ਪੇਪਰ ਮਿੱਲ ਦੀ ਗੰਦੀ ਬਦਬੂ ਤੋਂ ਦੁਖੀ ਸੈਲਾ ਖੁਰਦ ਦੇ ਲੋਕਾਂ ਨੇ ਅਵਿਨਾਸ਼ ਰਾਏ ਖੰਨਾ ਨੂੰ ਦਿੱਤਾ ਮੰਗ ਪੱਤਰ

Wednesday, May 27, 2026 - 06:15 PM (IST)

ਪੇਪਰ ਮਿੱਲ ਦੀ ਗੰਦੀ ਬਦਬੂ ਤੋਂ ਦੁਖੀ ਸੈਲਾ ਖੁਰਦ ਦੇ ਲੋਕਾਂ ਨੇ ਅਵਿਨਾਸ਼ ਰਾਏ ਖੰਨਾ ਨੂੰ ਦਿੱਤਾ ਮੰਗ ਪੱਤਰ

ਸੈਲਾ ਖੁਰਦ (ਅਰੋੜਾ) : ਸਥਾਨਕ ਪੇਪਰ ਮਿੱਲ ਤੋਂ ਲਗਾਤਾਰ ਆ ਰਹੀ ਗੰਦੀ ਬਦਬੂ ਤੋਂ ਦੁਖੀ ਕਸਬੇ ਦੇ ਲੋਕਾਂ ਨੇ ਸਾਬਕਾ ਰਾਜ ਸਭਾ ਮੈਂਬਰ ਅਵਿਨਾਸ਼ ਰਾਏ ਖੰਨਾ ਨੂੰ ਮੰਗ ਪੱਤਰ ਦੇ ਕੇ ਇਸ ਸਮੱਸਿਆ ਦਾ ਤੁਰੰਤ ਹੱਲ ਕਰਵਾਉਣ ਦੀ ਗੁਹਾਰ ਲਗਾਈ ਹੈ। ਸਮਾਜ ਸੇਵਕ ਤੇ ਭਾਜਪਾ ਆਗੂ ਸੰਜੀਵ ਗੁਪਤਾ ਬੌਬੀ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਪਰੋਕਤ ਮੰਗ ਪੱਤਰ 'ਚ ਉਨ੍ਹਾਂ ਸਮੱਸਿਆ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਸੈਲਾ ਖੁਰਦ ਦੀ ਪੇਪਰ ਮਿੱਲ ਵਿੱਚੋਂ ਦਿਨ ਰਾਤ ਗੈਸਾਂ ਦੀ ਬਦਬੂ ਪੂਰੇ ਇਲਾਕੇ ਵਿਚ ਫੈਲ ਰਹੀ ਹੈ ਜੋ ਕੁੱਝ ਸਮੇਂ ਤੋਂ ਬਹੁਤ ਜ਼ਿਆਦਾ ਵੱਧ ਗਈ ਹੈ। ਇਹ ਕੈਮੀਕਲ ਵਾਲੀ ਬਦਬੂ ਰਾਤ ਸਮੇਂ ਤੇ ਸਵੇਰੇ ਤੜਕਸਾਰ ਮਿੱਲ ਵਲੋਂ ਛੱਡੀ ਜਾਂਦੀ ਹੈ ਤੇ ਰਾਤ ਨੂੰ ਇੰਨੀ ਤੇਜ਼ ਹੁੰਦੀ ਹੈ ਕਿ ਨੀਂਦ ਖੁੱਲ ਜਾਂਦੀ ਹੈ ਤੇ ਫਿਰ ਨੀਂਦ ਨਹੀਂ ਆਉਂਦੀ। ਸਿਰਫ ਇੱਥੇ ਹੀ ਬੱਸ ਨਹੀਂ ਸਵੇਰ ਨੂੰ ਤੜਕਸਾਰ ਸੈਰ ਦੇ ਸਮੇਂ ਵੀ ਜਦੋਂ ਲ਼ੋਕ ਸਾਫ ਹਵਾ 'ਚ ਸਾਹ ਲੈਣ ਲਈ ਸੈਰ ਕਰਦੇ ਹਨ ਤਾਂ ਮਿੱਲ ਦੀ ਬਦਬੂ ਨਾਲ਼ ਸਾਹ ਲੈਣਾ ਵੀ ਔਖਾ ਹੋ ਜਾਂਦਾ ਹੈ। 

