Health Tips: ਜੋੜਾਂ ਦੇ ਦਰਦ ਤੋਂ ਪਰੇਸ਼ਾਨ ਲੋਕ ਖੁਰਾਕ ''ਚ ਜ਼ਰੂਰ ਸ਼ਾਮਲ ਕਰਨ ਅਦਰਕ-ਲਸਣ ਸਣੇ ਇਹ ਚੀਜ਼ਾਂ
03/31/2023 11:47:26 AM

ਨਵੀਂ ਦਿੱਲੀ- ਅਜੌਕੇ ਸਮੇਂ ’ਚ ਜੋੜਾਂ ਦਾ ਦਰਦ ਹੋਣਾ ਆਮ ਗੱਲ ਹੈ, ਜੋ ਬਹੁਤ ਸਾਰੇ ਲੋਕਾਂ ਨੂੰ ਹੋ ਵੀ ਰਿਹਾ ਹੈ। ਜੋੜਾਂ ਦਾ ਦਰਦ ਹੁਣ ਤਾਂ ਛੋਟੀ ਉਮਰ ਦੇ ਲੋਕਾਂ ਨੂੰ ਵੀ ਹੋ ਰਿਹੈ, ਜੋ ਪਹਿਲਾਂ ਸਿਰਫ਼ ਬਜ਼ੁਰਗਾਂ ਨੂੰ ਹੁੰਦਾ ਸੀ। ਭੱਜ-ਦੌੜ ਭਰੀ ਜ਼ਿੰਦਗੀ ’ਚ ਜੋੜਾਂ ’ਚ ਦਰਦ ਹੋਣ ਨਾਲ ਸੋਜ ਹੋਣੀ ਸ਼ੁਰੂ ਹੁੰਦੀ ਹੈ, ਜਿਸ ਨਾਲ ਬਹੁਤ ਜ਼ਿਆਦਾ ਦਰਦ ਹੁੰਦਾ ਹੈ। ਇਸ ਦਰਦ ਨੂੰ ਠੀਕ ਕਰਨ ਲਈ ਅਸੀਂ ਬਹੁਤ ਸਾਰੀਆਂ ਚੀਜ਼ਾਂ ਖਾਂਦੇ ਹਾਂ ਪਰ ਕੁਝ ਚੀਜ਼ਾਂ ਅਜਿਹੀਆਂ ਵੀ ਹਨ ਜੋ ਇਸ ਪ੍ਰੇਸ਼ਾਨੀ ਨੂੰ ਹੋਰ ਵਧਾ ਦਿੰਦੀਆਂ ਹਨ। ਇਸੇ ਲਈ ਸਾਡਾ ਖਾਣ-ਪੀਣ ਸਹੀ ਹੋਣਾ ਚਾਹੀਦਾ ਹੈ। ਸਾਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਕਿਹੜੀਆਂ ਚੀਜ਼ਾਂ ਦਰਦ ਨੂੰ ਜ਼ਿਆਦਾ ਵਧਾਉਂਦੀਆਂ ਹਨ ਅਤੇ ਕਿਹੜੀਆਂ ਦਰਦ ਤੋਂ ਰਾਹਤ ਦਿਵਾਉਂਦੀਆਂ ਹਨ। ਇਸੇ ਲਈ ਅੱਜ ਅਸੀਂ ਤੁਹਾਨੂੰ ਇਨ੍ਹਾਂ ਚੀਜ਼ਾਂ ਬਾਰੇ ਦੱਸਣ ਜਾ ਰਹੇ ਹਾਂ...
