ਢਿੱਡ ਅਤੇ ਅੰਤੜੀਆਂ ਨੂੰ ਪ੍ਰਭਾਵਿਤ ਕਰਨ ਵਾਲੀਆਂ ਬੀਮਾਰੀਆਂ ਲਈ ਰਾਮਬਾਣ ਹੋ ਸਕਦੀ ਹੈ 'ਹਲਦੀ'

Monday, Oct 09, 2023 - 02:44 PM (IST)

ਜਲੰਧਰ (ਬਿਊਰੋ) - ਹਲਦੀ ਦੇ ਜ਼ਿਆਦਾਤਰ ਔਸ਼ਧੀ ਗੁਣਾਂ ਤੋਂ ਲਗਭਗ ਸਾਰੇ ਜਾਣੂ ਹਨ। ਭੋਜਨ ’ਚ ਵਰਤੋਂ ਕੀਤਾ ਜਾਣ ਵਾਲਾ ਇਹ ਇਕ ਉੱਤਮ ਮਸਾਲਾ ਹੈ, ਜਿਸ ਨੂੰ ਖਾਸ ਤੌਰ ’ਤੇ ਏਸ਼ੀਆ ’ਚ ਭਾਰਤ ਅਤੇ ਅਫਰੀਕਾ ’ਚ ਵਰਤਿਆ ਜਾਂਦਾ ਹੈ। ਹਲਦੀ ਦੇ ਬਾਰੇ ਸਭ ਤੋਂ ਵੱਧ ਆਮ ਜਾਣਕਾਰੀ ਇਹ ਹੈ ਕਿ ਇਹ ਬੈਕਟੀਰੀਆ ਅਤੇ ਸੋਜ ਰੋਕੂ ਗੁਣਾਂ ਵਾਲਾ ਮਸਾਲਾ ਹੈ। ਨਾਲ ਹੀ ਇਹ ਜੋੜਾਂ ਦੇ ਦਰਦ ਅਤੇ ਸੋਜ ਦੀ ਸਥਿਤੀ ’ਚ ਆਰਾਮ ਲਈ ਵਰਤੀ ਜਾਂਦੀ ਹੈ। ਦੇਸੀ ਇਲਾਜ ਦੌਰਾਨ ਆਮ ਤੌਰ ’ਤੇ ਛਾਤੀ ’ਚ ਜਲਣ ਜਾਂ ਬਦਹਜ਼ਮੀ ਲਈ ਅਦਰਕ, ਸੇਬ ਦਾ ਸਿਰਕਾ, ਜੀਰਾ, ਸੌਂਫ ਆਦਿ ਦਾ ਸੁਝਾਅ ਦਿੱਤਾ ਜਾਂਦਾ ਹੈ ਪਰ ਹਾਲ ਹੀ ’ਚ ਇਕ ਖੋਜ ’ਚ ਹੁਣ ਹਲਦੀ ਨੂੰ ਵੀ ਇਸ ਸੂਚੀ ’ਚ ਸ਼ਾਮਲ ਕੀਤਾ ਜਾ ਸਕਦਾ ਹੈ। ਖੋਜਕਾਰਾਂ ਦਾ ਦਾਅਵਾ ਹੈ ਕਿ ਹਲਦੀ ਗੈਸਟ੍ਰੋਇੰਟੇਸਟਾਈਨਲ ਭਾਵ ਪੇਟ ਅਤੇ ਅੰਤੜੀਆਂ ਨੂੰ ਪ੍ਰਭਾਵਿਤ ਕਰਨ ਵਾਲੀਆਂ ਬੀਮਾਰੀਆਂ ’ਚ ਵੀ ਸਹਾਇਕ ਹੋ ਸਕਦੀ ਹੈ।

PunjabKesari

ਹਲਦੀ ਦੀ ਤੁਲਨਾ ਮੈਡੀਕਲ ਦਵਾਈਆਂ ਨਾਲ
ਖੋਜਕਾਰਾਂ ਨੇ ਇਹ ਜਾਣਕਾਰੀ ਦਿੱਤੀ ਹੈ ਕਿ ਪ੍ਰਿਲੋਸੇਕ ਵਰਗੀਆਂ ਲੋਕਪ੍ਰਿਯ ਦਵਾਈਆਂ ’ਚੋਂ ਇਕ ਦਵਾਈ ਅੋਮੇਪ੍ਰਜੋਲ ਦੀ ਜਦੋਂ ਹਲਦੀ ਨਾਲ ਤੁਲਨਾ ਕੀਤੀ ਗਈ ਤਾਂ ਉਨ੍ਹਾਂ ਨੂੰ ਅਪਚ ਦੇ ਪ੍ਰਬੰਧਨ ’ਚ ਹਲਦੀ ਦੀ ਸਫਲਤਾ ਦੇ ਸ਼ੁਰੂਆਤੀ ਸੰਕੇਤ ਮਿਲੇ ਹਨ। ਇੱਥੇ ਦੱਸ ਦੇਈਏ ਕਿ ਅੋਮੇਪ੍ਰਾਜੋਲ ਦੀ ਲੰਬੇ ਸਮੇਂ ਤੱਕ ਵਰਤੋਂ ਕਰਨ ਨਾਲ ਮਾਸਪੇਸ਼ੀਆਂ ’ਚ ਅਕੜਨ, ਹੱਡੀ ਫਰੈਕਚਰ, ਗਲੇ ’ਚ ਖਰਾਸ਼, ਮੂੰਹ ’ਚ ਜ਼ਖਮ ਅਤੇ ਪੇਸ਼ਾਬ ਸਬੰਧੀ ਸਮੱਸਿਆਵਾਂ ਵਰਗੇ ਮਾੜੇ ਪ੍ਰਭਾਵ ਹੋ ਸਕਦੇ ਹਨ। ਜੇਕਰ ਅੱਗੇ ਦੇ ਅਧਿਐਨਾਂ ’ਚ ਹਲਦੀ ਵਿਗਿਆਨੀਆਂ ਦੇ ਮਾਪਦੰਡਾਂ ’ਤੇ ਖਰਾ ਉਤਰਦੀ ਹੈ ਤਾਂ ਇਹ ਇਕ ਬਿਹਤਰ ਬਦਲ ਸਾਬਿਤ ਹੋ ਸਕਦਾ ਹੈ।

