ਸ਼੍ਰੀਲੰਕਾ ਪੁਲਸ ਮੁਖੀ ਨੇ 10 ਦਿਨ ਪਹਿਲਾਂ ਦਿੱਤੀ ਸੀ ਹਮਲਿਆਂ ਦੀ ਚਿਤਾਵਨੀ
Sunday, Apr 21, 2019 - 07:07 PM (IST)

ਕੋਲੰਬੋ (ਏਜੰਸੀ)- ਸ਼੍ਰੀਲੰਕਾ ਵਿਚ ਹੋਏ ਸੀਰੀਅਲ ਬਲਾਸਟਸ ਨੂੰ ਲੈ ਕੇ ਇਕ ਵੱਡਾ ਖੁਲਾਸਾ ਹੋਇਆ ਹੈ। ਇਕ ਨਿਊਜ਼ ਰਿਪੋਰਟ ਮੁਤਾਬਕ ਸ਼੍ਰੀਲੰਕਾ ਦੇ ਪੁਲਸ ਮੁਖੀ ਨੇ 10 ਦਿਨ ਪਹਿਲਾਂ ਹੀ ਇਨਪੁਟ ਦਿੱਤੀ ਸੀ ਕਿ ਦੇਸ਼ ਵਿਚ ਬੰਬ ਧਮਾਕਿਆਂ ਰਾਹੀਂ ਵੱਡੇ ਹਮਲੇ ਹੋ ਸਕਦੇ ਹਨ। ਅਲਰਟ ਵਿਚ ਕਿਹਾ ਗਿਆ ਸੀ ਕਿ ਫਿਦਾਇਨ ਹਮਲਾਵਰ ਦੇਸ਼ ਦੇ ਮੁੱਖ ਚਰਚਾਂ ਨੂੰ ਨਿਸ਼ਾਨਾ ਬਣਾਉਣ ਦੀ ਯੋਜਨਾ ਬਣਾ ਰਹੇ ਹਨ। ਖੁਫੀਆ ਰਿਪੋਰਟ ਦੀ ਮੰਨੀਏ ਤਾਂ ਕੋਲੰਬੋ ਵਿਚ ਭਾਰਤੀ ਹਾਈ ਕਮਿਸ਼ਨ ਵੀ ਹਮਲਾਵਰਾਂ ਦੇ ਨਿਸ਼ਾਨੇ 'ਤੇ ਸੀ। ਇਹੀ ਨਹੀਂ ਇਨ੍ਹਾਂ ਹਮਲਿਆਂ ਪਿੱਛੇ ਇਕ ਮੁਸਲਿਮ ਸੰਗਠਨ ਦਾ ਹੱਥ ਹੋਣ ਦਾ ਸ਼ੱਕ ਜਤਾਇਆ ਜਾ ਰਿਹਾ ਹੈ।
ਰਿਪੋਰਟ ਵਿਚ ਕਿਹਾ ਗਿਆ ਹੈ ਕਿ ਪੁਲਸ ਮੁਖੀ ਪੁਜੁਥ ਜੈਸੁੰਦਰ ਨੇ 11 ਅਪ੍ਰੈਲ ਨੂੰ ਹੀ ਦੇਸ਼ ਦੇ ਉੱਚ ਅਧਿਕਾਰੀਆਂ ਨੂੰ ਇਨਪੁਟ ਭੇਜਿਆ ਸੀ ਜਿਸ ਵਿਚ ਅਜਿਹੇ ਹਮਲਿਆਂ ਦਾ ਸ਼ੱਕ ਜਤਾਇਆ ਸੀ। ਉਕਤ ਅਲਰਟ ਵਿਚ ਇਕ ਵਿਦੇਸ਼ੀ ਇੰਟੈਲੀਜੈਂਸ ਏਜੰਸੀ ਦਾ ਵੀ ਇਨਪੁਟ ਜੋੜਿਆ ਗਿਆ ਸੀ। ਤਾਜ਼ਾ ਇਨਪੁਟ ਵਿਚ ਕਿਹਾ ਗਿਆ ਸੀ ਕਿ ਨੈਸ਼ਨਲ ਤੌਹੀਤ ਜਮਾਤ (ਐਨ.ਟੀ.ਜੇ.) ਨਾਮਕ ਸੰਗਠਨ ਸ਼੍ਰੀਲੰਕਾ ਦੇ ਅਹਿਮ ਚਰਚਾਂ ਨੂੰ ਨਿਸ਼ਾਨਾ ਬਣਾਉਣ ਦੀ ਫਿਰਾਕ ਵਿਚ ਹੈ। ਇਹੀ ਨਹੀਂ ਅਜਿਹੇ ਹਮਲਿਆਂ ਦੇ ਨਿਸ਼ਾਨੇ 'ਤੇ ਭਾਰਤੀ ਸਫਾਰਤਖਾਨੇ ਵੀ ਹਨ। ਦੱਸ ਦਈਏ ਕਿ ਨੈਸ਼ਨਲ ਤੌਹੀਤ ਜਮਾਤ ਇਕ ਵੱਖਵਾਦੀ ਮੁਸਲਿਮ ਵੱਖਵਾਦੀ ਸੰਗਠਨ ਹੈ। ਸ਼੍ਰੀਲੰਕਾ ਵਿਚ ਪਿਛਲੇ ਸਾਲ ਬੁੱਧ ਮੂਰਤੀਆਂ ਦੀ ਤੋੜਭੰਨ ਦੀਆਂ ਘਟਨਾਵਾਂ ਵਿਚ ਇਸ ਸੰਗਠਨ ਦਾ ਨਾਂ ਸਾਹਮਣੇ ਆਇਆ ਸੀ।