ਹੀਥਰੋ ਦੇ ਫੈਸਲੇ ਤੋਂ ਨਾਰਾਜ਼ ਏਅਰਲਾਈਨਜ਼, ਯਾਤਰੀਆਂ ਨੂੰ ਕਰਨਾ ਪੈ ਰਿਹਾ ਪਰੇਸ਼ਾਨੀ ਦਾ ਸਾਹਮਣਾ
Friday, Jul 15, 2022 - 06:48 PM (IST)
 
            
            ਨਵੀਂ ਦਿੱਲੀ - ਲੰਡਨ ਦੇ ਹੀਥਰੋ ਹਵਾਈ ਅੱਡੇ ਨੇ ਮੁਸਾਫਰਾਂ ਦੀਆਂ ਲੰਬੀਆਂ ਕਤਾਰਾਂ, ਸਾਮਾਨ ਦੇ ਆਉਣ 'ਚ ਦੇਰੀ ਵਰਗੀਆਂ ਸਮੱਸਿਆਵਾਂ ਕਾਰਨ ਰੋਜ਼ਾਨਾ ਸਿਰਫ 1 ਲੱਖ ਲੋਕਾਂ ਨੂੰ ਉਡਾਣ ਭਰਨ ਦੀ ਇਜਾਜ਼ਤ ਦੇਣ ਦਾ ਫੈਸਲਾ ਕੀਤਾ ਹੈ। ਯਾਤਰੀਆਂ ਦੀ ਗਿਣਤੀ 'ਤੇ ਇਸ ਪਾਬੰਦੀ ਨੇ ਲੰਡਨ ਅਤੇ ਭਾਰਤ ਵਿਚਾਲੇ ਉਡਾਣਾਂ ਨੂੰ ਪ੍ਰਭਾਵਿਤ ਕੀਤਾ ਹੈ।
ਇਹ ਵੀ ਪੜ੍ਹੋ : ਸੋਨੇ-ਚਾਂਦੀ ਦੀ ਸਮੱਗਲਿੰਗ ’ਤੇ ਕੱਸਿਆ ਜਾਵੇਗਾ ਸ਼ਿਕੰਜਾ! ਇਨ੍ਹਾਂ ਉਤਪਾਦਾਂ ਦੀ ਹੋਵੇਗੀ ਨਿਗਰਾਨੀ
ਵਰਜਿਨ ਏਅਰਲਾਈਨਜ਼ ਨੇ ਅੱਜ ਲੰਡਨ ਤੋਂ ਦਿੱਲੀ ਲਈ ਆਪਣੀ ਸਵੇਰ ਦੀ ਉਡਾਣ ਰੱਦ ਕਰ ਦਿੱਤੀ ਹੈ। ਏਅਰ ਇੰਡੀਆ ਨੇ ਲੰਡਨ-ਅਹਿਮਦਾਬਾਦ ਫਲਾਈਟ ਨੂੰ ਵੀ ਕਈ ਘੰਟੇ ਅੱਗੇ ਵਧਾ ਦਿੱਤਾ ਹੈ। ਹੀਥਰੋ ਹਵਾਈ ਅੱਡੇ 'ਤੇ ਇਹ ਪਾਬੰਦੀ 11 ਸਤੰਬਰ ਤੱਕ ਲਾਗੂ ਰਹੇਗੀ, ਜਿਸ ਨਾਲ ਅਗਲੇ ਦੋ ਮਹੀਨਿਆਂ ਤੱਕ ਦੋਵਾਂ ਦੇਸ਼ਾਂ ਵਿਚਾਲੇ ਹਵਾਈ ਆਵਾਜਾਈ ਘੱਟ ਹੋ ਸਕਦੀ ਹੈ।
ਜ਼ਿਕਰਯੋਗ ਹੈ ਕਿ ਹੀਥਰੋ ਬ੍ਰਿਟੇਨ ਦਾ ਸਭ ਤੋਂ ਵਿਅਸਤ ਹਵਾਈ ਅੱਡਾ ਹੈ ਅਤੇ ਯਾਤਰੀਆਂ ਦੀ ਗਿਣਤੀ ਘੱਟ ਕਰਨ ਦਾ ਫੈਸਲਾ ਇਸ ਲਈ ਲਿਆ ਗਿਆ ਹੈ ਕਿਉਂਕਿ ਯਾਤਰੀਆਂ ਦੀ ਗਿਣਤੀ ਵਧਣ ਕਾਰਨ ਏਅਰਪੋਰਟ ਪ੍ਰਸ਼ਾਸਨ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹੀਥਰੋ ਹਵਾਈ ਅੱਡੇ ਦੇ ਫੈਸਲੇ ਨੇ ਕਈ ਏਅਰਲਾਈਨਾਂ ਨੂੰ ਆਪਣੀਆਂ ਉਡਾਣਾਂ ਰੱਦ ਕਰਨ ਲਈ ਮਜਬੂਰ ਕੀਤਾ ਹੈ ਅਤੇ ਕੁਝ ਨੂੰ ਆਪਣਾ ਸਮਾਂ ਬਦਲਣਾ ਪਿਆ ਹੈ ਜਾਂ ਯੂਕੇ ਦੇ ਕਿਸੇ ਹੋਰ ਹਵਾਈ ਅੱਡੇ 'ਤੇ ਉਡਾਣ ਭਰਨੀ ਪੈ ਰਹੀ ਹੈ।
ਇਹ ਵੀ ਪੜ੍ਹੋ : ਚੰਡੀਗੜ੍ਹ ਏਅਰਪੋਰਟ ਤੋਂ ਟੋਰਾਂਟੋ-ਲੰਡਨ ਲਈ ਜਲਦ ਉਡਣਗੇ ਜਹਾਜ਼, ਘਰੇਲੂ ਫਲਾਈਟਾਂ ’ਚ ਵੀ ਹੋਵੇਗਾ ਵਾਧਾ
ਏਅਰ ਇੰਡੀਆ, ਵਿਸਤਾਰਾ, ਬ੍ਰਿਟਿਸ਼ ਏਅਰਵੇਜ਼ ਅਤੇ ਵਰਜਿਨ ਐਟਲਾਂਟਿਕ ਭਾਰਤ ਅਤੇ ਲੰਡਨ ਵਿਚਕਾਰ ਰੋਜ਼ਾਨਾ ਉਡਾਣ ਭਰਦੇ ਹਨ। ਏਅਰ ਇੰਡੀਆ ਲੰਡਨ ਲਈ ਹਫ਼ਤੇ ਵਿੱਚ 33 ਅਤੇ ਬਰਮਿੰਘਮ ਲਈ ਹਫ਼ਤੇ ਵਿੱਚ ਇੱਕ ਉਡਾਣ ਚਲਾਉਂਦੀ ਹੈ। ਇਸੇ ਤਰ੍ਹਾਂ ਵਿਸਤਾਰਾ ਦੀ ਦਿੱਲੀ ਤੋਂ ਲੰਡਨ ਲਈ ਹਰ ਰੋਜ਼ ਇੱਕ ਫਲਾਈਟ ਹੈ।
ਹੀਥਰੋ ਨੇ ਏਅਰਲਾਈਨਜ਼ ਨੂੰ 25 ਜੁਲਾਈ ਤੱਕ ਕੁਝ ਉਡਾਣਾਂ ਰੱਦ ਕਰਨ ਲਈ ਕਿਹਾ ਹੈ। ਏਅਰਲਾਈਨਜ਼ ਉਡਾਣਾਂ ਦਾ ਸਮਾਂ ਬਦਲ ਕੇ ਘੱਟੋ-ਘੱਟ ਉਡਾਣਾਂ ਰੱਦ ਕਰਨ ਦੀ ਸੰਭਾਵਨਾ ਤਲਾਸ਼ ਰਹੀਆਂ ਹਨ। ਏਅਰਲਾਈਨ ਨੇ ਇੱਕ ਬਿਆਨ ਵਿੱਚ ਕਿਹਾ, 'ਏਅਰ ਇੰਡੀਆ ਨੇ ਟਿਕਟਾਂ ਦੀ ਵਿਕਰੀ ਵਿੱਚ ਸੀਟਾਂ ਦੀ ਸੰਖਿਆ ਨੂੰ ਸੀਮਤ ਕਰਨ ਲਈ ਕਿਹਾ ਹੈ। ਪਰ ਇਹ ਕਹਿਣਾ ਬਹੁਤ ਜਲਦਬਾਜ਼ੀ ਹੈ ਕਿ ਇਸ ਦਾ ਕਿੰਨਾ ਪ੍ਰਭਾਵ ਹੋਵੇਗਾ।” ਵਿਸਤਾਰਾ ਦੇ ਬੁਲਾਰੇ ਨੇ ਕਿਹਾ ਕਿ ਉਸ ਕੋਲ ਲੰਡਨ ਹੀਥਰੋ ਦੇ ਸੰਚਾਲਨ ਬਾਰੇ ਜਾਣਕਾਰੀ ਨਹੀਂ ਹੈ। ਵਰਜਿਨ ਐਟਲਾਂਟਿਕ ਨੇ ਕਿਹਾ ਕਿ ਪ੍ਰਭਾਵਿਤ ਯਾਤਰੀਆਂ ਨੂੰ ਵਿਕਲਪਕ ਉਡਾਣਾਂ ਲਈ ਟਿਕਟਾਂ ਦਿੱਤੀਆਂ ਜਾਣਗੀਆਂ।
ਇਹ ਵੀ ਪੜ੍ਹੋ : ਵਿਵਾਦਾਂ 'ਚ SpiceJet, 2 ਘੰਟੇ ਲੇਟ ਲੈਂਡ ਹੋਈ ਉਡਾਣ ਦੇ 50 ਯਾਤਰੀਆਂ ਦਾ ਸਾਮਾਨ ਗ਼ਾਇਬ
ਦੁਬਈ ਦੀ ਅਮੀਰਾਤ ਏਅਰਲਾਈਨਜ਼ ਦਾ ਕਹਿਣਾ ਹੈ, "ਪ੍ਰਭਾਵਿਤ ਯਾਤਰੀਆਂ ਦੀ ਵੱਡੀ ਗਿਣਤੀ ਨੂੰ ਦੇਖਦੇ ਹੋਏ, ਦੁਬਾਰਾ ਟਿਕਟਾਂ ਬੁੱਕ ਕਰਨਾ ਅਸੰਭਵ ਹੋਵੇਗਾ ਕਿਉਂਕਿ ਸਾਰੀਆਂ ਉਡਾਣਾਂ ਵਿੱਚ ਅਗਲੇ ਕੁਝ ਹਫ਼ਤਿਆਂ ਤੱਕ ਸੀਟਾਂ ਬੁੱਕ ਹੋ ਚੁੱਕੀਆਂ ਹਨ।" ਕੰਪਨੀ ਨੇ ਕਿਹਾ ਕਿ ਅਗਲੇ ਨੋਟਿਸ ਤੱਕ, ਅਮੀਰਾਤ ਪਹਿਲਾਂ ਵਾਂਗ ਲੰਡਨ ਲਈ ਉਡਾਣ ਜਾਰੀ ਰੱਖਣ ਦੀ ਯੋਜਨਾ ਬਣਾ ਰਹੀ ਹੈ।
ਇਸ ਦੌਰਾਨ, ਹੀਥਰੋ ਹਵਾਈ ਅੱਡੇ ਦੇ ਬੁਲਾਰੇ ਨੇ ਕਿਹਾ, "ਅਸੀਂ ਉਡਾਣਾਂ ਨੂੰ ਇਸ ਤਰੀਕੇ ਨਾਲ ਚਲਾਉਣ ਲਈ ਏਅਰਲਾਈਨਾਂ ਨਾਲ ਕੰਮ ਕਰ ਰਹੇ ਹਾਂ ਕਿ ਯਾਤਰੀਆਂ ਦੀ ਗਿਣਤੀ ਉਪਲਬਧ ਸਮਰੱਥਾ ਤੋਂ ਵੱਧ ਨਾ ਹੋਵੇ।" ਯਾਤਰੀਆਂ ਨੂੰ ਬਿਹਤਰ ਸੁਵਿਧਾ ਅਤੇ ਸੁਰੱਖਿਅਤ ਯਾਤਰਾ ਦਾ ਅਨੁਭਵ ਪ੍ਰਦਾਨ ਕਰਨ ਲਈ ਇਹ ਕਦਮ ਚੁੱਕੇ ਜਾ ਰਹੇ ਹਨ।
ਇਹ ਵੀ ਪੜ੍ਹੋ : ਚੀਨੀ ਕੰਪਨੀ OPPO ਨੇ 4,389 ਕਰੋੜ ਰੁਪਏ ਦੀ ਕਸਟਮ ਡਿਊਟੀ ਦੀ ਕੀਤੀ ਚੋਰੀ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            