ਇਸ ਤਰ੍ਹਾਂ ਕੀਤਾ ਗਿਆ ਅਧਿਐਨ
ਇਹ ਖੋਜ ਮੈਡੀਕਲ ਜਰਨਲ ਐਮਬਜੇ ’ਚ ਪ੍ਰਕਾਸ਼ਿਤ ਹੋਈ ਹੈ। ਇਸ ਅਧਿਐਨ ’ਚ ਹਿੱਸਾ ਲੈਣ ਵਾਲੇ ਪ੍ਰਤਿਭਾਵਾਨਾਂ ਨੂੰ ਤਿੰਨ ਭਾਗਾਂ ’ਚ ਵੰਡਿਆ ਗਿਆ ਸੀ, ਜਿਸ ’ਚ ਅੋਮੇਪ੍ਰਜੋਲ ਲੈਣ ਵਾਲੇ ਸਮੂਹ, ਹਲਦੀ ਲੈਣ ਵਾਲੇ ਸਮੂਹ ਅਤੇ ਦੋਵਾਂ ਦਾ ਸੰਯੋਜਨ ਲੈਣ ਵਾਲਾ ਸਮੂਹ ਸ਼ਾਮਲ ਸੀ। ਅਧਿਐਨ ’ਚ ਮਰੀਜ਼ਾਂ ਦੇ ਇਸ ਤਿੰਨ ਸਮੂਹਾਂ ਦੇ ਨਤੀਜਿਆਂ ਵਿਚ ਕੋਈ ਵਿਸ਼ੇਸ਼ ਅੰਤਰ ਨਹੀਂ ਪਾਇਆ ਗਿਆ। ਇਸ ਦਾ ਅਰਥ ਇਹ ਹੈ ਕਿ ਦੋਵਾਂ ਦੇ ਇਲਾਜ ਦਾ ਪ੍ਰਭਾਵ ਬਰਾਬਰ ਪਾਇਆ ਗਿਆ। ਅਧਿਐਨ ਦੇ ਮੁੱਖ ਲੇਖਕ ਡਾ. ਕ੍ਰੀਟ ਪੋਂਗਪਿਰੂਲ ਨੇ ਮੀਡੀਆ ਨੂੰ ਦਿੱਤੇ ਬਿਆਨ ’ਚ ਦੱਸਿਆ ਕਿ ਐਂਟੀ-ਇੰਫਲੇਮੈਟਰੀ ਅਤੇ ਐਂਟੀਆਕਸੀਡੈਂਟ ਉਦੇਸ਼ਾਂ ਤੋਂ ਇਲਾਵਾ, ਕਰਕਿਊਮਿਨ/ਹਲਦੀ ਅਤੇ ਅੋਮੇਪ੍ਰਾਜੋਲ ਦੇ ਅਸਰ ਦੀ ਜਦੋਂ ਆਪਸ ’ਚ ਤੁਲਨਾ ਕੀਤੀ ਗਈ ਤਾਂ ਹਲਦੀ ਨੂੰ ਵੀ ਅਪਚ ਦੇ ਇਲਾਜ ਲਈ ਇਕ ਸੰਭਾਵੀ ਬਦਲ ਵਜੋਂ ਪਾਇਆ ਗਿਆ।

