world heart day: ਜਾਣੋ ਦਿਲ ਨੂੰ ਸਿਹਤਮੰਦ ਰੱਖਣ ਸਬੰਧੀ ਕੁਝ ਖ਼ਾਸ ਗੱਲਾਂ ਅਤੇ ਅਟੈਕ ਦੇ ਲੱਛਣ
Wednesday, Sep 29, 2021 - 03:05 PM (IST)
ਨਵੀਂ ਦਿੱਲੀ : ਹਾਰਟ ਸਾਡੇ ਸਰੀਰ ਦਾ ਇਕ ਬੇਹੱਦ ਮਹੱਤਵਪੂਰਨ ਅੰਗ ਹੈ ਅਤੇ ਇਸ ਦੀ ਸਿਹਤ ਪ੍ਰਤੀ ਸਾਨੂੰ ਜਾਗਰੂਕ ਰਹਿਣ ਦੀ ਜ਼ਰੂਰਤ ਹੈ। ਹਾਲ ਹੀ ਦੇ ਦਿਨਾਂ ’ਚ ਘੱਟ ਉਮਰ ਦੇ ਲੋਕਾਂ ’ਚ ਵੀ ਹਾਰਟ ਅਟੈਕ ਦੀ ਸਮੱਸਿਆ ਆਉਣ ਲੱਗੀ ਹੈ। ਇਹੀ ਕਾਰਨ ਹੈ ਕਿ ਦਿਲ ਦੀ ਸਿਹਤ ਪ੍ਰਤੀ ਲੋਕਾਂ ਨੂੰ ਚੌਕਸ ਕਰਨ ਲਈ ਹਰ ਸਾਲ 29 ਸਤੰਬਰ ਨੂੰ ਵਰਲਡ ਹਾਰਟ ਡੇਅ ਮਨਾਇਆ ਜਾਂਦਾ ਹੈ। ਕੋਰੋਨਾ ਮਹਾਮਾਰੀ ਦੌਰਾਨ ਦਿਲ ਦੇ ਮਰੀਜ਼ਾਂ ਦੀ ਗਿਣਤੀ ’ਚ ਵੀ ਵਾਧਾ ਹੋਇਆ ਹੈ। ਇਸ ਦੇ ਇਲਾਵਾ ਗਲ਼ਤ ਖਾਣ-ਪੀਣ ਅਤੇ ਜੀਵਨ ਸ਼ੈਲੀ ਕਾਰਨ ਵੀ ਦਿਲ ਦੀ ਸਿਹਤ ’ਤੇ ਅਸਰ ਪੈਂਦਾ ਹੈ।
ਵਰਲਡ ਹਾਰਟ ਡੇਅ ਦਾ ਮਹੱਤਵ
ਦੁਨੀਆਂ ’ਚ ਹਾਰਟ ਅਟੈਕ ਦੇ ਰੋਗੀਆਂ ਦੀ ਗਿਣਤੀ ’ਚ ਲਗਾਤਾਰ ਵਾਧਾ ਹੋ ਰਿਹਾ ਹੈ। ਦੁਨੀਆ ਭਰ ’ਚ ਕੀਤੀਆਂ ਜਾ ਰਹੀਆਂ ਖੋਜਾਂ ਅਤੇ ਸਰਵੇ ਰਿਪੋਰਟ ’ਚ ਇਹ ਖ਼ੁਲਾਸਾ ਹੋ ਰਿਹਾ ਹੈ ਕਿ ਅੱਜਕੱਲ੍ਹ ਘੱਟ ਉਮਰ ਦੇ ਲੋਕਾਂ ਨੂੰ ਵੀ ਹਾਰਟ ਅਟੈਕ ਦੀ ਸਮੱਸਿਆ ਹੋ ਰਹੀ ਹੈ। ਅਜਿਹੇ ’ਚ ਵਰਲਡ ਹਾਰਟ ਡੇਅ ਦਾ ਮੁੱਖ ਉਦੇਸ਼ ਲੋਕਾਂ ਨੂੰ ਆਪਣੇ ਹਾਰਟ ਪ੍ਰਤੀ ਸਾਵਧਾਨ ਕਰਨਾ ਹੈ।
