ਇਟਲੀ ਵਿਖੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ 641ਵੇਂ ਆਗਮਨ ਪੁਰਬ ਸੰਬੰਧੀ ਲੱਗੀਆਂ ਰੌਣਕਾਂ

02/27/2018 8:28:43 AM

ਰੋਮ,(ਕੈਂਥ)— ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਮਿਸ਼ਨ ਦਾ ਝੰਡਾ ਬੁਲੰਦ ਕਰ ਰਹੀ ਇਟਲੀ ਦੀ ਸ਼੍ਰੀ ਗੁਰੂ ਰਵਿਦਾਸ ਸਭਾ ਲਾਤੀਨਾ ਵੱਲੋਂ ਇਟਲੀ ਦੀਆਂ ਸਤਿਗੁਰੂ ਰਵਿਦਾਸ ਨਾਮ ਲੇਵਾ ਸਮੁੱਚੀਆਂ ਸੰਗਤਾਂ ਦੇ ਸਹਿਯੋਗ ਨਾਲ ਮਹਾਨ ਕਾਂ੍ਰਤੀਕਾਰੀ, ਯੁੱਗ ਪੁਰਸ਼, ਸ਼੍ਰੋਮਣੀ ਸੰਤ ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ 641ਵਾਂ ਪ੍ਰਕਾਸ਼ ਦਿਹਾੜਾ ਬਹੁਤ ਧੂਮ-ਧਾਮ ਅਤੇ ਸ਼ਰਧਾ ਪੂਰਵਕ ਮਨਾਇਆ ਗਿਆ। ਇਸ ਵਿਚ ਵੱਡੀ ਗਿਣਤੀ ਵਿੱਚ ਸੰਗਤਾਂ ਸਮਾਗਮ ਵਿੱਚ ਨਤਮਸਤਕ ਹੋਈਆਂ ।“ਹਰਿ“ਦੇ ਨਿਸ਼ਾਨ ਸਾਹਿਬ ਦੀ ਰਸਮ ਸਮੁੱਚੀਆਂ ਸੰਗਤਾਂ ਵੱਲੋਂ ਗੁਰੂ ਜੀ ਦੇ ਜੈਕਾਰਿਆਂ ਨਾਲ ਸਾਂਝੇ ਤੌਰ 'ਤੇ ਨਿਭਾਈ ਗਈ। ਆਰੰਭੇ ਸ਼੍ਰੀ ਅੰਮ੍ਰਿਤਬਾਣੀ ਦੇ ਆਖੰਡ ਜਾਪਾਂ ਦੇ ਭੋਗ ਉਪੰਰਤ ਵਿਸ਼ਾਲ ਧਾਰਮਿਕ ਦੀਵਾਨ ਸਜਾਇਆ ਗਿਆ, ਜਿਸ ਵਿੱਚ ਯੂਰਪ ਦੀ ਪ੍ਰਸਿੱਧ ਮਾਣਮੱਤੀ ਲੋਕ ਗਾਇਕਾ ਸਾਜ਼ੀਆ ਜੱਜ (ਇੰਡਲੈਂਡ) ਨੇ ਆਪਣੀ ਦਮਦਾਰ ਅਤੇ ਬੁਲੰਦ ਆਵਾਜ਼ ਵਿੱਚ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਮਿਸ਼ਨ ਦਾ ਹੋਕਾ ਦਿੰਦਿਆਂ ਅਨੇਕਾਂ ਹੀ ਇਨਕਲਾਬੀ ਗੀਤਾਂ ਨਾਲ ਦਰਬਾਰ ਵਿੱਚ ਬੈਠੀਆਂ ਸੰਗਤਾਂ ਵਿੱਚ ਮਿਸ਼ਨ ਪ੍ਰਤੀ ਨਵਾਂ ਜੋਸ਼ ਭਰਿਆ। ਸਾਜ਼ੀਆ ਜੱਜ ਨੇ ਆਪਣੀ ਸੁਰੀਲੀ ਆਵਾਜ਼ ਦਾ ਜਾਦੂ ਬਿਖੇਰਦਿਆਂ ਆਪਣੇ ਧਾਰਮਿਕ “ਗੁਰੂ ਜੀ ਮੈਨੂੰ ਰੱਖ ਚਰਨਾਂ ਦੇ ਮੇਰਾ ਮਨ ਕਦੀ ਵੀ ਡੋਲੇ ਨਾ“, “ਵਧਾਈਆਂ ਸਾਰੀ ਸੰਗਤ ਨੂੰ ਵਧਾਈਆਂ ਜੀ ਅਤੇ ਹੋਰ ਅਨੇਕਾਂ ਸ਼ਬਦ ਗਾਏ।
