ਪਾਕਿਸਤਾਨ ''ਚ ਹਿੰਦੀ ਹੀ ਨਹੀਂ ਹੁਣ ਸੰਸਕ੍ਰਿਤ ਵੀ ਪੜ੍ਹਾਈ ਜਾਵੇਗੀ, ਪੇਸ਼ ਕੀਤਾ ਗਿਆ ਨਵਾਂ ਕੋਰਸ
Tuesday, Dec 16, 2025 - 12:19 PM (IST)
ਗੁਰਦਾਸਪੁਰ/ਇਸਲਾਮਾਬਾਦ (ਵਿਨੋਦ) : ਭਾਰਤ ਅਤੇ ਪਾਕਿਸਤਾਨ ਦੀ ਵੰਡ ਤੋਂ ਬਾਅਦ ਪਾਕਿਸਤਾਨ 'ਚ ਪਹਿਲੀ ਵਾਰ ਸੰਸਕ੍ਰਿਤ ਪੜ੍ਹਾਈ ਜਾ ਰਹੀ ਹੈ। ਗੁਆਂਢੀ ਦੇਸ਼ ਪਾਕਿਸਤਾਨ ’ਚ ਉਰਦੂ ਦਾ ਬੋਲਬਾਲਾ ਹੈ ਅਤੇ ਇਸ ਦੌਰਾਨ ਸੰਸਕ੍ਰਿਤ ਪੜ੍ਹਾਏ ਜਾਣ ਦੀਆਂ ਖ਼ਬਰਾਂ ਚਰਚਾ ਦਾ ਵਿਸ਼ਾ ਬਣ ਗਈਆਂ ਹਨ।
ਇਹ ਭਾਸ਼ਾ ਲਾਹੌਰ ਯੂਨੀਵਰਸਿਟੀ ਆਫ਼ ਮੈਨੇਜਮੈਂਟ ਸਾਇੰਸਜ਼ ’ਚ ਪੜ੍ਹਾਈ ਜਾਵੇਗੀ। ਉੱਥੇ ਤਿੰਨ ਮਹੀਨਿਆਂ ਦਾ ਛੋਟਾ ਕੋਰਸ ਪੇਸ਼ ਕੀਤਾ ਜਾਵੇਗਾ। ਡਾ. ਸ਼ਾਹਿਦ ਰਸ਼ੀਦ, ਜਿਨ੍ਹਾਂ ਨੇ ਖੁਦ ਭਾਸ਼ਾ ਸਿੱਖਣ ’ਚ ਕਈ ਸਾਲ ਬਿਤਾਏ ਹਨ, ਸੰਸਕ੍ਰਿਤ ਕੋਰਸ ਦੀ ਸ਼ੁਰੂਆਤ ਪਿੱਛੇ ਪ੍ਰੇਰਕ ਸ਼ਕਤੀ ਹਨ। ਉਹ ਫੋਰਮੈਨ ਕ੍ਰਿਸ਼ਚੀਅਨ ਕਾਲਜ ’ਚ ਸਮਾਜ ਸ਼ਾਸਤਰ ਦੇ ਸਹਾਇਕ ਪ੍ਰੋਫੈਸਰ ਹਨ।
ਹਾਲਾਂਕਿ ਸਰਹੱਦ ਪਾਰ ਦੇ ਸੂਤਰਾਂ ਅਨੁਸਾਰ ਬਹੁਤ ਘੱਟ ਲੋਕ ਜਾਣਦੇ ਹਨ ਕਿ ਪਾਕਿਸਤਾਨ ’ਚ ਸਿਰਫ਼ ਸੰਸਕ੍ਰਿਤ ਹੀ ਨਹੀਂ ਸਗੋਂ ਹਿੰਦੀ ਵੀ ਪੜ੍ਹਾਈ ਜਾਂਦੀ ਹੈ। ਬੈਚਲਰ ਅਤੇ ਮਾਸਟਰ ਡਿਗਰੀਆਂ ਦੇ ਨਾਲ-ਨਾਲ ਪੀ.ਐੱਚ.ਡੀ, ਹਿੰਦੀ ’ਚ ਦਿੱਤੀ ਜਾਂਦੀ ਹੈ।
ਕਿੱਥੇ ਪੜ੍ਹਾਈ ਜਾਂਦੀ ਹੈ ਹਿੰਦੀ
