ਇਟਲੀ ਵਿਖੇ ਵਾਪਰੀ ਸੀਵਰੇਜ ਘਟਨਾ, 5 ਮਜ਼ਦੂਰਾਂ ਦੀ ਦਰਦਨਾਕ ਮੌਤ, ਇੱਕ ਗੰਭੀਰ ਜ਼ਖਮੀ

Friday, May 10, 2024 - 07:38 PM (IST)

ਇਟਲੀ ਵਿਖੇ ਵਾਪਰੀ ਸੀਵਰੇਜ ਘਟਨਾ, 5 ਮਜ਼ਦੂਰਾਂ ਦੀ ਦਰਦਨਾਕ ਮੌਤ, ਇੱਕ ਗੰਭੀਰ ਜ਼ਖਮੀ

ਰੋਮ (ਦਲਵੀਰ ਕੈਂਥ): ਇਟਲੀ ਦੇ ਸੂਬੇ ਸਚੀਲੀਆ ਵਿਖੇ ਇੱਕ ਸੀਵਰੇਜ ਲਾਈਨ ਵਿੱਚ ਜ਼ਹਿਰੀਲੀ ਗੈਸ ਨਾਲ ਸਾਹ ਘੁੱਟ ਹੋ ਜਾਣ ਕਾਰਨ 5 ਕਾਮਿਆਂ ਦੀ ਮੌਤ ਹੋ ਜਾਣ ਦੀ ਦੁੱਖਦਾਇਕ ਖ਼ਬਰ ਸਾਹਮਣੇ ਆ ਰਹੀ ਹੈ। ਮਿਲੀ ਜਾਣਕਾਰੀ ਅਨੁਸਾਰ ਬੀਤੇ ਦਿਨ ਇਟਲੀ ਦੇ ਸੂਬੇ ਸਚੀਲੀਆ ਦੇ ਜਿ਼ਲ੍ਹਾ ਪਲੇਰਮੋ ਨੇੜੇ ਸ਼ਹਿਰ ਕਸਤਲਦਾਚਾ ਵਿਖੇ ਬੀਚ ਮੇਲੇ ਸ਼ੁਰੂ ਹੋਣ ਨੂੰ ਲੈਕੇ ਚੱਲ ਰਹੀ ਸ਼ਹਿਰ ਦੀ ਸਫ਼ਾਈ ਤਹਿਤ ਸੀਵਰੇਜ ਸਪਲਾਈ ਦੀ ਸਫ਼ਾਈ ਚੱਲ ਰਹੀ ਸੀ।

ਇਸ ਦੌਰਾਨ ਇਸ ਕੰਮ ਵਿੱਚ ਲੱਗੇ 5 ਮਜ਼ਦੂਰ ਜਿਹੜੇ ਕਿ ਸੀਵਰੇਜ ਦੀ ਅੰਦਰੋਂ ਚੰਗੀ ਤਰ੍ਹਾਂ ਸਫ਼ਾਈ ਕਰਨ ਨੂੰ ਲੈਕੇ ਹੇਠਾਂ ਜ਼ਮੀਨ ਥੱਲੇ ਉੱਤਰ ਗਏ। ਕਿਉਂਕਿ ਸੀਵਰੇਜ ਵਿੱਚ ਬਹੁਤ ਹੀ ਕਚਰਾ ਆਦਿ ਭਰਿਆ ਪਿਆ ਜੀ ਪਰ ਅਫ਼ਸੋਸ ਇਸ ਗੰਦ-ਮੰਦ ਦੇ ਜਮ੍ਹਾਂ ਹੋਣ ਨਾਲ ਸੀਵਰੇਜ ਵਿੱਚ ਹਾਈਡ੍ਰੋਜਨ ਸਲਫਾਈਡ ਜ਼ਹਿਰੀਲੀ ਗੈਸ ਦਾ ਗਾੜਾਪਣ ਜਿ਼ਆਦਾ ਸੀ ਜੋ ਕਿ ਧੂੰਏਂ ਵਾਂਗਰ ਅੰਦਰ ਫੈਲੀ ਹੋਈ ਸੀ ਜਿਹੜੀ ਕਿ ਵਕਤ ਦੇ ਮਾੜੇ 5 ਮਜ਼ਦੂਰਾਂ ਲਈ ਮੌਤ ਬਣ ਗਈ। ਮ੍ਰਿਤਕਾਂ ਦੀ ਪਛਾਣ ਜੁਸੇਪੇ ਮੀਰਾਲਿਆ, ਰੋਬੇਰਤੋ ਰਾਨੇਰੀ, ਇਨਾਸੀ ਜਿਓਰਦਾਨੋ, ੲਪੀਫਾਨਿਓ ਅਲਸਾਸੀਆ ਤੇ ਜੁਸੇਪੇ ਲਾ ਬਾਰਬੇਰਾ ਵਜੋਂ ਹੋਈ ਹੈ।

