''''ਇਹ ਤਾਂ ਆਪਣੇ ਪ੍ਰਧਾਨ ਮੰਤਰੀ ਨੂੰ ਵੀ ਜੇਲ੍ਹ ''ਚ ਡੱਕ ਦਿੰਦੇ ਨੇ..!'''', UNSC ''ਚ ਭਾਰਤ ਦਾ ਪਾਕਿਸਤਾਨ ਨੂੰ ਠੋਕਵਾਂ ਜਵਾਬ

Tuesday, Dec 16, 2025 - 12:59 PM (IST)

''''ਇਹ ਤਾਂ ਆਪਣੇ ਪ੍ਰਧਾਨ ਮੰਤਰੀ ਨੂੰ ਵੀ ਜੇਲ੍ਹ ''ਚ ਡੱਕ ਦਿੰਦੇ ਨੇ..!'''', UNSC ''ਚ ਭਾਰਤ ਦਾ ਪਾਕਿਸਤਾਨ ਨੂੰ ਠੋਕਵਾਂ ਜਵਾਬ

ਇੰਟਰਨੈਸ਼ਨਲ ਡੈਸਕ : ਭਾਰਤ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ (UNSC) 'ਚ ਪਾਕਿਸਤਾਨ ਦੇ 'ਵੰਡਪਾਊ' ਏਜੰਡੇ ਦੀ ਸਖ਼ਤ ਸ਼ਬਦਾਂ 'ਚ ਆਲੋਚਨਾ ਕਰਦਿਆਂ ਕਿਹਾ ਕਿ ਇਸਲਾਮਾਬਾਦ ਦਾ ਆਪਣੇ ਲੋਕਾਂ ਦੀ ਇੱਛਾ ਦਾ ਸਨਮਾਨ ਕਰਨ ਦਾ ਵਿਲੱਖਣ ਤਰੀਕਾ ਇਹ ਹੈ ਕਿ ਉਹ ਇਕ ਚੁਣੇ ਹੋਏ ਪ੍ਰਧਾਨ ਮੰਤਰੀ ਨੂੰ ਜੇਲ੍ਹ 'ਚ ਸੁੱਟ ਦਿੰਦਾ ਹੈ ਅਤੇ ਆਪਣੇ ਸੈਨਾ ਮੁਖੀ ਨੂੰ ਜੀਵਨ ਭਰ ਕਾਨੂੰਨੀ ਸੁਰੱਖਿਆ ਪ੍ਰਦਾਨ ਕਰਦਾ ਹੈ। ਸੰਯੁਕਤ ਰਾਸ਼ਟਰ 'ਚ ਭਾਰਤ ਦੇ ਰਾਜਦੂਤ ਹਰੀਸ਼ ਪਾਰਵਤਨੇਨੀ ਨੇ ਸੋਮਵਾਰ ਨੂੰ ਸੁਰੱਖਿਆ ਪ੍ਰੀਸ਼ਦ 'ਚ ਸ਼ਾਂਤੀ ਲਈ 'ਲੀਡਰਸ਼ਿਪ' ਵਿਸ਼ੇ 'ਤੇ ਹੋਈ ਖੁੱਲ੍ਹੀ ਬਹਿਸ ਦੌਰਾਨ ਪਾਕਿਸਤਾਨ ਦੇ ਰਾਜਦੂਤ ਆਸਿਮ ਇਫਤਿਖਾਰ ਅਹਿਮਦ ਵੱਲੋਂ ਜੰਮੂ ਕਸ਼ਮੀਰ ਅਤੇ ਸਿੰਧੂ ਜਲ ਸੰਧੀ ਦਾ ਮੁੱਦਾ ਉਠਾਏ ਜਾਣ 'ਤੇ ਕਰਾਰਾ ਜਵਾਬ ਦਿੱਤਾ।

