ਅਮਰੀਕਾ ''ਚ ਤਕਰੀਬਨ 39 ਮਿਲੀਅਨ ਲੋਕਾਂ ਨੂੰ ਲੱਗੀ ਕੋਰੋਨਾ ਵੈਕਸੀਨ : ਸੀ. ਡੀ. ਸੀ.

02/08/2021 7:49:50 AM

ਫਰਿਜ਼ਨੋ, (ਗੁਰਿੰਦਰਜੀਤ ਨੀਟਾ ਮਾਛੀਕੇ)- ਅਮਰੀਕਾ ਵਿਚ ਕੋਰੋਨਾ ਵਾਇਰਸ ਦੇ ਖ਼ਿਲਾਫ਼ ਜੰਗ ਜਾਰੀ ਹੈ। ਇਸ ਜਾਨਲੇਵਾ ਵਾਇਰਸ ਨੂੰ ਹਰਾਉਣ ਲਈ ਦੇਸ਼ ਭਰ ਵਿਚ ਕੋਰੋਨਾ ਟੀਕਾਕਰਨ ਪ੍ਰਕਿਰਿਆ ਸ਼ੁਰੂ ਕੀਤੀ ਗਈ ਹੈ। ਜਿਸ ਦੇ ਤਹਿਤ ਫਾਈਜ਼ਰ ਅਤੇ ਮੋਡੇਰਨਾ ਕੰਪਨੀਆਂ ਵਲੋਂ ਬਣਾਏ ਟੀਕਿਆਂ ਦੀ ਵਰਤੋਂ ਲੋਕਾਂ ਨੂੰ ਵਾਇਰਸ ਤੋਂ ਸੁਰੱਖਿਆ ਪ੍ਰਦਾਨ ਕਰਨ ਲਈ ਕੀਤੀ ਜਾ ਰਹੀ ਹੈ। 

ਦੇਸ਼ ਭਰ ਵਿਚ ਚੱਲ ਰਹੀ ਕੋਰੋਨਾ ਟੀਕਾ ਮੁਹਿੰਮ ਵਿਚ ਅਮਰੀਕੀ ਸੰਸਥਾ ਬੀਮਾਰੀ ਨਿਯੰਤਰਣ ਅਤੇ ਰੋਕਥਾਮ ਕੇਂਦਰ (ਸੀ.ਡੀ.ਸੀ) ਦੇ ਅੰਕੜਿਆਂ ਅਨੁਸਾਰ ਸਯੁੰਕਤ ਰਾਜ ਵਿਚ ਨੇ ਕੋਵਿਡ-19 ਟੀਕੇ ਦੀਆਂ ਤਕਰੀਬਨ 59,304,600 ਖੁਰਾਕਾਂ ਵੰਡੀਆਂ ਗਈਆਂ ਹਨ ਅਤੇ ਸ਼ਨੀਵਾਰ ਸਵੇਰ ਤੱਕ ਲਗਭਗ  39,037,964 ਖੁਰਾਕਾਂ ਦੇਸ਼ ਵਾਸੀਆਂ ਨੂੰ ਦਿੱਤੀਆਂ ਗਈਆਂ ਹਨ। 

ਇਸ ਏਜੰਸੀ ਅਨੁਸਾਰ ਸ਼ਨੀਵਾਰ ਸਵੇਰੇ 6:00 ਵਜੇ ਤੱਕ ਦੇ ਇਹ ਅੰਕੜੇ ਮੋਡਰਨਾ ਅਤੇ ਫਾਈਜ਼ਰ / ਬਾਇਓਨਟੈਕ ਦੋਵਾਂ ਦੇ ਟੀਕਿਆਂ ਲਈ ਹਨ। ਇਸ ਦੇ ਇਲਾਵਾ ਸੀ. ਡੀ. ਸੀ. ਦੇ ਸ਼ੁੱਕਰਵਾਰ ਨੂੰ ਪ੍ਰਕਾਸ਼ਿਤ ਕੀਤੇ ਗਏ ਅੰਕੜਿਆਂ ਅਨੁਸਾਰ, ਏਜੰਸੀ ਨੇ ਟੀਕਿਆਂ ਦੀਆਂ 36,819,212 ਖੁਰਾਕਾਂ ਲਗਾਉਣ ਦੇ ਨਾਲ 58,380,300 ਟੀਕਿਆਂ ਦੀ ਵੰਡ ਕੀਤੀ ਸੀ। ਇਸ ਸੰਸਥਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੋਰੋਨਾ ਟੀਕਿਆਂ ਦੀਆਂ ਲਗਾਈਆਂ ਖੁਰਾਕਾਂ ਵਿੱਚੋਂ ਤਕਰੀਬਨ 30,250,964 ਲੋਕਾਂ ਨੇ ਸ਼ਨੀਵਾਰ ਤੱਕ ਟੀਕੇ ਦੀ 1 ਖੁਰਾਕ ਪ੍ਰਾਪਤ ਕੀਤੀ ਹੈ, ਜਦੋਂਕਿ 8,317,180 ਲੋਕਾਂ ਨੇ ਦੂਜੀ ਖੁਰਾਕ ਲਗਵਾਈ ਹੈ। ਇਸ ਦੇ ਨਾਲ ਹੀ ਏਜੰਸੀ ਨੇ ਦੱਸਿਆ ਕਿ ਟੀਕੇ ਦੀਆਂ ਕੁੱਲ 4,628,962 ਖੁਰਾਕਾਂ ਲੰਬੇ ਸਮੇਂ ਦੀ ਦੇਖਭਾਲ ਦੀਆਂ ਸਹੂਲਤਾਂ ਵਿਚ ਵੀ ਦਿੱਤੀਆਂ ਗਈਆਂ ਹਨ।


Lalita Mam

Content Editor

Related News