ਇਕੋ ਰਾਤ ਚੋਰਾਂ ਨੇ ਦੋ ਸਕੇ ਭਰਾਵਾਂ ਦੇ ਘਰਾਂ ਨੂੰ ਬਣਾਇਆ ਨਿਸ਼ਾਨਾ, ਲੁੱਟੇ ਲੱਖਾਂ ਦੇ ਗਹਿਣੇ ਤੇ ਨਕਦੀ
Wednesday, Jun 10, 2026 - 12:46 PM (IST)
ਹਾਜੀਪੁਰ (ਜੋਸ਼ੀ)- ਪੁਲਸ ਥਾਣਾ ਹਾਜੀਪੁਰ ਅਧੀਨ ਆਉਂਦੇ ਪਿੰਡ ਅਜਮੇਰ ਵਿਖੇ ਚੋਰਾਂ ਵੱਲੋਂ ਇਕੋ ਰਾਤ 'ਚ ਦੋ ਘਰਾਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਲੱਖਾਂ ਰੁਪਏ ਦੇ ਸੋਨੇ ਦੇ ਗਹਿਣੇ ਅਤੇ ਨਕਦੀ ਚੋਰੀ ਕਰ ਲਏ। ਇਸ ਵਾਰਦਾਤ ਤੋਂ ਬਾਅਦ ਇਲਾਕੇ ਦੇ ਲੋਕਾਂ 'ਚ ਦਹਿਸ਼ਤ ਅਤੇ ਡਰ ਦਾ ਮਾਹੌਲ ਪੈਦਾ ਹੋ ਗਿਆ ਹੈ।
ਮਿਲੀ ਜਾਣਕਾਰੀ ਅਨੁਸਾਰ ਚੋਰਾਂ ਨੇ ਇਸ ਵਾਰਦਾਤ ਨੂੰ ਉਸ ਵੇਲੇ ਅੰਜਾਮ ਦਿੱਤਾ, ਜਦੋਂ ਭਾਰੀ ਗਰਮੀ ਕਾਰਨ ਪਰਿਵਾਰਕ ਮੈਂਬਰ ਘਰਾਂ ਦੇ ਬਾਹਰ ਸੁੱਤੇ ਹੋਏ ਸਨ। ਚੋਰਾਂ ਨੇ ਪਹਿਲਾਂ ਜਰਨੈਲ ਸਿੰਘ ਪੁੱਤਰ ਮਹਿੰਦਰ ਸਿੰਘ ਦੇ ਘਰ ਦੇ ਇਕ ਕਮਰੇ ਦੀ ਬਾਹਰੋਂ ਗਰਿੱਲ ਪੁੱਟ ਦਿੱਤੀ ਅਤੇ ਅੰਦਰ ਦਾਖ਼ਲ ਹੋ ਗਏ। ਉਨ੍ਹਾਂ ਨੇ ਕਮਰੇ 'ਚ ਪਈ ਗੋਦਰੇਜ ਦੀ ਅਲਮਾਰੀ ਦੇ ਤਾਲੇ ਤੋੜ ਕੇ ਕਰੀਬ 14 ਤੋਲੇ ਸੋਨੇ ਦੇ ਗਹਿਣੇ ਅਤੇ 10 ਹਜ਼ਾਰ ਰੁਪਏ ਦੀ ਨਕਦੀ ਚੋਰੀ ਕਰ ਲਈ।
ਇਹ ਵੀ ਪੜ੍ਹੋ: ਗਰਮੀਆਂ ਦੀਆਂ ਛੁੱਟੀਆਂ ਦਰਮਿਆਨ ਜਲੰਧਰ ਵਾਸੀਆਂ ਲਈ ਵੱਡਾ ਐਲਾਨ! 26 ਤੋਂ 28 ਜੂਨ ਤੱਕ...

ਇਸ ਤੋਂ ਬਾਅਦ ਚੋਰਾਂ ਨੇ ਜਰਨੈਲ ਸਿੰਘ ਦੇ ਭਰਾ ਜਸਮੇਰ ਸਿੰਘ ਪੁੱਤਰ ਮਹਿੰਦਰ ਸਿੰਘ ਦੇ ਘਰ ਨੂੰ ਆਪਣਾ ਨਿਸ਼ਾਨਾ ਬਣਾਇਆ। ਉੱਥੇ ਵੀ ਚੋਰਾਂ ਨੇ ਬਿਲਕੁਲ ਉਸੇ ਤਰ੍ਹਾਂ ਕਮਰੇ ਦੀ ਬਾਹਰਲੀ ਗਰਿੱਲ ਪੁੱਟ ਕੇ ਅੰਦਰੋਂ ਗੋਦਰੇਜ ਦੀ ਅਲਮਾਰੀ ਦੇ ਤਾਲੇ ਤੋੜ ਕੇ ਕਰੀਬ 10 ਤੋਲੇ ਸੋਨੇ ਦੇ ਗਹਿਣੇ ਅਤੇ 20 ਹਜ਼ਾਰ ਰੁਪਏ ਦੀ ਨਕਦੀ 'ਤੇ ਹੱਥ ਸਾਫ਼ ਕਰ ਦਿੱਤਾ ਅਤੇ ਫ਼ਰਾਰ ਹੋ ਗਏ। ਘਟਨਾ ਦਾ ਪਤਾ ਸਵੇਰੇ ਉਸ ਵੇਲੇ ਲੱਗਿਆ ਜਦੋਂ ਪਰਿਵਾਰਕ ਮੈਂਬਰ ਸੋ ਕੇ ਉੱਠੇ ਅਤੇ ਘਰ ਦੇ ਅੰਦਰ ਗਏ। ਅੰਦਰ ਅਲਮਾਰੀਆਂ ਦੇ ਤਾਲੇ ਟੁੱਟੇ ਹੋਏ ਸਨ ਅਤੇ ਸਾਰਾ ਸਾਮਾਨ ਬਿਖਰਿਆ ਪਿਆ ਸੀ। ਇਸ ਚੋਰੀ ਦੀ ਘਟਨਾ ਦੀ ਸੂਚਨਾ ਮਿਲਦੇ ਹੀ ਹਾਜੀਪੁਰ ਪੁਲਸ ਦੀ ਟੀਮ ਨੇ ਮੌਕੇ ’ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਅਤੇ ਅਣਪਛਾਤੇ ਚੋਰਾਂ ਖ਼ਿਲਾਫ਼ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ: ਪੰਜਾਬ 'ਚ ਗਰਮੀ ਨਾਲ ਲੋਕ ਹਾਲੋ-ਬੇਹਾਲ! ਆਸਮਾਨ ਤੋਂ ਵਰ੍ਹਨ ਲੱਗੀ ਅੱਗ, 46 ਡਿਗਰੀ ਤਕ ਪੁੱਜਾ ਤਾਪਮਾਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