ਇਸ ਤੋਂ ਇਲਾਵਾ ਕੈਮੀਕਲ ਘੁਲਿਆ ਜ਼ਹਿਰੀਲਾ ਪਾਣੀ ਵੀ ਧਰਤੀ ਹੇਠਲੇ ਪਾਣੀ ਨੂੰ ਖਰਾਬ ਕਰ ਰਿਹਾ ਹੈ। ਇਸ ਨਾਲ਼ ਕੈਂਸਰ ਪੀਲੀਆ ਅਤੇ ਚਮੜੀ ਆਦਿ ਦੀਆਂ ਭਿਆਨਕ ਬਿਮਾਰੀਆਂ ਵੀ ਜਨਮ ਲੈਂਦੀਆਂ ਹਨ। ਸੰਜੀਵ ਗੁਪਤਾ ਨੇ ਦੱਸਿਆ ਕਿ ਮਿੱਲ ਪ੍ਰਬੰਧਕਾਂ ਦੇ ਕਸਬੇ ਦੇ ਪਤਵੰਤਿਆਂ ਵਲੋਂ ਕਿੰਨੀ ਵਾਰ ਨੋਟਿਸ ਵਿਚ ਲਿਆਉਣ ਦੇ ਬਾਵਜੂਦ ਕੋਈ ਹੱਲ ਨਹੀਂ ਹੋ ਰਿਹਾ। ਇਸ ਮੰਗ ਪੱਤਰ ਵਿਚ ਕਸਬੇ ਦੇ ਕਰੀਬ 50 ਤੋਂ 60 ਪਤਵੰਤਿਆਂ ਨੇ ਦਸਤਖ਼ਤ ਕੀਤੇ। 

ਪ੍ਰਸ਼ਾਸ਼ਨ ਦੇ ਨਾਲ਼ ਨਾਲ਼ ਹਿਊਮਨ ਰਾਇਟਸ ਕੋਲ ਮੁੱਦਾ ਰੱਖਾਂਗਾ 

ਅਵਿਨਾਸ਼ ਰਾਏ ਖੰਨਾ, ਭਾਜਪਾ ਦੇ ਨੈਸ਼ਨਲ ਲੀਡਰ ਤੇ ਸਾਬਕਾ ਰਾਜ ਸਭਾ ਮੈਂਬਰ ਅਵਿਨਾਸ਼ ਰਾਏ ਖੰਨਾ ਨੇ ਆਖਿਆ ਕੇ ਸੈਲਾ ਖੁਰਦ ਦੇ ਲੋਕਾਂ ਦੀ ਇਸ ਗੰਭੀਰ ਮੁਸ਼ਕਲ ਦਾ ਜ਼ਿਲ੍ਹਾ ਪ੍ਰਸ਼ਾਸ਼ਨ ਦੇ ਨਾਲ ਹਿਊਮਨ ਰਾਈਟਸ ਦੇ ਸਾਹਮਣੇ ਇਹ ਮੁੱਦਾ ਰੱਖਿਆ ਜਾਵੇਗਾ ਤੇ ਇਸ ਦਾ ਹੱਲ ਕਰਵਾਉਣ ਲਈ ਹਰ ਸੰਭਵ ਉਪਰਾਲਾ ਕੀਤਾ ਜਾਵੇਗਾ ਤਾਂ ਕਿ ਕਸਬੇ ਦੇ ਲੋਕਾਂ ਨੂੰ ਗੰਭੀਰ ਬਿਮਾਰੀਆਂ ਤੋਂ ਬਚਾਇਆ ਜਾਵੇ।


author

Gurminder Singh

Content Editor

Related News