ਈਰਾਨ ''ਚ ਢਾਈ ਕਰੋੜ ਲੋਕ ਕੋਰੋਨਾ ਸੰਕਰਮਣ ਦੇ ਸ਼ਿਕਾਰ : ਰੁਹਾਨੀ
Saturday, Jul 18, 2020 - 05:32 PM (IST)
ਤੇਹਰਾਨ— ਵਿਸ਼ਵ ਭਰ 'ਚ ਕੋਰੋਨਾ ਵਾਇਰਸ ਕਾਰਨ ਮਚੀ ਹਾਹਾਕਾਰ ਵਿਚਕਾਰ ਈਰਾਨ ਦੇ ਰਾਸ਼ਟਰਪਤੀ ਹਸਨ ਰੁਹਾਨੀ ਨੇ ਇਹ ਕਹਿ ਕੇ ਸਨਸਨੀ ਫੈਲਾ ਦਿੱਤੀ ਹੈ ਕਿ ਉਨ੍ਹਾਂ ਦੇ ਦੇਸ਼ 'ਚ ਢਾਈ ਕਰੋੜ ਲੋਕ ਕੋਰੋਨਾ ਨਾਲ ਸੰਕ੍ਰਮਿਤ ਹੋ ਗਏ ਹਨ, ਜਦੋਂ ਕਿ ਸਾਢੇ ਤਿੰਨ ਕਰੋੜ ਲੋਕਾਂ 'ਚ ਕੋਰੋਨਾ ਵਾਇਰਸ ਫੈਲਣ ਦਾ ਖ਼ਤਰਾ ਬਣਿਆ ਹੋਇਆ ਹੈ।
ਗੌਰਤਲਬ ਹੈ ਕਿ ਈਰਾਨ ਦੀ ਅਬਾਦੀ ਸਿਰਫ 8 ਕਰੋੜ ਹੈ। ਰੁਹਾਨੀ ਨੇ ਸਿਹਤ ਮੰਤਰਾਲੇ ਦੀ ਰਿਪੋਰਟ ਦੇ ਆਧਾਰ 'ਤੇ ਇਹ ਅੰਕੜੇ ਦਿੱਤੇ ਹਨ, ਜਦੋਂ ਕਿ ਈਰਾਨ ਦੇ ਸਰਕਾਰੀ ਅੰਕੜਿਆਂ ਅਨੁਸਾਰ ਇਸ ਸਮੇਂ ਇਸ ਖਤਰਨਾਕ ਵਾਇਰਸ ਨਾਲ ਲਗਭਗ 2.70 ਲੱਖ ਲੋਕ ਸੰਕ੍ਰਮਿਤ ਹਨ।
ਟੀ. ਵੀ. 'ਤੇ ਕੋਰੋਨਾ ਵਾਇਰਸ ਟਾਸਕ ਫੋਰਸ ਨਾਲ ਬੈਠਕ ਦੌਰਾਨ ਸ਼ਨੀਵਾਰ ਨੂੰ ਰੁਹਾਨੀ ਨੇ ਕਿਹਾ, ''ਸਾਡਾ ਅੰਦਾਜ਼ਾ ਹੈ ਕਿ ਲਗਭਗ 2.50 ਕਰੋੜ ਲੋਕ ਕੋਰੋਨਾ ਨਾਲ ਸੰਕ੍ਰਮਿਤ ਹੋਏ ਹਨ। ਇਸ ਤੋਂ ਇਲਾਵਾ ਇੱਥੇ ਕਰੀਬ 14 ਹਜ਼ਾਰ ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਹ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਤਿੰਨ ਤੋਂ ਸਾਢੇ ਤਿੰਨ ਕਰੋੜ ਲੋਕ ਇਸ ਵਾਇਰਸ ਨਾਲ ਪ੍ਰਭਾਵਿਤ ਹੋ ਸਕਦੇ ਹਨ।'' ਸਰਕਾਰੀ ਅੰਕੜਿਆਂ ਅਨੁਸਾਰ ਈਰਾਨ 'ਚ 13791 ਲੋਕਾਂ ਦੀ ਮੌਤ ਹੋਈ ਹੈ, ਜੋ ਖਾੜੀ ਦੇ ਦੇਸ਼ਾਂ 'ਚ ਕੋਰੋਨਾ ਨਾਲ ਸਭ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਹੈ। ਇੰਨੇ ਲੋਕ ਕਿਵੇਂ ਸੰਕ੍ਰਮਿਤ ਹੋਏ ਅਤੇ ਇਹ ਗਿਣਤੀ ਸਰਕਾਰੀ ਅੰਕੜਿਆਂ ਨਾਲੋਂ ਕਿਉਂ ਵੱਧ ਹੈ, ਰੁਹਾਨੀ ਨੇ ਇਸ ਦਾ ਕੋਈ ਕਾਰਨ ਨਹੀਂ ਦੱਸਿਆ। ਜ਼ਿਕਰਯੋਗ ਹੈ ਕਿ ਜਨਵਰੀ ਅਤੇ ਫਰਵਰੀ 'ਚ ਈਰਾਨ 'ਚ ਕੋਰੋਨਾ ਵਾਇਰਸ ਕਾਰਨ ਵੱਡੀ ਗਿਣਤੀ 'ਚ ਲੋਕਾਂ ਦੀ ਮੌਤ ਹੋਈ ਸੀ, ਬਾਅਦ 'ਚ ਸਥਿਤੀ 'ਚ ਥੋੜ੍ਹਾ ਸੁਧਾਰ ਹੋਇਆ ਪਰ ਇਕ ਵਾਰ ਫਿਰ ਤੋਂ ਸੰਕਰਮਣ ਨੇ ਰਫਤਾਰ ਫੜ੍ਹ ਲਈ ਹੈ।