ਬਦਮਾਸ਼ਾਂ ਨੇ ਫ਼ੂਕ ਦਿੱਤੀਆਂ ਘਰ ਦੇ ਬਾਹਰ ਖੜ੍ਹੀਆਂ ਗੱਡੀਆਂ! ਘਰ ਨੂੰ ਵੀ ਲਾਈ ਅੱਗ
Monday, Jan 05, 2026 - 01:45 PM (IST)
ਲੁਧਿਆਣਾ (ਰਾਜ): ਉਦਯੋਗਿਕ ਨਗਰੀ ਵਿਚ ਬਦਮਾਸ਼ਾਂ ਦੇ ਹੌਸਲੇ ਇਸ ਕਦਰ ਬੁਲੰਦ ਹੋ ਚੁੱਕੇ ਹਨ ਕਿ ਲੋਕਾਂ ਦੇ ਘਰਾਂ ਦੇ ਬਾਹਰ ਖੜ੍ਹੀਆਂ ਗੱਡੀਆਂ ਵੀ ਸੁਰੱਖਿਅਤ ਨਹੀਂ ਹਨ। ਦੇਰ ਰਾਤ ਥਾਣਾ ਡਵੀਜ਼ਨ ਨੰਬਰ 7 ਦੇ ਅਧੀਨ ਆਉਂਦੀ ਸੰਜੇ ਗਾਂਧੀ ਕਾਲੋਨੀ ਵਿਚ ਨਕਾਬਪੋਸ਼ ਬਦਮਾਸ਼ਾਂ ਨੇ ਨਾ ਸਿਰਫ਼ ਗੱਡੀਆਂ ਦੇ ਸ਼ੀਸ਼ੇ ਭੰਨ੍ਹ ਦਿੱਤੇ, ਸਗੋਂ ਇਕ ਜੁਗਾੜੂ ਰੇਹੜੇ ਤੇ ਘਰ ਦੇ ਗੇਟ 'ਤੇ ਪੈਟਰੋਲ ਪਾ ਕੇ ਅੱਗ ਲਾ ਦਿੱਤੀ। ਹੱਥਾਂ 'ਚ ਤੇਜ਼ਧਾਰ ਹਥਿਆਰ ਲਈ ਇਨ੍ਹਾਂ ਮੁਲਜ਼ਮਾਂ ਦੀ ਪੂਰੀ ਕਰਤੂਤ ਗਲੀ ਵਿਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਵਿਚ ਕੈਦ ਹੋ ਗਈ।
ਪੀੜਤ ਕੇਸਰੀ ਨੇ ਦੱਸਿਆ ਕਿ ਰਾਤ ਦੇ ਵੇਲੇ ਦੋ ਨਕਾਬਪੋਸ਼ ਨੌਜਵਾਨ ਗਲੀ ਵਿਚ ਦਾਖ਼ਲ ਹੋਏ, ਉਨ੍ਹਾਂ ਕੋਲ ਪੈਟਰੋਲ ਨਾਲ ਭਰੀਆਂ ਬੋਤਲਾਂ ਤੇ ਤੇਜ਼ਦਾਰ ਹਥਿਆਰ ਸਨ। ਸੀ. ਸੀ. ਟੀ. ਵੀ. ਫੁਟੇਜ ਵਿਚ ਸਾਫ਼ ਦਿਖ ਰਿਹਾ ਹੈ ਕਿ ਬਦਮਾਸ਼ਾਂ ਨੇ ਪਹਿਲਾਂ ਇਕ ਵਾਹਨ 'ਤੇ ਪੈਟਰੋਲ ਪਾਇਆ ਤੇ ਫ਼ਿਰ ਉਸ ਨੂੰ ਅੱਗ ਲਗਾ ਦਿੱਤੀ। ਉਨ੍ਹਾਂ ਦੀ ਬਦਮਾਸ਼ੀ ਇੱਥੇ ਹੀ ਨਹੀਂ ਰੁਕੀ, ਅੱਗ ਲਗਾਉਣ ਮਗਰੋਂ ਬਦਮਾਸ਼ਾਂ ਨੇ ਸੜਦੇ ਹੋਏ ਵਾਹਨ 'ਤੇ ਕੁਲਹਾੜੀ ਤੇ ਗੰਡਾਸਿਆਂ ਨਾਲ ਵਾਰ ਵੀ ਕੀਤੇ। ਇਸ ਮਗਰੋਂ ਉਨ੍ਹਾਂ ਨੇ ਉਸ ਦੇ ਘਰ ਦੇ ਮੁੱਖ ਗੇਟ ਨੂੰ ਵੀ ਅੱਗ ਲਾਉਣ ਦੀ ਕੋਸ਼ਿਸ਼ ਕੀਤੀ। ਬਦਮਾਸ਼ਾਂ ਨੇ ਮੁਹੱਲੇ ਵਿਚ ਖੜ੍ਹੇ ਕਈ ਹੋਰ ਵਾਹਨਾਂ ਨੂੰ ਵੀ ਨਿਸ਼ਾਨਾ ਬਣਾਇਆ ਹੈ। ਇਸ ਘਟਨਾ ਮਗਰੋਂ ਇਲਾਕੇ ਵਿਚ ਡਰ ਤੇ ਗੁੱਸੇ ਦਾ ਮਾਹੌਲ ਹੈ।
ਥਾਣਾ ਡਵੀਜ਼ਨ ਨੰਬਰ 7 ਦੀ ਪੁਲਸ ਨੇ ਸ਼ਿਕਾਇਤ ਦਰਜ ਕਰ ਲਈ ਹੈ। ਪੁਲਸ ਅਫ਼ਸਰਾਂ ਦਾ ਕਹਿਣਾ ਹੈ ਕਿ ਸੀ. ਸੀ. ਟੀ. ਵੀ. ਫੁਟੇਜ ਦੇ ਅਧਾਰ 'ਤੇ ਬਦਮਾਸ਼ਾਂ ਦੇ ਹੁਲੀਏ ਦੀ ਪਛਾਣ ਕੀਤੀ ਜਾ ਰਹੀ ਹੈ ਤੇ ਛੇਤੀ ਹੀ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
