ਨਵਾਂਸ਼ਹਿਰ ਨਾਲ ਸਬੰਧਤ ਪੰਜਾਬੀ ਨੌਜਵਾਨ ਇਟਲੀ ’ਚ ਬਣਿਆ ਇੰਜੀਨੀਅਰ
Thursday, Dec 15, 2022 - 10:42 AM (IST)
ਰੋਮ (ਟੇਕ ਚੰਦ/ਦਲਵੀਰ ਕੈਂਥ)- ਇਟਲੀ ਵਿਚ ਭਾਰਤੀ ਬੱਚੇ ਨਿੰਰਤਰ ਵਿੱਦਿਅਕ ਖੇਤਰ ਵਿੱਚ ਦ੍ਰਿੜ੍ਹ ਇਰਾਦਿਆਂ ਤੇ ਲਗਨ ਨਾਲ ਆਪਣੀ ਕਾਬਲੀਅਤ ਦੇ ਝੰਡੇ ਗੱਡ ਇਟਾਲੀਅਨ ਤੇ ਹੋਰ ਦੇਸ਼ਾਂ ਦੇ ਬੱਚਿਆਂ ਨੂੰ ਪਛਾੜਦੇ ਜਾ ਰਹੇ ਹਨ।ਬੀਤੇ ਦਿਨੀਂ ਇਟਲੀ ਵਿੱਚ ਪੰਜਾਬ ਦੇ ਸ਼ਹੀਦ ਭਗਤ ਸਿੰਘ ਨਗਰ (ਨਵਾਂਸ਼ਹਿਰ) ਨਾਲ ਸਬੰਧਿਤ ਪੰਜਾਬੀ ਨੌਜਵਾਨ ਸ਼ਾਹਰੁਖ ਚੁੰਬਰ ਨੇ ਇਲੈਕਟ੍ਰਾਨਿਕ ਇੰਜਨੀਅਰਿੰਗ ਦੇ ਖੇਤਰ ਵਿੱਚ ਡਿਗਰੀ ਹਾਸਿਲ ਕਰਨ ਉਪਰੰਤ ਇੰਜਨੀਅਰ ਬਣਨ ਦਾ ਮਾਣ ਹਾਸਿਲ ਕੀਤਾ ਹੈ। ਜ਼ਿਲ੍ਹਾ ਨਵਾਂ ਸ਼ਹਿਰ ਦੇ ਪਿੰਡ ਬਾਹੜ ਮੁਜਾਰਾ ਨਾਲ਼ ਸਬੰਧਿਤ ਇਹ ਨੌਜਵਾਨ ਪਹਿਲਾਂ ਵੀ ਪੜ੍ਹਾਈ ਵਿੱਚ ਪਹਿਲੇ ਦਰਜੇ ਤੇ ਆਇਆ ਸੀ ਅਤੇ ਇਹ ਨੌਜਵਾਨ ਉੱਤਰੀ ਇਟਲੀ ਦੇ ਵਿਚੈਂਸਾ ਜਿਲ੍ਹੇ ਦੇ ਸ਼ਹਿਰ ਮੌਂਤੇਕਿਉ ਮਾਜੀਉਰੇ ਵਿਖੇ ਆਪਣੇ ਪਿਤਾ ਬਲਵੀਰ ਰਾਮ ਅਤੇ ਮਾਤਾ ਰੂਮਾ ਰਾਣੀ ਦੇ ਇਸ ਹੋਣਹਾਰ ਸੁਪੱਤਰ ਹੈ।
ਪੜ੍ਹੋ ਇਹ ਅਹਿਮ ਖ਼ਬਰ-ਯੂਰਪ ਦੇ ਮੁਕਾਬਲੇ ਆਸਟ੍ਰੇਲੀਆ ਜਾਣ ਦਾ ਵਧਿਆ ਰੁਝਾਨ, WHM ਵੀਜ਼ਾ 'ਤੇ ਪਹੁੰਚ ਰਹੇ ਲੋਕ
ਸ਼ਾਹਰੁਖ ਚੁੰਬਰ ਨੇ ਇਟਲੀ ਦੀ ਪਾਦੋਵਾ ਯੁਨੀਵਰਸਿਟੀ ਤੋਂ ਇਲੈਕਟਰੀਕਲ ਇੰਜਨੀਅਰਿੰਗ ਦੀ ਪ੍ਰੀਖਿਆ ਵਿੱਚ 110 ਚੋ 110 ਨੰਬਰ ਪ੍ਰਾਪਤ ਕਰਕੇ ਮਾਪਿਆਂ ਦੇ ਨਾਲ-ਨਾਲ ਪੂਰੇ ਭਾਰਤ ਦਾ ਨਾਂ ਰੌਸ਼ਨ ਕੀਤਾ ਹੈ। ਪੁੱਤਰ ਦੀ ਇਸ ਕਾਮਯਾਬੀ 'ਤੇ ਪਰਿਵਾਰ ਵਿੱਚ ਖੁਸ਼ੀ ਦੀ ਲਹਿਰ ਹੈ। ਇਹ ਨੌਜਵਾਨ ਯੂਰਪ ਦੇ ਦੇਸ਼ ਅਸਟਰੀਆ ਦੀ ਇੱਕ ਕੰਪਨੀ ਵਿੱਚ ਬਤੌਰ ਇੰਜਨੀਅਰ ਨੌਕਰੀ ਹਾਸਿਲ ਕਰਕੇ ਆਪਣਾ ਕੈਰੀਅਰ ਸ਼ੁਰੂ ਕਰਨ ਜਾ ਰਿਹਾ ਹੈ। ਸ਼ਾਹਰੁਖ ਚੁੰਬਰ ਦੀ ਇਸ ਮਾਣਮੱਤੀ ਪ੍ਰਾਪਤੀ 'ਤੇ ਉਸ ਦੇ ਪਿਤਾ ਬਲਵੀਰ ਰਾਮ ਨੇ "ਪ੍ਰੈੱਸ ਨਾਲ਼ ਗੱਲਬਾਤ ਦੌਰਾਨ ਦੱਸਿਆ ਕਿ ਸ਼ਾਹਰੁਖ ਚੁੰਬਰ ਦੀ ਬਚਪਨ ਤੋਂ ਹੀ ਪੜ੍ਹਾਈ ਵਿੱਚ ਵਿਸ਼ੇਸ਼ ਲਗਨ ਸੀ, ਜਿਸ 'ਤੇ ਚੱਲਦਿਆਂ ਲਗਾਤਾਰ ਮਿਹਨਤ ਕਰਦੇ ਹੋਇਆ ਅੱਜ ਉਸ ਦਾ ਇੰਜਨੀਅਰ ਬਣਨ ਦਾ ਸੁਪਨਾ ਸਾਕਾਰ ਹੋਇਆ ਹੈ। ਉਨ੍ਹਾਂ ਕਿਹਾ ਕਿ ਸਾਨੂੰ ਆਪਣੇ ਸਪੁੱਤਰ ਦੀ ਇਸ ਕਾਮਯਾਬੀ 'ਤੇ ਮਾਣ ਮਹਿਸੂਸ ਹੋ ਰਿਹਾ ਹੈ।
ਨੋਟ-ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।