ਇਸ ਤਰ੍ਹਾਂ ਰੱਖੋ ਆਪਣੇ ਦਿਲ ਦਾ ਖ਼ਿਆਲ
- ਆਪਣੇ ਦਿਲ ਦੀ ਸਿਹਤ ਜੇਕਰ ਠੀਕ ਰੱਖਣਾ ਹੈ ਤਾਂ ਤੁਹਾਨੂੰ ਸਭ ਤੋਂ ਪਹਿਲਾਂ ਆਪਣੀ ਰੂਟੀਨ ’ਚ ਥੋੜ੍ਹਾ ਬਦਲਾਅ ਲਿਆਉਣਾ ਹੋਵੇਗਾ। ਦੇਰ ਰਾਤ ਤੱਕ ਜਾਗਣ ਤੋਂ ਬਚੋ ਅਤੇ ਰਾਤ ਨੂੰ ਜ਼ਿਆਦਾ ਗੈਜ਼ੇਟਸ ਦੇ ਇਸਤੇਮਾਲ ਤੋਂ ਬਚੋ।
- ਖਾਣ-ਪੀਣ ਦਾ ਵੀ ਵਿਸ਼ੇਸ਼ ਖ਼ਿਆਲ ਰੱਖੋ ਅਤੇ ਖੁਰਾਕ ’ਚ ਲੋਅ ਕਾਰਬ ਅਤੇ ਫੈਟ ਯੁਕਤ ਭੋਜਨ ਜ਼ਿਆਦਾ ਖਾਓ। ਕੋਸ਼ਿਸ਼ ਕਰੋ ਕਿ ਸ਼ਾਮ ਨੂੰ 6 ਜਾਂ 7 ਵਜੇ ਤੋਂ ਬਾਅਦ ਕੁਝ ਵੀ ਖਾਣਾ ਨਾ ਖਾਓ। ਇਸ ਤੋਂ ਇਲਾਵਾ ਸਵੇਰੇ ਵੱਧ ਤੋਂ ਵੱਧ ਪ੍ਰੋਟੀਨ ਅਤੇ ਫਾਈਬਰ ਯੁਕਤ ਖਾਣਾ ਲਓ।
- ਕਸਰਤ ਦਾ ਵੀ ਵਿਸ਼ੇਸ਼ ਧਿਆਨ ਰੱਖੋ। ਦਿਲ ਦੀ ਸਿਹਤ ਲਈ ਕਾਰਡੀਓ ਐਕਸਰਸਾਈਜ਼ ਨੂੰ ਬਿਹਤਰ ਮੰਨਿਆ ਜਾਂਦਾ ਹੈ। ਰੋਜ਼ ਘੱਟ ਤੋਂ ਘੱਟ 40 ਮਿੰਟ ਵਾਕ ਕਰੋ ਜਾਂ ਸਾਈਕਲ ਚਲਾਓ। ਇਸ ਤੋਂ ਇਲਾਵਾ ਸਵੀਮਿੰਗ ਵੀ ਫਾਇਦਾ ਦਿੰਦੀ ਹੈ।
ਹਾਰਟ ਅਟੈਕ ਤੋਂ ਪਹਿਲਾਂ ਦੇ ਲੱਛਣ
1. ਛਾਤੀ ਵਿਚ ਦਰਦ
ਜੇ ਤੁਸੀਂ ਆਪਣੀ ਛਾਤੀ ਵਿੱਚ ਦਰਦ, ਸੁੰਨ ਹੋਣਾ, ਭਾਰੀਪਣ ਜਾਂ ਦਰਦ ਮਹਿਸੂਸ ਕਰਦੇ ਹੋ, ਤਾਂ ਇਸ ਨੂੰ ਨਜ਼ਰ ਅੰਦਾਜ਼ ਨਹੀਂ ਕੀਤਾ ਜਾਣਾ ਚਾਹੀਦਾ। ਜੇ ਇਹ ਬੇਅਰਾਮੀ ਤੁਹਾਡੀਆਂ ਬਾਹਾਂ, ਗਰਦਨ, ਜਬਾੜੇ ਜਾਂ ਪਿੱਠ ਤੱਕ ਫੈਲ ਰਹੀ ਹੈ, ਤਾਂ ਤੁਹਾਨੂੰ ਸੁਚੇਤ ਰਹਿਣਾ ਚਾਹੀਦਾ ਹੈ ਅਤੇ ਜਿੰਨੀ ਜਲਦੀ ਹੋ ਸਕੇ ਹਸਪਤਾਲ ਪਹੁੰਚਣਾ ਚਾਹੀਦਾ ਹੈ। ਦਿਲ ਦੇ ਦੌਰੇ ਤੋਂ ਕੁੱਝ ਮਿੰਟ ਜਾਂ ਘੰਟੇ ਪਹਿਲਾਂ ਇਹ ਲੱਛਣ ਹੁੰਦੇ ਹਨ।