ਹਰੀਸ਼ ਨੇ ਕਿਹਾ ਕਿ ਅੱਜ ਦੀ ਖੁੱਲ੍ਹੀ ਬਹਿਸ 'ਚ ਪਾਕਿਸਤਾਨ ਵੱਲੋਂ ਜੰਮੂ ਕਸ਼ਮੀਰ ਦਾ ਇਹ ਅਣਉਚਿਤ ਜ਼ਿਕਰ ਭਾਰਤ ਅਤੇ ਇਸ ਦੇ ਲੋਕਾਂ ਨੂੰ ਨੁਕਸਾਨ ਪਹੁੰਚਾਉਣ 'ਤੇ ਕੇਂਦ੍ਰਿਤ ਹੈ। ਇੱਕ ਗੈਰ-ਸਥਾਈ ਸੁਰੱਖਿਆ ਪ੍ਰੀਸ਼ਦ ਮੈਂਬਰ ਜੋ ਆਪਣੇ 'ਵੰਡਪਾਊ ਏਜੰਡੇ' ਨੂੰ ਅੱਗੇ ਵਧਾਉਣ ਲਈ ਸੰਯੁਕਤ ਰਾਸ਼ਟਰ ਦੇ ਹਰੇਕ ਮੰਚ ਅਤੇ ਬੈਠਕ ਦਾ ਦੁਰਉਪਯੋਗ ਕਰਦਾ ਹੈ। ਉਸ ਤੋਂ ਆਪਣੀਆਂ ਜ਼ਿੰਮੇਵਾਰੀਆਂ ਅਤੇ ਫਰਜ਼ਾਂ ਨੂੰ ਨਿਭਾਉਣ ਦੀ ਉਮੀਦ ਨਹੀਂ ਕੀਤੀ ਜਾ ਸਕਦੀ।" ਭਾਰਤ ਨੇ ਪਾਕਿਸਤਾਨੀ ਦੂਤ ਦੇ ਉਸ ਦਾਅਵੇ ਨੂੰ ਵੀ ਖਾਰਿਜ ਕਰ ਦਿੱਤਾ ਕਿ ਜੰਮੂ-ਕਸ਼ਮੀਰ ਦਾ ਮੁੱਦਾ ਸੰਯੁਕਤ ਰਾਸ਼ਟਰ ਚਾਰਟਰ, ਸੁਰੱਖਿਆ ਪ੍ਰੀਸ਼ਦ ਦੇ ਸਬੰਧਿਤ ਮਤੇ ਅਤੇ ਕਸ਼ਮੀਰੀ ਲੋਕਾਂ ਦੀ ਇੱਛਾ ਅਨੁਸਾਰ ਹੱਲ ਕੀਤਾ ਜਾਣਾ ਚਾਹੀਦਾ ਹੈ। ਹਰੀਸ਼ ਨੇ ਕਿਹਾ ਕਿ ਪਾਕਿਸਤਾਨ ਕੋਲ ਆਪਣੇ ਲੋਕਾਂ ਦੀ ਇੱਛਾ ਦਾ ਸਨਮਾਨ ਕਰਨ ਦਾ ਇਕ ਵਿਲੱਖਣ ਤਰੀਕਾ ਇਹ ਹੈ ਕਿ 'ਇਕ ਪ੍ਰਧਾਨ ਮੰਤਰੀ ਨੂੰ ਜੇਲ੍ਹ 'ਚ ਪਾਉਣਾ, ਸੱਤਾ 'ਚ ਰਹੇ ਰਾਜਨੀਤਿਕ ਦਲ 'ਤੇ ਪਾਬੰਦੀ ਲਗਾਉਣਾ ਅਤੇ 27ਵੀਂ ਸੋਧ ਹਥਿਆਰਬੰਦ ਬਲਾਂ ਨੂੰ ਸੰਵਿਧਾਨਕ ਤਖ਼ਤਾਪਲਟ ਕਰਨ ਦੀ ਇਜਾਜ਼ਤ ਦਿੰਦੀ ਹੈ ਅਤੇ ਇਸਦੇ ਸੈਨਾ ਮੁਖੀ ਨੂੰ ਜੀਵਨ ਭਰ ਦੀ ਸੁਰੱਖਿਆ ਪ੍ਰਦਾਨ ਕਰਦੀ ਹੈ।

ਜ਼ਿਕਰਯੋਗ ਹੈ ਕਿ ਸਾਬਕਾ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ ਅਗਸਤ 2023 'ਚ ਭ੍ਰਿਸ਼ਟਾਚਾਰ ਦੇ ਦੋਸ਼ਾਂ ਤਹਿਤ ਜੇਲ੍ਹ 'ਚ ਬੰਦ ਹਨ ਅਤੇ ਖਬਰਾਂ ਅਨੁਸਾਰ ਉਨ੍ਹਾਂ ਨੂੰ ਲੰਬੇ ਸਮੇਂ ਤੋਂ ਇਕਾਂਤ ਕੈਦ 'ਚ ਰੱਖਿਆ ਗਿਆ ਹੈ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਦੀ ਅਗਵਾਈ ਹੇਠ ਪਿਛਲੇ ਮਹੀਨੇ ਪਾਸ ਕੀਤੀ ਗਈ 27ਵੀਂ ਸੰਵਿਧਾਨਕ ਸੋਧ ਚੀਫ਼ ਆਫ਼ ਡਿਫੈਂਸ ਸਟਾਫ਼ ਅਤੇ ਆਰਮੀ ਚੀਫ਼ ਫੀਲਡ ਮਾਰਸ਼ਲ ਅਸੀਮ ਮੁਨੀਰ ਨੂੰ ਕਿਸੇ ਵੀ ਕਾਨੂੰਨੀ ਕਾਰਵਾਈ ਤੋਂ ਉਮਰ ਭਰ ਲਈ ਛੋਟ ਦਿੰਦਾ ਹੈ।