PunjabKesari

ਇਸ ਗੈਸ ਨਾਲ ਮਜ਼ਦੂਰਾਂ ਦਾ ਸਾਹ ਘੁੱਟ ਹੋ ਗਿਆ ਤੇ ਉਨ੍ਹਾਂ ਦੀ ਮੌਤ ਹੋ ਗਈ। ਘਟਨਾ ਦੀ ਜਾਣਕਾਰੀ ਮਿਲਦੇ ਹੀ ਬੇਸ਼ੱਕ ਅੰਬੂਲੈਂਸ ਤੇ ਹੋਰ ਰਾਹਤ ਕਰਮਚਾਰੀਆਂ ਦੇ ਦਸਤੇ ਪਹੁੰਚ ਗਏ ਪਰ ਲੱਖ ਕੋਸ਼ਿਸ਼ਾਂ ਦੇ ਬਾਵਜੂਦ 5 ਮਜ਼ਦੂਰਾਂ ਦੀ ਜ਼ਹਿਰੀਲੀ ਗੈੱਸ ਨਾਲ ਦਰਦਨਾਕ ਮੌਤ ਹੋ ਗਈ ਜਦੋਂ ਕਿ ਇੱਕ ਹੋਰ ਮਜ਼ਦੂਰ ਜਿਹੜਾ ਕਿ ਹਾਦਸੇ ਵਿੱਚ ਬੁਰੀ ਤਰ੍ਹਾਂ ਜਖ਼ਮੀ ਹੋ ਗਿਆ ਇਸ ਵਕਤ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜਦਾ ਹੋਇਆ ਹਸਪਤਾਲ ਵਿੱਚ ਜ਼ੇਰੇ ਇਲਾਜ਼ ਹੈ। 

ਪੜ੍ਹੋ ਇਹ ਅਹਿਮ ਖ਼ਬਰ-ਅਮਰੀਕਾ : ਕਾਰ ਹਾਦਸੇ 'ਚ ਗੁਜਰਾਤੀ ਔਰਤ ਦੀ ਮੌਤ, ਪਰਿਵਾਰ ਦੇ ਮੈਂਬਰਾਂ ਸਮੇਤ 5 ਜਖਮੀ

ਇਸ ਵਾਪਰੇ ਮੰਦਭਾਗੇ ਹਾਦਸੇ 'ਤੇ ਸਥਾਨਕ ਪ੍ਰਸ਼ਾਸ਼ਨ ਦਾ ਕਹਿਣਾ ਹੈ ਕਿ ਸੀਵਰੇਜ ਦੀ ਸਫ਼ਾਈ ਲਈ ਇਟਲੀ ਦੀ ਕੰਪਨੀ ਕੁਆਦਰੀਫੋਲੀਓ ਗਰੁੱਪ ਨੂੰ ਠੇਕਾ ਦਿੱਤਾ ਸੀ, ਜਿਸ ਵਿੱਚ ਇਹ ਇਕਰਾਰਨਾਮਾ ਕੀਤਾ ਗਿਆ ਸੀ ਮਜ਼ਦੂਰ ਸੀਵਰੇਜ ਦਾ ਕਚਰਾ ਮਸ਼ੀਨ ਨਾਲ ਹੀ ਸੀਵਰੇਜ ਦੇ ਉਪੱਰ ਖੜ੍ਹਕੇ ਕੱਢਣਗੇ ਅੰਦਰ ਨਹੀਂ ਜਾਣਗੇ। ਪਰ ਇਸ ਦੇ ਮਜ਼ਦੂਰਾਂ ਨਾਲ ਵਾਪਰਿਆ ਇਹ ਹਾਦਸਾ ਬਹੁਤ ਹੀ ਦੁੱਖਦਾਇਕ ਹੈ ਜਦੋਂ ਕਿ ਮਜ਼ਦੂਰਾਂ ਨੂੰ ਕਿਸੇ ਹਾਲਤ ਵਿੱਚ ਵੀ ਸੀਵਰੇਜ ਵਿੱਚ ਨਹੀਂ ਸੀ ਜਾਣਾ ਚਾਹੀਦਾ। ਘਟਨਾ ਸਥਲ 'ਤੇ ਮਰੇ ਮਜ਼ਦੂਰਾਂ ਕੋਲ ਨਾ ਕੋਈ ਅਜਿਹੀ ਮਸ਼ੀਨ ਸੀ ਜਿਸ ਨਾਲ ਉਹ ਜਹਿਰੀਲੀ ਗੈੱਸ ਦੀ ਮਾਤਰਾ ਸੀਵਰੇਜ਼ ਦੇ ਅੰਦਰੋਂ ਮਾਪਦੇ ਤੇ ਨਾ ਹੀ ਇਹ ਮ੍ਰਿਤਕ ਮਜ਼ਦੂਰਾਂ ਨੇ ਕੋਈ ਮਾਸਕ ਆਦਿ ਪਹਿਨਿਆ ਹੋਇਆ ਸੀ ਜਿਸ ਨਾਲ ਉਨ੍ਹਾਂ ਦਾ ਕੋਈ ਬਚਾਅ ਹੋ ਸਕਦਾ। ਅਧਿਕਾਰੀਆਂ ਕਿਹਾ ਕਿ ਘਟਨਾ ਦੇ ਕਾਰਨਾਂ ਦੀ ਬਾਰੀਕੀ ਨਾਲ ਜਾਂਚ ਚੱਲ ਰਹੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=88

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News