2. ਥਕਾਵਟ
ਜੇ ਬਿਨਾਂ ਮਿਹਨਤ ਜਾਂ ਕੰਮ ਦੇ ਥਕਾਵਟ ਹੋਵੇ ਤਾਂ ਇਹ ਦਿਲ ਦੇ ਦੌਰੇ ਦਾ ਸੰਕੇਤ ਹੋ ਸਕਦਾ ਹੈ। ਦਰਅਸਲ, ਜਦੋਂ ਕੋਲੈਸਟ੍ਰੋਲ ਦੇ ਕਾਰਨ ਦਿਲ ਦੀਆਂ ਨਾੜੀਆਂ ਬੰਦ ਜਾਂ ਸੁੰਗੜ ਜਾਂਦੀਆਂ ਹਨ ਤਾਂ ਦਿਲ ਨੂੰ ਸਖਤ ਮਿਹਨਤ ਕਰਨ ਦੀ ਜ਼ਰੂਰਤ ਹੁੰਦੀ ਹੈ। ਜਿਸ ਕਾਰਨ ਛੇਤੀ ਹੀ ਕੋਈ ਥਕਾਵਟ ਮਹਿਸੂਸ ਕਰਨ ਲੱਗ ਪੈਂਦਾ ਹੈ। ਅਜਿਹੀ ਸਥਿਤੀ ਵਿੱਚ, ਜੇ ਤੁਸੀਂ ਰਾਤ ਨੂੰ ਚੰਗੀ ਨੀਂਦ ਲੈਣ ਦੇ ਬਾਅਦ ਵੀ ਸੁਸਤੀ ਅਤੇ ਥਕਾਵਟ ਦਾ ਅਨੁਭਵ ਕਰ ਰਹੇ ਹੋ ਤਾਂ ਇਹ ਇਸ ਸਮੱਸਿਆ ਦਾ ਸੰਕੇਤ ਹੋ ਸਕਦਾ ਹੈ।
3. ਚੱਕਰ ਆਉਣੇ
ਜੇਕਰ ਤੁਹਾਨੂੰ ਕਈ ਵਾਰ ਚੱਕਰ ਆਉਂਦੇ ਹਨ ਅਤੇ ਉਲਟੀਆਂ ਮਹਿਸੂਸ ਕਰਦੇ ਹੋ ਅਤੇ ਤੁਹਾਨੂੰ ਬੇਚੈਨੀ ਮਹਿਸੂਸ ਹੋ ਰਹੀ ਹੈ, ਤਾਂ ਇਹ ਦਿਲ ਦੇ ਦੌਰੇ ਦਾ ਲੱਛਣ ਵੀ ਹੋ ਸਕਦਾ ਹੈ। ਦਰਅਸਲ, ਜਦੋਂ ਤੁਹਾਡਾ ਦਿਲ ਕਮਜ਼ੋਰ ਹੋ ਜਾਂਦਾ ਹੈ, ਇਸ ਦੇ ਦੁਆਰਾ ਖੂਨ ਦਾ ਸੰਚਾਰ ਵੀ ਸੀਮਤ ਹੋ ਜਾਂਦਾ ਹੈ। ਅਜਿਹੀ ਸਥਿਤੀ ਵਿੱਚ ਲੋੜ ਅਨੁਸਾਰ ਆਕਸੀਜਨ ਦਿਮਾਗ ਤੱਕ ਨਹੀਂ ਪਹੁੰਚਦੀ। ਇਸ ਦੇ ਕਾਰਨ, ਚੱਕਰ ਆਉਣੇ ਜਾਂ ਭਾਰੀ ਸਿਰ ਵਰਗੀਆਂ ਸਮੱਸਿਆਵਾਂ ਹੋਣ ਲੱਗਦੀਆਂ ਹਨ।