ਵੰਡ ਤੋਂ ਪਹਿਲਾਂ ਗੁਆਂਢੀ ਦੇਸ਼ ’ਚ ਹਿੰਦੀ ਵਿਆਪਕ ਤੌਰ ’ਤੇ ਸਿਖਾਈ ਜਾਂਦੀ ਸੀ। ਵਿਦਿਆਰਥੀਆਂ ਨੇ ਕਰਾਚੀ ਅਤੇ ਰਾਵਲਪਿੰਡੀ ਸਮੇਤ ਕਈ ਸ਼ਹਿਰਾਂ ’ਚ ਭਾਸ਼ਾ ਦੀ ਪੜ੍ਹਾਈ ਕੀਤੀ। ਪਾਕਿਸਤਾਨ ਦੇ ਸਭ ਤੋਂ ਪੁਰਾਣੇ ਹਿੰਦੀ ਮਾਹਿਰ ਭਾਰਤ ਤੋਂ ਆਏ ਸਨ ਅਤੇ ਭਾਰਤੀ ਯੂਨੀਵਰਸਿਟੀਆਂ ’ਚ ਪੜ੍ਹਾਈ ਕੀਤੀ।
ਵੰਡ ਤੋਂ ਬਾਅਦ ਵੀ ਪਾਕਿਸਤਾਨ ਦੇ ਪੰਜਾਬ ਅਤੇ ਸਿੰਧ ਪ੍ਰਾਂਤਾਂ ’ਚ ਹਿੰਦੀ ਦੀ ਵਿਆਪਕ ਤੌਰ ’ਤੇ ਵਰਤੋਂ ਕੀਤੀ ਜਾਂਦੀ ਸੀ। ਹਾਲਾਂਕਿ ਹਿੰਦੀ ਹੌਲੀ-ਹੌਲੀ ਪਾਕਿਸਤਾਨ ਤੋਂ ਅਲੋਪ ਹੋਣ ਲੱਗੀ, ਪਰ ਦੋ ਪਾਕਿਸਤਾਨੀ ਯੂਨੀਵਰਸਿਟੀਆਂ ਨੇ ਗੁਆਂਢੀ ਦੇਸ਼ ’ਚ ਹਿੰਦੀ ਭਾਸ਼ਾ ਨੂੰ ਜ਼ਿੰਦਾ ਰੱਖਿਆ ਹੈ।
ਸੂਤਰਾਂ ਅਨੁਸਾਰ ਹਿੰਦੀ ਅਜੇ ਵੀ ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ’ਚ ਨੈਸ਼ਨਲ ਯੂਨੀਵਰਸਿਟੀ ਆਫ਼ ਮਾਡਰਨ ਲੈਂਗੂਏਜਜ਼ ਅਤੇ ਲਾਹੌਰ ’ਚ ਪੰਜਾਬ ਯੂਨੀਵਰਸਿਟੀ ਦੇ ਓਰੀਐਂਟਲ ਕਾਲਜ ਵਿੱਚ ਪੜ੍ਹਾਈ ਜਾਂਦੀ ਹੈ। ਹਿੰਦੀ ਵਿਭਾਗ 1973 ਵਿੱਚ ਲਾਹੌਰ ਵਿੱਚ ਸਥਾਪਿਤ ਕੀਤਾ ਗਿਆ ਸੀ। ਵਿਦਿਆਰਥੀ ਹਿੰਦੀ ਵਿੱਚ ਬੈਚਲਰ, ਮਾਸਟਰ ਅਤੇ ਪੀ.ਐੱਚ.ਡੀ. ਡਿਗਰੀਆਂ ਪ੍ਰਾਪਤ ਕਰ ਸਕਦੇ ਹਨ। ਸਰਟੀਫਿਕੇਟ ਅਤੇ ਡਿਪਲੋਮੇ ਵੀ ਹਿੰਦੀ ’ਚ ਦਿੱਤੇ ਜਾਂਦੇ ਹਨ।
ਇਸੇ ਤਰ੍ਹਾਂ ਓਰੀਐਂਟਲ ਕਾਲਜ ਵਿਚ ਹਿੰਦੀ ਵਿਭਾਗ 1983 ਵਿੱਚ ਸਥਾਪਿਤ ਕੀਤਾ ਗਿਆ ਸੀ। ਇੱਥੇ ਸ਼ੁਰੂ ਵਿੱਚ ਸਿਰਫ ਸਰਟੀਫਿਕੇਟ ਅਤੇ ਡਿਪਲੋਮੇ ਹਿੰਦੀ ਵਿਚ ਦਿੱਤੇ ਜਾਂਦੇ ਸਨ, ਪਰ ਬਾਅਦ ਵਿਚ ਬੈਚਲਰ ਅਤੇ ਮਾਸਟਰ ਕੋਰਸ ਦੀ ਵੀ ਸ਼ੁਰਆਤ ਹੋਈ।