ਜਾਣੋ ਜੋੜਾਂ ਦੇ ਦਰਦ ਨੂੰ ਵਧਾਉਣ ਵਾਲੀਆਂ ਚੀਜ਼ਾਂ ਬਾਰੇ
ਦੁੱਧ ਅਤੇ ਡੇਅਰੀ ਪ੍ਰੋਡੈਕਟ - ਜਿਹੜੇ ਲੋਕਾਂ ਨੂੰ ਜੋੜਾਂ ਦੇ ਦਰਦ ਦੀ ਸਮੱਸਿਆ ਰਹਿੰਦੀ ਹੈ, ਉਨ੍ਹਾਂ ਨੂੰ ਦੁੱਧ ਅਤੇ ਡੇਅਰੀ ਪ੍ਰੋਡਕਟ ਦਾ ਸੇਵਨ ਘੱਟ ਕਰਨਾ ਚਾਹੀਦਾ ਹੈ। ਇਸ 'ਚ ਪ੍ਰੋਟੀਨ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ, ਜਿਸ ਨਾਲ ਜੋੜਾਂ ’ਚ ਦਰਦ ਹੁੰਦਾ ਹੈ। ਦੁੱਧ ਜਾਂ ਦੁੱਧ ਤੋਂ ਬਣੀਆਂ ਚੀਜ਼ਾਂ ਜੋੜਾਂ ਦੇ ਦਰਦ ਵਿੱਚ ਘੱਟ ਖਾਣੀਆਂ ਚਾਹੀਦੀਆਂ ਹਨ।
ਪਾਲਕ - ਜੋੜਾਂ ਦੇ ਦਰਦ ਦੀ ਸਮੱਸਿਆ ਹੋਣ ’ਤੇ ਪਾਲਕ ਦਾ ਸੇਵਨ ਘੱਟ ਕਰਨਾ ਚਾਹੀਦਾ ਹੈ। ਪਾਲਕ 'ਚ ਮੌਜੂਦ ਯੂਰਿਕ ਐਸਿਡ ਦੀ ਜ਼ਿਆਦਾ ਮਾਤਰਾ ਦਰਦ ਨੂੰ ਹੋਰ ਜ਼ਿਆਦਾ ਵਧਾ ਦਿੰਦੀ ਹੈ। ਇਸ ਨਾਲ ਸਰੀਰ ’ਚ ਯੂਰਿਕ ਐਸਿਡ ਦੀ ਮਾਤਰਾ ਵਧਣ ਲੱਗਦੀ ਹੈ।
ਟਮਾਟਰ - ਟਮਾਟਰ ਦੇ ਬੀਜ਼ਾਂ 'ਚ ਯੂਰਿਕ ਐਸਿਡ ਬਹੁਤ ਜ਼ਿਆਦਾ ਮਾਤਰਾ 'ਚ ਪਾਇਆ ਜਾਂਦਾ ਹੈ। ਇਸ ਲਈ ਇਸ ਦਾ ਸੇਵਨ ਕਰਨ ਨਾਲ ਜੋੜਾਂ 'ਚ ਦਰਦ ਅਤੇ ਸੋਜ ਵੱਧ ਜਾਂਦੀ ਹੈ। ਜਿਹੜੇ ਲੋਕਾਂ ਨੂੰ ਜੋੜਾਂ 'ਚ ਦਰਦ ਜਾਂ ਸੋਜ ਦੀ ਸਮੱਸਿਆ ਰਹਿੰਦੀ ਹੈ, ਉਨ੍ਹਾਂ ਨੂੰ ਟਮਾਟਰ ਦਾ ਸੇਵਨ ਕਦੇ ਨਹੀਂ ਕਰਨਾ ਚਾਹੀਦਾ।
ਵੈਜੀਟੇਬਲ ਆਇਲ - ਜੋੜਾਂ ਦੇ ਦਰਦ ਦੀ ਸਮੱਸਿਆ ਹੋਣ ’ਤੇ ਵੈਜੀਟੇਬਲ ਆਇਲ ਦਾ ਘੱਟ ਸੇਵਨ ਕਰਨਾ ਚਾਹੀਦਾ ਹੈ, ਜਿਹੜੇ ਲੋਕ ਜੋੜਾਂ ਦੇ ਦਰਦ ਦੀ ਸਮੱਸਿਆ ਤੋਂ ਪ੍ਰੇਸ਼ਾਨ ਹਨ, ਉਨ੍ਹਾਂ ਨੂੰ ਖਾਣਾ ਸਰ੍ਹੋਂ ਦੇ ਤੇਲ 'ਚ ਪਕਾਉਣਾ ਚਾਹੀਦਾ ਹੈ।
ਲਾਲ ਮੀਟ - ਜੋੜਾਂ ਦੇ ਦਰਦ ਦੀ ਸਮੱਸਿਆ ਹੋਣ ’ਤੇ ਲਾਲ ਮੀਟ ਦਾ ਸੇਵਨ ਘੱਟ ਕਰਨਾ ਚਾਹੀਦਾ ਹੈ। ਲਾਲ ਮੀਟ 'ਚ ਫਾਸਫੋਰਸ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ, ਜਿਸ ਨਾਲ ਜੋੜਾਂ ਦਾ ਦਰਦ ਵਧ ਜਾਂਦਾ ਹੈ।
ਜਾਣੋ ਉਹ ਚੀਜ਼ਾਂ, ਜੋ ਜੋੜਾਂ ਦੇ ਦਰਦ ਨੂੰ ਕਰਦੀਆਂ ਹਨ ਘੱਟ
