ ਉਸਦੀ ਪੈਰਵੀ ਕਰ ਰਹੇ ਵਕੀਲ ਅਲੀ ਚੰਗੇਜ਼ੀ ਸੰਧੂ ਕਾਨੂੰਨੀ ਪ੍ਰਕਿਰਿਆਵਾਂ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।

ਕਿਵੇਂ ਸ਼ੁਰੂ ਹੋਇਆ ਇਹ ਵਿਵਾਦ? 
ਸਰਬਜੀਤ ਕੌਰ 4 ਨਵੰਬਰ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ 1932 ਸ਼ਰਧਾਲੂਆਂ ਦੇ ਜਥੇ ਨਾਲ ਅੰਮ੍ਰਿਤਸਰ ਤੋਂ ਪਾਕਿਸਤਾਨ ਗਈ ਸੀ। ਜਦੋਂ 13 ਨਵੰਬਰ ਨੂੰ ਜਥਾ ਵਾਪਸ ਪਰਤਿਆ ਤਾਂ ਸਰਬਜੀਤ ਕੌਰ ਗਾਇਬ ਸੀ। ਬਾਅਦ ਵਿੱਚ ਸੋਸ਼ਲ ਮੀਡੀਆ 'ਤੇ ਉਸਦਾ ਨਿਕਾਹਨਾਮਾ ਅਤੇ ਵੀਡੀਓ ਵਾਇਰਲ ਹੋ ਗਈ, ਜਿਸ ਵਿੱਚ ਉਸਨੇ ਦਾਅਵਾ ਕੀਤਾ ਕਿ ਉਸਨੇ ਇਸਲਾਮ ਧਰਮ ਅਪਣਾ ਲਿਆ ਹੈ ਅਤੇ ਸ਼ੇਖੂਪੁਰਾ ਦੇ ਨਾਸਿਰ (ਨੂਰ ਹੁਸੈਨ) ਨਾਮਕ ਵਿਅਕਤੀ ਨਾਲ ਨਿਕਾਹ ਕਰ ਲਿਆ ਹੈ। ਉਸਨੇ ਇਹ ਵੀ ਕਿਹਾ ਸੀ ਕਿ ਉਹ ਨਾਸਿਰ ਨੂੰ ਪਿਛਲੇ 9 ਸਾਲਾਂ ਤੋਂ ਜਾਣਦੀ ਹੈ ਅਤੇ ਉਹ ਤਲਾਕਸ਼ੁਦਾ ਹੈ। ਜ਼ਿਕਰਯੋਗ ਹੈ ਕਿ ਸਰਬਜੀਤ ਕੌਰ ਨੇ ਸੁਲਤਾਨਪੁਰ ਲੋਧੀ ਦੇ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਆਪਣਾ ਪਾਸਪੋਰਟ ਜਮ੍ਹਾ ਕਰਵਾਇਆ ਸੀ, ਜਿੱਥੋਂ ਉਸਦਾ ਵੀਜ਼ਾ ਲੱਗਿਆ ਸੀ। ਹੁਣ ਇਹ ਮਾਮਲਾ ਦੋਵਾਂ ਦੇਸ਼ਾਂ ਦੇ ਵਿਚਕਾਰ ਇੱਕ ਮਾਨਵਤਾਵਾਦੀ ਅਤੇ ਕਾਨੂੰਨੀ ਪੇਚੀਦਗੀ ਬਣ ਗਿਆ ਹੈ। ਸਾਰਿਆਂ ਦੀਆਂ ਨਜ਼ਰਾਂ ਹੁਣ ਪਾਕਿਸਤਾਨ ਸਰਕਾਰ 'ਤੇ ਹਨ ਕਿ ਉਹ ਕਦੋਂ ਵਿਸ਼ੇਸ਼ ਪਰਮਿਟ ਜਾਰੀ ਕਰਦੀ ਹੈ ਤਾਂ ਜੋ ਉਹ ਵਤਨ ਪਰਤ ਸਕੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Whatsapp Channel: https://whatsapp.com/channel/0029Va94hsaHAdNVur4L170e

 


author

Shubam Kumar

Content Editor

Related News