ਇਸ ਸਮਾਗਮ ਵਿੱਚ ਹੋਰ ਵੀ ਇਟਲੀ ਦੇ ਕਈ ਮਿਸ਼ਨਰੀ ਜੱਥਿਆਂ ਨੇ ਸੰਗਤਾਂ ਨੂੰ ਮਿਸ਼ਨ ਪ੍ਰਤੀ ਜਾਗਰੂਕ ਕੀਤਾ। ਆਗਮਨ ਪੁਰਬ ਦੇ ਸਮਾਗਮ ਮੌਕੇ ਸੰਗਤਾਂ ਨੂੰ ਗੁਰਪਰਬ ਦੀ ਵਧਾਈ ਦਿੰਦਿਆਂ ਸ਼੍ਰੀ ਗੁਰੂ ਰਵਿਦਾਸ ਸਭਾ ਲਾਤੀਨਾ ਦੀ ਸਮੁੱਚੀ ਪ੍ਰਬੰਧਕ ਕਮੇਟੀ ਦੇ ਆਗੂਆਂ ਨੇ ਕਿਹਾ ਕਿ ਸਭ ਸੰਗਤਾਂ ਨੂੰ ਗੁਰੂ ਜੀ ਦੇ ਸੁਪਨ ਸ਼ਹਿਰ ਬੇਗਮਪੁਰਾ ਸ਼ਹਿਰ ਕੋ ਨਾਉ ਨੂੰ ਪੂਰਾ ਕਰਨ ਲਈ ਮਿਸ਼ਨ ਨਾਲ ਦਿਲੋਂ ਜੁੜਨਾ ਚਾਹੀਦਾ ਹੈ। ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਬਾਣੀ ਜੋ ਸਾਨੂੰ ਉਪਦੇਸ਼ ਦਿੰਦੀ ਹੈ ਉਸ ਤੋਂ ਸੇਧ ਲੈਕੇ ਸਾਨੂੰ ਆਪਣਾ ਜੀਵਨ ਮਿਸ਼ਨਰੀ ਬਣਾਉਣਾ ਚਾਹੀਦਾ ਹੈ।ਸਮਾਗਮ ਵਿੱਚ ਸ:ਹਰਬਿੰਦਰ ਸਿੰਘ ਧਾਲੀਵਾਲ, ਬੀਬੀ ਵਰਿੰਦਰਪਾਲ ਕੌਰ ਧਾਲੀਵਾਲ (ਮੁੱਖ ਸੰਪਾਦਕ ਅਤੇ ਸਹਿ ਸੰਪਾਦਕ ਪੰਜਾਬ ਐਕਸਪ੍ਰੈੱਸ ਇਟਲੀ),ਸ਼੍ਰੀ ਗੁਰੂ ਰਵਿਦਾਸ ਦਰਬਾਰ ਵਿਲੈਤਰੀ ਗੁਰਦੁਆਰਾ ਸਾਹਿਬ ਪ੍ਰਬੰਧਕ ਕਮੇਟੀ,ਸ਼੍ਰੀ ਗੁਰੂ ਰਵਿਦਾਸ ਮਹਾਰਾਜ ਧਾਰਮਿਕ ਅਸਥਾਨ ਗੁਰਦੁਆਰਾ ਸਾਹਿਬ ਪ੍ਰਬੰਧਕ ਰੋਮ, ਸ਼੍ਰੀ ਦੁਰਗਾ ਸ਼ਕਤੀ ਮਾਤਾ ਮੰਦਿਰ ਪ੍ਰਬੰਧਕ ਕਮੇਟੀ ਬੋਰਗੋ ਹਰਮਾਦਾ (ਤੇਰਾਚੀਨਾ) ਤੋਂ ਇਲਾਕੇ ਭਰ ਤੋਂ ਸੰਗਤਾਂ ਨੇ ਕਾਫ਼ਲਿਆਂ ਦੇ ਰੂਪ ਵਿੱਚ ਸ਼ਮੂਲੀਅਤ ਕੀਤੀ। ਸ਼੍ਰੀ ਗੁਰੂ ਰਵਿਦਾਸ ਸਭਾ ਲਾਤੀਨਾ ਵੱਲੋਂ ਲੋਕ ਗਾਇਕਾ ਸਾਜ਼ੀਆ ਜੱਜ ਅਤੇ ਹੋਰ ਸੇਵਾਦਾਰਾਂ ਦਾ ਗੁਰੂ ਦੀ ਬਖ਼ਸ਼ਿਸ਼ ਸਿਰੋਪਾਓ ਨਾਲ ਵਿਸ਼ੇਸ਼ ਸਨਮਾਨ ਕੀਤਾ ਗਿਆ। ਸਮਾਗਮ ਵਿੱਚ ਆਈਆਂ ਸਭ ਸੰਗਤਾਂ ਲਈ ਗੁਰੂ ਦੇ ਅਤੁੱਟ ਲੰਗਰ ਵਰਤਾਏ ਗਏ।


Related News