ਕੈਨੇਡਾ 'ਚ ਕੁੜੀ ਨਾਲ ਜਿਨਸੀ ਛੇੜਛਾੜ ਕਰਨ ਦੇ ਦੋਸ਼ 'ਚ 68 ਸਾਲਾ ਭਾਰਤੀ ਵਿਅਕਤੀ ਗ੍ਰਿਫ਼ਤਾਰ
Saturday, Sep 10, 2022 - 10:51 AM (IST)

ਨਿਊਯਾਰਕ/ ਉਨਟਾਰੀਓ (ਰਾਜ ਗੋਗਨਾ) — ਕੈਨੇਡਾ ਦੇ ਸ਼ਹਿਰ ਮਿਸੀਸਾਗਾ 'ਚ ਭਾਰਤੀ ਮੂਲ ਦੇ ਇਕ 68 ਸਾਲਾ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੀਲ ਪੁਲਸ ਦੀ 12 ਡਵੀਜ਼ਨ ਦੇ ਕ੍ਰਿਮੀਨਲ ਇਨਵੈਸਟੀਗੇਸ਼ਨ ਬਿਊਰੋ ਵੱਲੋਂ ਵਿਸ਼ਨੂੰ ਰੋਚੇ ਨਾਂ ਦੇ ਵਿਅਕਤੀ ਨੂੰ ਬੱਸ ਵਿਚ ਸਫ਼ਰ ਕਰ ਰਹੀ 25 ਸਾਲਾ ਕੁੜੀ ਨਾਲ ਜਿਨਸੀ ਛੇੜਛਾੜ ਕਰਨ ਦੇ ਦੋਸ਼ ਵਿਚ ਗ੍ਰਿਫ਼ਤਾਰ ਕੀਤਾ ਗਿਆ ਹੈ।
ਇਹ ਵੀ ਪੜ੍ਹੋ: ਮਹਾਰਾਣੀ ਐਲੀਜ਼ਾਬੇਥ ਦੇ ਸਨਮਾਨ ’ਚ ਪੂਰੇ ਬ੍ਰਿਟੇਨ ’ਚ ਵਜਾਈਆਂ ਗਈਆਂ ਚਰਚ ਦੀਆਂ ਘੰਟੀਆਂ
ਇਹ ਘਟਨਾ ਅਗਸਤ ਮਹੀਨੇ ਦੀ ਦੱਸੀ ਜਾ ਰਹੀ ਹੈ, ਜਦੋਂ ਪੀੜ੍ਹਤ ਕੁੜੀ ਉਨਟਾਰੀਓ ਸਟਰੀਟ/ਲੇਕਸ਼ੋਰ ਰੋਡ 'ਤੇ ਇੱਕ ਬੱਸ ਵਿੱਚ ਸਫ਼ਰ ਕਰ ਰਹੀ ਸੀ, ਉਦੋਂ ਕਥਿਤ ਦੋਸ਼ੀ ਵੱਲੋਂ ਇਸ ਘਟਨਾ ਨੂੰ ਬੱਸ ਵਿੱਚ ਅੰਜ਼ਾਮ ਦਿੱਤਾ ਗਿਆ ਸੀ। ਕਥਿਤ ਦੋਸ਼ੀ ਦੀ ਆਉਣ ਵਾਲੇ ਸਮੇਂ ਵਿਚ ਕੈਨੇਡਾ ਦੇ ਉਨਟਾਰੀਓ ਕੋਰਟ ਆਫ ਜਸਟਿਸ ਵਿਚ ਪੇਸ਼ੀ ਪਵੇਗੀ। ਦੱਸਣਯੋਗ ਹੈ ਕਿ ਵਿਸ਼ਨੂੰ ਰੋਚੇ 'ਤੇ ਸਾਲ 2016 ਵਿੱਚ ਵੀ ਦੋ ਔਰਤਾਂ ਨਾਲ ਬੱਸ ਵਿੱਚ ਜਿਨਸੀ ਛੇੜਛਾੜ ਕਰਨ ਦੇ ਦੋਸ਼ ਲੱਗੇ ਸਨ ਤੇ ਵਿਸ਼ਨੂੰ ਰੋਚੇ ਤਿੰਨ ਵਾਰ ਚੋਣ ਵੀ ਲੜ ਚੁੱਕਾ ਹੈ।