ਕਾਰ ਦੀ ਟੱਕਰ ਕਾਰਨ ਹੋਈ ਮੌਤ ਦੇ ਮਾਮਲੇ ਅਣਪਛਾਤੇ ਚਾਲਕ ਖ਼ਿਲਾਫ਼ ਕੇਸ ਦਰਜ

Tuesday, Jun 23, 2026 - 06:04 PM (IST)

ਕਾਰ ਦੀ ਟੱਕਰ ਕਾਰਨ ਹੋਈ ਮੌਤ ਦੇ ਮਾਮਲੇ ਅਣਪਛਾਤੇ ਚਾਲਕ ਖ਼ਿਲਾਫ਼ ਕੇਸ ਦਰਜ

ਹੁਸ਼ਿਆਰਪੁਰ (ਰਾਕੇਸ਼) : ਥਾਣਾ ਸਦਰ ਪੁਲਸ ਨੇ ਇਕ ਗੱਡੀ ਦੀ ਟੱਕਰ ਕਾਰਨ ਹੋਈ ਮੌਤ ਦੇ ਮਾਮਲੇ ’ਚ ਕਾਰਵਾਈ ਕਰਦਿਆਂ ਗੱਡੀ ਦੇ ਅਣਪਛਾਤੇ ਡਰਾਈਵਰ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਹੈ। ਪੁਲਸ ਨੂੰ ਲਿਖਵਾਈ ਸ਼ਿਕਾਇਤ ’ਚ ਅਮਰਜੀਤ ਸਿੰਘ ਪੁੱਤਰ ਕਰਨੈਲ ਸਿੰਘ, ਨਿਵਾਸੀ ਪਿੰਡ ਨੰਦਨ (ਥਾਣਾ ਸਦਰ) ਨੇ ਦੱਸਿਆ ਕਿ ਬੀਤੀ 18 ਜੂਨ ਨੂੰ ਉਹ ਆਪਣੇ ਘਰ ’ਚ ਮੌਜੂਦ ਸੀ। ਇਸ ਦੌਰਾਨ ਇਕ ਵਿਅਕਤੀ ਨੇ ਉਨ੍ਹਾਂ ਦੇ ਘਰ ਆ ਕੇ ਸੂਚਨਾ ਦਿੱਤੀ ਕਿ ਉਨ੍ਹਾਂ ਦਾ ਰਿਸ਼ਤੇਦਾਰ ਜੋ ਬਾਹਰੋਂ ਆਇਆ ਹੋਇਆ ਹੈ, ਉਸ ਦਾ ‘ਵਨ ਚੇਤਨਾ ਪਾਰਕ’ ਦੇ ਨਜ਼ਦੀਕ ਇਕ ਤੇਜ਼ ਰਫ਼ਤਾਰ ਗੱਡੀ ਨਾਲ ਐਕਸੀਡੈਂਟ ਹੋ ਗਿਆ ਹੈ ਅਤੇ ਉਸ ਨੂੰ ਇਲਾਜ ਲਈ ਸਿਵਲ ਹਸਪਤਾਲ ਲਿਜਾਇਆ ਗਿਆ ਹੈ। ਸੂਚਨਾ ਮਿਲਦਿਆਂ ਹੀ ਅਮਰਜੀਤ ਸਿੰਘ ਤੁਰੰਤ ਸਿਵਲ ਹਸਪਤਾਲ ਪਹੁੰਚਿਆ। ਉੱਥੇ ਮੌਜੂਦ ਹਾਦਸਾਗ੍ਰਸਤ ਗੱਡੀ ਦਾ ਚਾਲਕ ਅਮਰਜੀਤ ਸਿੰਘ ਨੂੰ ਦੇਖਦੇ ਹੀ ਮੌਕੇ ਤੋਂ ਆਪਣੀ ਗੱਡੀ ਸਮੇਤ ਰਫ਼ੂ-ਚੱਕਰ ਹੋ ਗਿਆ। ਅਮਰਜੀਤ ਸਿੰਘ ਨੇ ਹਸਪਤਾਲ ਅੰਦਰ ਜਾ ਕੇ ਦੇਖਿਆ ਕਿ ਜ਼ਖ਼ਮੀ ਵਿਅਕਤੀ ਉਸ ਦੇ ਚਾਚੇ ਦਾ ਲੜਕਾ ਕੁਲਵਿੰਦਰ ਸਿੰਘ ਸੀ ਜਦੋਂ ਉਸ ਨੇ ਡਾਕਟਰਾਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਕੁਲਵਿੰਦਰ ਦੀ ਹਾਲਤ ਬੇਹਦ ਨਾਜ਼ੁਕ ਹੈ, ਜਿਸ ਕਾਰਨ ਉਸ ਨੂੰ ਮੁੱਢਲੀ ਸਹਾਇਤਾ ਦੇ ਕੇ ਵੱਡੇ ਹਸਪਤਾਲ ਲਈ ਰੈਫ਼ਰ ਕਰ ਦਿੱਤਾ ਗਿਆ।

ਪੀੜਤ ਪਰਿਵਾਰ ਕੁਲਵਿੰਦਰ ਸਿੰਘ ਨੂੰ ਤੁਰੰਤ ਇਲਾਜ ਲਈ ਹਸਪਤਾਲ ਲੈ ਕੇ ਗਿਆ ਅਤੇ ਉੱਥੇ ਦਾਖ਼ਲ ਕਰਵਾਇਆ, ਪਰ ਇਲਾਜ ਦੌਰਾਨ ਕੁਲਵਿੰਦਰ ਸਿੰਘ ਦੀ ਮੌਤ ਹੋ ਗਈ। ਸ਼ਿਕਾਇਤਕਰਤਾ ਅਮਰਜੀਤ ਸਿੰਘ ਨੇ ਦੱਸਿਆ ਕਿ ਉਹ ਹੁਣ ਤੱਕ ਆਪਣੇ ਪੱਧਰ ’ਤੇ ਐਕਸੀਡੈਂਟ ਕਰਨ ਵਾਲੀ ਗੱਡੀ ਦੀ ਤਲਾਸ਼ ਕਰ ਰਿਹਾ ਸੀ ਅਤੇ ਹੁਣ ਜਾਂਚ-ਪੜਤਾਲ ਤੋਂ ਪਤਾ ਲੱਗਾ ਹੈ ਕਿ ਇਹ ਹਾਦਸਾ ਇਕ ਟੋਇਟਾ ਫ਼ਾਰਚੂਨਰ ਗੱਡੀ ਦੇ ਅਣਪਛਾਤੇ ਡਰਾਈਵਰ ਵੱਲੋਂ ਤੇਜ਼ ਰਫ਼ਤਾਰੀ ਤੇ ਲਾਪ੍ਰਵਾਹੀ ਨਾਲ ਗੱਡੀ ਚਲਾਉਣ ਕਾਰਨ ਵਾਪਰਿਆ ਹੈ। ਥਾਣਾ ਸਦਰ ਪੁਲਸ ਨੇ ਅਣਪਛਾਤੇ ਚਾਲਕ ਖ਼ਿਲਾਫ਼ ਮਾਮਲਾ ਦਰਜ ਕਰਕੇ ਗੱਡੀ ਅਤੇ ਮੁਲਜ਼ਮ ਦੀ ਭਾਲ ਸ਼ੁਰੂ ਕਰ ਦਿੱਤੀ ਹੈ।


author

Gurminder Singh

Content Editor

Related News