ਹਰੀਸ਼ ਨੇ ਕਿਹਾ ਕਿ ਕੇਂਦਰ ਸ਼ਾਸ਼ਿਤ ਪ੍ਰਦੇਸ਼ ਜੰਮੂ ਕਸ਼ਮੀਰ ਅਤੇ ਲੱਦਾਖ ਭਾਰਤ ਦਾ ਅਨਿੱਖੜਵਾਂ ਅਤੇ ਅਟੁੱਟ ਹਿੱਸਾ ਹਨ। ਉਨ੍ਹਾਂ ਕਿਹਾ ਕਿ ਭਾਰਤ ਨੇ 65 ਸਾਲ ਪਹਿਲਾਂ ਸਿੰਧੂ ਜਲ ਸੰਧੀ ਮਿੱਤਰਤਾ ਦੀ ਭਾਵਨਾ ਨਾਲ ਕੀਤੀ ਸੀ। ਹਰੀਸ਼ ਨੇ ਕਿਹਾ ਕਿ ਇਨ੍ਹਾਂ ਸਾਢੇ ਛੇ ਦਹਾਕਿਆਂ 'ਚ ਪਾਕਿਸਤਾਨ ਨੇ ਭਾਰਤ ਤੇ ਤਿੰਨ ਯੁੱਧ ਅਤੇ ਹਜ਼ਾਰਾਂ ਅੱਤਵਾਦੀ ਹਮਲੇ ਕਰਕੇ ਸੰਧੀ ਦੀ ਭਾਵਨਾ ਦਾ ਉਲੰਘਣ ਕੀਤਾ ਹੈ। ਉਨ੍ਹਾਂ ਕਿਹਾ ਕਿ ਪਿਛਲੇ ਚਾਰ ਦਹਾਕਿਆਂ 'ਚ ਪਾਕਿਸਤਾਨ ਵੱਲੋਂ ਕੀਤੇ ਗਏ ਹਮਲਿਆਂ 'ਚ ਹਜ਼ਾਰਾਂ ਭਾਰਤੀਆਂ ਦੀ ਜਾਨ ਗਈ ਹੈ ਜਿਸ 'ਚ ਅਪ੍ਰੈਲ 2025 ਦਾ ਪਹਿਲਗਾਮ ਅੱਤਵਾਦੀ ਹਮਲਾ ਹੈ, ਜਿਸ 'ਚ ਧਰਮ ਦੇ ਆਧਾਰ 'ਤੇ 26 ਨਿਰਦੋਸ਼ ਲੋਕਾਂ ਦੀ ਹੱਤਿਆ ਕੀਤੀ ਗਈ। ਇਸ ਨੂੰ ਦੇਖਦੇ ਹੋਏ ਭਾਰਤ ਨੇ ਅੰਤ 'ਚ ਇਹ ਐਲਾਨ ਕੀਤਾ ਹੈ ਕਿ ਸਿੰਧੂ ਜਲ ਸੰਧੀ ਉਦੋਂ ਤੱਕ ਮੁਅੱਤਲ ਰੱਖੀ ਜਾਵੇਗੀ, ਜਦੋਂ ਤੱਕ ਪਾਕਿਸਤਾਨ ਜੋ ਕਿ ਵਿਸ਼ਵਵਿਆਪੀ ਅੱਤਵਾਦ ਦਾ ਕੇਂਦਰ ਹੈ, ਸਰਹੱਦ ਪਾਰ ਅਤੇ ਅੱਤਵਾਦ ਦੇ ਹੋਰ ਸਾਰੇ ਰੂਪਾਂ ਨੂੰ ਭਰੋਸੇਯੋਗ ਅਤੇ ਸਥਾਈ ਤੌਰ 'ਤੇ ਸਮਰਥਨ ਦੇਣਾ ਬੰਦ ਨਹੀਂ ਕਰ ਦਿੰਦਾ।


author

DILSHER

Content Editor

Related News