ਅਜਿਹਾ ਹੋਵੇਗਾ ਆਸਟਰੇਲੀਆ ਦੇ 10 ਡਾਲਰ ਦਾ ਨਵਾਂ ਨੋਟ, ਆਰ. ਬੀ. ਏ. ਨੇ ਜਾਰੀ ਕੀਤੀ ਤਸਵੀਰ

02/17/2017 4:52:18 PM

ਕੈਨਬਰਾ (ਮਨਦੀਪ ਸਿੰਘ ਸੈਣੀ)— ਆਸਟਰੇਲੀਆ ਦੀ ਰੀਜ਼ਰਵ ਬੈਂਕ ਨੇ ਸਤੰਬਰ ਮਹੀਨੇ ਤੋਂ ਦੇਸ਼ ਭਰ ''ਚ ਦਸ ਡਾਲਰ ਦਾ ਨਵਾਂ ਨੋਟ ਜਾਰੀ ਕਰਨ ਦਾ ਐਲਾਨ ਕੀਤਾ ਹੈ। ਨਵੇਂ ਡਿਜ਼ਾਇਨ ਵਾਲੇ ਇਸ ਪਲਾਸਟਿਕ ਦੇ ਨੋਟ ''ਚ ਆਸਟਰੇਲੀਆ ਦੀਆਂ ਫੁੱੱਲ ਝਾੜੀਆਂ, ਦੇਸ਼ ਦਾ ਮੂਲ ਪੰਛੀ, ਘੋੜ ਸਵਾਰ, ਛੋਟੀ ਨਦੀ, ਖੇਤਾਂ ''ਚ ਬਣਿਆ ਘਰ ਅਤੇ ਆਸਟਰੇਲੀਆ ਦੇ ਦੋ ਨਾਮਵਰ ਲੇਖਕਾਂ ਡੇਮ ਮੈਰੀ ਗਿਲੋਮਰ ਅਤੇ ਏ. ਬੀ. ਬੈਂਜੋ ਪੈਟਰਸਨ ਦੇ ਚਿੱੱਤਰਾਂ ਸਮੇਤ ਕਈ ਰੰਗਾਂ ਦਾ ਸੁਮੇਲ ਕੀਤਾ ਗਿਆ ਹੈ। ਇਨ੍ਹਾਂ ਤੋਂ ਇਲਾਵਾ ਨਵੇਂ ਨੋਟ ''ਚ ਸੂਖਮ ਸ਼ਬਦਾਵਲੀ ''ਚ ਲਿਖੀਆਂ ਕਵਿਤਾਵਾਂ ਦੇ ਕੁਝ ਅੰਸ਼ ਵੀ ਦਰਜ ਕੀਤੇ ਗਏ ਹਨ।
ਆਸਟਰੇਲੀਆ ਰੀਜ਼ਰਵ ਬੈਂਕ ਦੇ ਮੁਖੀ ਫਿਲਿਪ ਲੋਵ ਨੇ ਕਿਹਾ ਕਿ ਨਵੇਂ ਨੋਟ ਜਾਰੀ ਕਰਨ ਦਾ ਮਕਸਦ ਜਾਅਲਸਾਜ਼ਾਂ ਵਲੋਂ ਟੈਕਨਾਲੋਜੀ ਦੀ ਕੀਤੀ ਜਾ ਰਹੀ ਗਲਤ ਵਰਤੋਂ ਨੂੰ ਰੋਕਣਾ ਹੈ। ਉਨ੍ਹਾਂ ਕਿਹਾ ਕਿ ਮਾਹਰਾਂ ਵਲੋਂ ਲੰਮੀ ਖੋਜ-ਪੜਤਾਲ ਤੋਂ ਬਾਅਦ ਇਹ ਨਵਾਂ ਨੋਟ ਤਿਆਰ ਕੀਤਾ ਗਿਆ ਹੈ, ਜਿਹੜਾ ਕਿ ਪੂਰੀ ਤਰ੍ਹਾਂ ਸੁਰੱੱਖਿਅਤ ਅਤੇ ਸੁੰਦਰ ਦਿੱੱਖ ਵਾਲਾ ਹੈ। ਬੈਂਕ ਮੁਤਾਬਕ ਜਿਨ੍ਹਾਂ ਲੋਕਾਂ ਕੋਲ ਦਸ ਡਾਲਰ ਦੇ ਪੁਰਾਣੇ ਨੋਟ ਹਨ, ਉਹ ਬਿਨਾਂ ਕਿਸੇ ਚਿੰਤਾ ਤੋਂ ਇਹਨਾਂ ਨੋਟਾਂ ਦੀ ਵਰਤੋਂ ਕਰ ਸਕਣਗੇ। ਜ਼ਿਕਰਯੋਗ ਹੈ ਕਿ ਆਸਟਰੇਲੀਆ ''ਚ ਦਸ ਡਾਲਰ ਦਾ ਨੋਟ ਪਹਿਲੀ ਵਾਰ 14 ਫਰਵਰੀ 1966 ਨੂੰ ਜਾਰੀ ਹੋਇਆ ਸੀ ।
 

Related News