ਸੁੱਕੇ ਮੇਵੇ - ਜੋੜਾਂ ਦੇ ਦਰਦ 'ਚ ਸਮੱਸਿਆ ਹੋਣ ’ਤੇ ਅਖਰੋਟ, ਬਦਾਮ, ਕਿਸ਼ਮਿਸ਼ ਜਿਹੇ ਸੁੱਕੇ ਮੇਵਿਆਂ ਦਾ ਸੇਵਨ ਕਰਨਾ ਚਾਹੀਦਾ ਹੈ। ਇਨ੍ਹਾਂ 'ਚ ਮੌਜੂਦ ਵਿਟਾਮਿਨ ਅਤੇ ਮਿਨਰਲਸ ਸਰੀਰ ਲਈ ਬਹੁਤ ਫ਼ਾਇਦੇਮੰਦ ਹੁੰਦੇ ਹਨ।
ਮੇਥੀ ਦੇ ਦਾਣੇ - ਜੋੜਾਂ ਦੇ ਦਰਦ ਦੀ ਸਮੱਸਿਆ ਹੋਣ ’ਤੇ ਮੇਥੀ ਦੇ ਦਾਣੇ ਖਾਓ, ਜੋ ਸਿਹਤ ਲਈ ਬਹੁਤ ਫ਼ਾਇਦੇਮੰਦ ਹਨ। ਇਸ ਲਈ ਗਰਮੀਆਂ 'ਚ ਮੁੱਠੀ ਭਰ ਮੇਥੀ ਦੇ ਦਾਣੇ ਪਾਣੀ 'ਚ ਭਿਉਂ ਕੇ ਰੱਖੋ ਅਤੇ ਸਵੇਰ ਸਮੇਂ ਇਸ ਦਾ ਸੇਵਨ ਕਰੋ। ਇਸ ਤੋਂ ਇਲਾਵਾ ਮੇਥੀ ਦੇ ਦਾਣਿਆਂ ਦੇ ਪਾਊਡਰ ਦਾ ਖਾਲੀ ਢਿੱਡ ਸੇਵਨ ਕਰਨ ਨਾਲ ਜੋੜਾਂ ਦਾ ਦਰਦ ਬਹੁਤ ਜਲਦ ਠੀਕ ਹੋ ਜਾਂਦਾ ਹੈ।
ਮੱਛੀ - ਜੋੜਾਂ 'ਚ ਦਰਦ ਦੀ ਸਮੱਸਿਆ ਹੋਣ ’ਤੇ ਮੱਛੀ ਦਾ ਸੇਵਨ ਕਰੋ ਜਾਂ ਫਿਰ ਇਸ ਦੇ ਤੇਲ ਦਾ ਵੀ ਸੇਵਨ ਕਰ ਸਕਦੇ ਹੋ। ਮੱਛੀ 'ਚ ਓਮੇਗਾ ਥ੍ਰੀ ਫੈਟੀ ਐਸਿਡ ਹੁੰਦਾ ਹੈ, ਜੋ ਜੋੜਾਂ ਦੇ ਦਰਦ ਨੂੰ ਬਹੁਤ ਜਲਦ ਠੀਕ ਕਰਦਾ ਹੈ।
ਅਦਰਕ ਤੇ ਲਸਣ ਦਾ ਸੇਵਨ - ਅਦਰਕ ਅਤੇ ਲਸਣ ਦਾ ਸੇਵਨ ਕਰਨ ਨਾਲ ਜੋੜਾਂ ਦੇ ਦਰਦ ਤੋਂ ਰਾਹਤ ਮਿਲਦੀ ਹੈ। ਇਨ੍ਹਾਂ ਦੋਨਾਂ 'ਚ ਉਹ ਸਾਰੇ ਦਵਾਈਆਂ ਵਾਲੇ ਗੁਣ ਪਾਏ ਜਾਂਦੇ ਹਨ, ਜੋ ਦਰਦ ਅਤੇ ਸੋਜ ਨੂੰ ਘੱਟ ਕਰਦੇ ਹਨ।
ਜੋੜਾਂ ਦੇ ਦਰਦ ਤੋਂ ਰਾਹਤ ਪਾਉਣ ਲਈ ਹੋਰ ਜ਼ਰੂਰੀ ਗੱਲਾਂ
ਜੋੜਾਂ 'ਚ ਦਰਦ ਦੀ ਸਮੱਸਿਆ ਹੋਣ ’ਤੇ ਉਹ ਚੀਜ਼ਾਂ ਦਾ ਘੱਟ ਸੇਵਨ ਕਰੋ, ਜੋ ਦਰਦ ਨੂੰ ਵਧਾ ਦਿੰਦੀਆਂ ਹਨ ਅਤੇ ਸਰੀਰ 'ਚ ਕੈਲਸ਼ੀਅਮ ਦੀ ਮਾਤਰਾ ਨੂੰ ਕੰਟਰੋਲ ਰੱਖੋ। ਇਸ ਤੋਂ ਇਲਾਵਾ ਰੋਜ਼ਾਨਾ ਤਿਲ ਦਾ ਤੇਲ ਅਤੇ ਜੈਤੂਨ ਦੇ ਤੇਲ ਦੀ ਮਾਲਿਸ਼ ਜ਼ਰੂਰ ਕਰੋ ਅਤੇ ਥੋੜ੍ਹਾ ਸਮਾਂ ਧੁੱਪ 'ਚ ਜ਼ਰੂਰ ਬੈਠੋ ਤਾਂ ਇਸ ਨਾਲ ਜੋੜਾਂ ਦੇ ਦਰਦ ਤੋਂ ਬਹੁਤ ਜਲਦ ਰਾਹਤ ਮਿਲਦੀ ਹੈ।
ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।