ਬ੍ਰਿਟੇਨ ਦੇ ਨਵੇਂ ਯਾਤਰਾ ਨਿਯਮਾਂ ਨਾਲ ਅਨਿਸ਼ਚਿਤਤਾ ਵਧੇਗੀ: ਏਅਰਲਾਈਨਜ਼
Friday, Jun 25, 2021 - 05:56 PM (IST)
ਲੰਡਨ (ਭਾਸ਼ਾ) : ਏਅਰਲਾਈਨਜ਼ ਅਤੇ ਛੁੱਟੀਆਂ ਮਨਾਉਣ ਦੀਆਂ ਸੁਵਿਧਾਵਾਂ ਦੇਣ ਵਾਲੀਆਂ ਕੰਪਨੀਆਂ ਨੇ ਯਾਤਰਾ ਪਾਬੰਦੀਆਂ ਵਿਚ ਢਿੱਲ ਦੇਣ ਦੀਆਂ ਬ੍ਰਿਟੇਨ ਦੀਆਂ ਯੋਜਨਾਵਾਂ ’ਤੇ ਸ਼ੁੱਕਰਵਾਰ ਨੂੰ ਨਾਖ਼ੁਸ਼ੀ ਜਤਾਉਂਦੇ ਹੋਏ ਕਿਹਾ ਕਿ ਨਵੇਂ ਨਿਯਮ ਕਦੋਂ ਅਤੇ ਕਿਵੇਂ ਲਾਗੂ ਹੋਣਗੇ, ਇਸ ’ਤੇ ਅਨਿਸ਼ਚਿਤਤਾ ਨੇ ਲੋਕਾਂ ਲਈ ਗਰਮੀਆਂ ਦੀਆਂ ਛੁੱਟੀਆ ਲਈ ਬੁਕਿੰਗ ਕਰਾਉਣਾ ਮੁਸ਼ਕਲ ਕਰ ਦਿੱਤਾ ਹੈ। ਸਰਕਾਰ ਨੇ ਸੁਰੱਖਿਅਤ ਯਾਤਰਾ ਵਾਲੇ ਸਥਾਨਾਂ ਦੀ ਆਪਣੀ ‘ਗ੍ਰੀਨ ਸੂਚੀ’ ਦਾ ਵੀਰਵਾਰ ਨੂੰ ਵਿਸਥਾਰ ਕਰਦੇ ਹੋਏ ਲੋਕਾਂ ਨੂੰ ਬ੍ਰਿਟੇਨ ਪਰਤਣ ਦੇ ਬਾਅਦ ਖ਼ੁਦ ਨੂੰ 10 ਦਿਨਾਂ ਲਈ ਇਕਾਂਤਵਾਸ ਕੀਤੇ ਬਿਨਾਂ ਘੁੰਮਣ ਦੀ ਇਜਾਜ਼ਤ ਦਿੱਤੀ।
ਟ੍ਰਾਂਸਪੋਰਟੇਸ਼ਨ ਅਥਾਰਟੀ ਨੇ ਇਹ ਵੀ ਕਿਹਾ ਕਿ ਉਨ੍ਹਾਂ ਨੂੰ ਪੂਰੀ ਤਰ੍ਹਾਂ ਨਾਲ ਟੀਕਾ ਲਗਵਾ ਚੁੱਕੇ ਯਾਤਰੀਆਂ ਦੇ ਅਮਰੀਕਾ ਅਤੇ ਯੂਰਪੀ ਸੰਘ ਦੇ ਜ਼ਿਆਦਾਤਰ ਦੇਸ਼ਾਂ ਸਮੇਤ ਉਚ ਜੋਖ਼ਮ ਵਾਲੇ ਸਥਾਨਾਂ ’ਤੇ ਬਿਨਾਂ ਇਕਾਂਤਵਾਸ ਹੋਏ ਘੁੰਮਣ ਦੀ ਇਜਾਜ਼ਤ ਦੇ ਕੇ ਯਾਤਰਾ ਪਾਬੰਦੀਆਂ ਵਿਚ ਢਿੱਲ ਦੇਣ ਦੀ ਉਮੀਦ ਸੀ। ਉਨ੍ਹਾਂ ਨੂੰ ਗਰਮੀਆਂ ਵਿਚ ਹੀ ਇਸ ਬਦਲਾਅ ਦੇ ਲਾਗੂ ਹੋਣ ਦੀ ਉਮੀਦ ਹੈ। ਨਿਊਯਾਰਕ, ਲਾਸ ਏਂਜਲਸ ਅਤੇ ਬਾਰਬਾਡੋਸ ਵਰਗੇ ਸਥਾਨਾਂ ’ਤੇ ਜਹਾਜ਼ਾਂ ਦਾ ਸੰਚਾਲਣ ਕਰਨ ਵਾਲੀ ਵਰਜਿਨ ਅਟਲਾਂਟਿਕ ਦੇ ਮੁੱਖ ਕਾਰਜਕਾਰੀ ਸਹਾਇ ਵਿਸ ਨੇ ਕਿਹਾ, ‘ਬ੍ਰਿਟੇਨ ਪਹਿਲਾਂ ਹੀ ਯੂਰਪੀ ਸੰਘ ਦੇ ਫਿਰ ਤੋਂ ਖੋਲ੍ਹਣ ਦੀ ਪ੍ਰਕਿਰਿਆ ਤੋਂ ਪਿੱਛੇ ਚੱਲ ਰਿਹਾ ਹੈ ਅਤੇ ਬਹੁਤ ਜ਼ਿਆਦਾ ਸਾਵਧਾਨ ਰਵੱਈਏ ਨਾਲ ਆਰਥਿਕ ਬਹਾਲੀ ’ਤੇ ਅਸਰ ਪਏਗਾ ਅਤੇ ਬ੍ਰਿਟੇਨ ਵਿਚ 500,000 ਨੌਕਰੀਆਂ ਦਾਅ ’ਤੇ ਹਨ।’
ਏਅਰਲਾਈਨ ਅਤੇ ਪ੍ਰਾਹੁਣਚਾਰੀ ਕੰਪਨੀਆਂ ਨੇ ਬ੍ਰਿਟੇਨ ਵਿਚ ਸਫ਼ਲ ਟੀਕਾਕਰਨ ਅਭਿਆਨ ਦੇ ਬਾਅਦ ਕੋਵਿਡ-19 ਨੂੰ ਫੈਲਣ ਤੋਂ ਰੋਕਣ ਲਈ ਲਾਗੂ ਯਾਤਰਾ ਪਾਬੰਦੀਆ ਵਿਚ ਢਿੱਲ ਦੇਣ ਲਈ ਸਰਕਾਰ ’ਤੇ ਦਬਾਅ ਬਣਾਇਆ ਹੈ। ਮਹਾਮਾਰੀ ਨੇ ਬ੍ਰਿਟੇਨ ਦੇ ਯਾਤਰਾ ਉਦਯੋਗ ਨੂੰ ਬਰਬਾਦ ਕਰ ਦਿੱਤਾ ਹੈ।