ਅਫਗਾਨਿਸਤਾਨ: ਤਾਲਿਬਾਨ ਨੇ ਲਸ਼ਕਰਗਾਹ ’ਤੇ ਕੀਤਾ ਕਬਜ਼ਾ
Friday, Aug 13, 2021 - 04:00 PM (IST)
ਕਾਬੁਲ (ਭਾਸ਼ਾ) : ਤਾਲਿਬਾਨ ਨੇ ਦੱਖਣੀ ਅਫਗਾਨਿਸਤਾਨ ਵਿਚ ਤਿੰਨ ਹੋਰ ਸੂਬਾਈ ਰਾਜਧਾਨੀਆਂ ਉੱਤੇ ਕਬਜ਼ਾ ਕਰ ਲਿਆ ਹੈ, ਜਿਸ ਵਿਚ ਹੇਲਮੰਦ ਸੂਬਾ ਵੀ ਸ਼ਾਮਲ ਹੈ। ਤਾਲਿਬਾਨ ਹੌਲੀ ਹੌਲੀ ਰਾਜਧਾਨੀ ਕਾਬੁਲ ਵਿਚ ਸਰਕਾਰੀ ਘੇਰਾਬੰਦੀ ਦੀ ਕੋਸ਼ਿਸ਼ ਤਹਿਤ ਅੱਗੇ ਵੱਧ ਰਿਹਾ ਹੈ। ਹੇਲਮੰਦ ਦੀ ਸੂਬਾਈ ਰਾਜਧਾਨੀ ਲਸ਼ਕਰਗਾਹ ਅਫਗਾਨ ਸਰਕਾਰ ਦੇ ਹੱਥੋਂ ਖਿਸਕ ਗਈ ਹੈ। ਤਕਰੀਬਨ 2 ਦਹਾਕਿਆਂ ਦੀ ਲੜਾਈ ਦੌਰਾਨ ਸੈਂਕੜੇ ਵਿਦੇਸ਼ੀ ਸੈਨਿਕ ਉਥੇ ਮਾਰੇ ਗਏ।
ਹਾਲ ਦੇ ਦਿਨਾਂ ਵਿਚ ਤਾਲਿਬਾਨ ਲੜਾਕਿਆਂ ਨੇ ਇਕ ਦਰਜਨ ਤੋਂ ਵੱਧ ਸੂਬਾਈ ਰਾਜਧਾਨੀਆਂ ਉੱਤੇ ਕਬਜ਼ਾ ਕਰ ਲਿਆ ਹੈ। ਅਜਿਹੀ ਸਥਿਤੀ ਵਿਚ, ਜਦੋਂ ਅਮਰੀਕਾ ਕੁੱਝ ਹਫ਼ਤਿਆਂ ਬਾਅਦ ਆਪਣੀ ਆਖ਼ਰੀ ਫੌਜਾਂ ਵਾਪਸ ਬੁਲਾਉਣ ਵਾਲਾ ਹੈ, ਤਾਲਿਬਾਨ ਨੇ ਦੇਸ਼ ਦੇ ਦੋ-ਤਿਹਾਈ ਤੋਂ ਵੱਧ ਖੇਤਰ ਉੱਤੇ ਕਬਜ਼ਾ ਕਰ ਲਿਆ ਹੈ। ਹੇਲਮੰਦ ਦੀ ਸੂਬਾਈ ਪ੍ਰੀਸ਼ਦ ਦੇ ਮੁਖੀ ਅਤਾਉੱਲਾ ਅਫਗਾਨ ਦਾ ਕਹਿਣਾ ਹੈ ਕਿ ਤਾਲਿਬਾਨ ਨੇ ਲੜਾਈ ਤੋਂ ਬਾਅਦ ਸੂਬਾਈ ਰਾਜਧਾਨੀ ਲਸ਼ਕਰਗਾਹ ਉੱਤੇ ਕਬਜ਼ਾ ਕਰ ਲਿਆ ਹੈ ਅਤੇ ਸਰਕਾਰੀ ਅਦਾਰਿਆਂ ਉੱਤੇ ਆਪਣਾ ਚਿੱਟਾ ਝੰਡਾ ਲਹਿਰਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਲਸ਼ਕਰਗਾਹ ਦੇ ਬਾਹਰ ਸਥਿਤ ਰਾਸ਼ਟਰੀ ਫੌਜ ਦੇ ਤਿੰਨ ਅੱਡੇ ਸਰਕਾਰ ਦੇ ਕੰਟਰੋਲ ਹੇਠ ਹਨ।