PunjabKesari

ਹਲਦੀ ਦੇ ਪ੍ਰਭਾਵ ਅਤੇ ਜਾਣਕਾਰੀ ਆ ਸਕੇਗੀ ਸਾਹਮਣੇ
ਹਾਲਾਂਕਿ ਇਸ ਅਧਿਐਨ ’ਚ ਹਲਦੀ ਦੇ ਛੋਟੇ ਆਕਾਰ ਦੇ ਨਮੂਨੇ ਦੀ ਵਰਤੋਂ ਕੀਤੀ ਗਈ। ਇਸ ਲਈ ਸੀਮਤ ਜਾਣਕਾਰੀਆਂ ਵਾਲਾ ਅਧਿਐਨ ਕਿਹਾ ਜਾ ਰਿਹਾ ਹੈ। ਇਸ ਅਧਿਐਨ ’ਚ ਹਿੱਸਾ ਲੈਣ ਲਈ 206 ਮਰੀਜ਼ਾਂ ਨੇ ਅਰਜ਼ੀਆਂ ਦਿੱਤੀਆਂ ਅਤੇ 151 ਲੋਕਾਂ ਨੇ ਅਧਿਐਨ ’ਚ ਹਿੱਸਾ ਲਿਆ। ਅਧਿਐਨਕਰਤਾਵਾਂ ਦਾ ਮੰਨਣਾ ਹੈ ਕਿ ਭਾਵੇਂ ਹੀ ਛੋਟੇ ਆਕਾਰ ਦੇ ਨਮੂਨੇ ਦੀ ਵਰਤੋਂ ਕੀਤੀ ਗਈ ਸੀ ਪਰ ਇਹ ਪਹਿਲਾਂ ਅਧਿਐਨ ਹੈ, ਜਿਸ ਦੇ ਨਤੀਜੇ ਸੰਤੋਸ਼ਜਨਕ ਆਏ ਹਨ। ਵਿਗਿਆਨੀਆਂ ਦਾ ਮੰਨਣਾ ਹੈ ਕਿ ਅਧਿਐਨ ਦੇ ਨਤੀਜੇ ਅੱਗੇ ਖੋਜ ਕਾਰਜਾਂ ਲਈ ਮਾਰਗਦਰਸ਼ਕ ਸਾਬਿਤ ਹੋਣਗੇ, ਜਿਸ ਨਾਲ ਗੈਸਟ੍ਰੋਇੰਟੇਸਟਾਈਨਲ ਸਮੱਸਿਆਵਾਂ ਦੇ ਇਲਾਜ ’ਚ ਹਲਦੀ ਦੇ ਪ੍ਰਭਾਵ ਨੂੰ ਲੈ ਕੇ ਹੋਰ ਜਾਣਕਾਰੀ ਸਾਹਮਣੇ ਆ ਸਕੇਗੀ।

PunjabKesari

ਹੋਰ ਜ਼ਿਆਦਾ ਅਧਿਐਨ ਕਰਨ ਦੀ ਲੋੜ
ਹਾਲ ਦੇ ਸਾਲਾਂ ’ਚ ਮੈਡੀਕਲ ਵਿਗਿਆਨੀਆਂ ਅਤੇ ਡਾਕਟਰਾਂ ਨੇ ਹਲਦੀ ਦੇ ਸਰਗਰਮ ਤੱਤ ਕਰਕਿਊਮਿਨ ਦੇ ਮਨੁੱਖੀ ਸਿਹਤ ’ਤੇ ਅਸਰ ਪੈਣ ਦੇ ਵਿਸ਼ੇ ’ਤੇ ਅਧਿਐਨ ਕੀਤਾ। ਕਰਕਿਊਮਿਨ ਨੂੰ ਪਾਲੀਫੇਨੋਲ ਦੇ ਰੂਪ ’ਚ ਵੀ ਜਾਣਾ ਹੈ। ਖੋਜ ਤੋਂ ਪਤਾ ਚੱਲਦਾ ਹੈ ਕਿ ਸੋਜ ਅਤੇ ਮਾਸਪੇਸ਼ੀਆਂ ਦੇ ਦਰਦ ’ਚ ਇਹ ਤੱਤ ਪ੍ਰਭਾਵੀ ਸਾਬਿਤ ਹੋ ਸਕਦਾ ਹੈ। ਸਾਲ 2019 ’ਚ ਕੀਤੇ ਗਏ ਇਕ ਹੋਰ ਅਧਿਐਨ ’ਚ ਜਾਣਕਾਰੀ ਮਿਲੀ ਸੀ ਕਿ ਕਰਕਿਊਮਿਨ ਨੇ ਗੋਡੇ ਦੇ ਪੁਰਾਣੇ ਆਸਟਿਓਆਰਥਰਾਈਟਿਸ ਦੇ ਮਰੀਜ਼ਾਂ ਦੇ ਕੇਸਾਂ ਵਿੱਚ ਡਾਈਲੋਫੇਨਾਕ ਦੀ ਤੁਲਨਾ ’ਚ ਬਰਾਬਰ ਦਰਦ ’ਚ ਰਾਹਤ ਪ੍ਰਦਾਨ ਕੀਤੀ, ਜੋ ਵੋਲਟੇਰੇਨ ਅਤੇ ਹੋਰ ਪੇਨਕਿਲਰ ’ਚ ਪਾਈ ਜਾਣੀ ਇਕ ਗੈਰ-ਸਟੇਰਾਏਡਲ ਐਂਟੀ ਇੰਫਲੇਮੈਟਰੀ ਤੱਤ ਹੈ। ਹਾਲਾਂਕਿ ਖੋਜਕਰਤਾਵਾਂ ਦਾ ਇਹ ਵੀ ਕਹਿਣਾ ਹੈ ਕਿ ਇਸ ’ਤੇ ਅਜੇ ਹੋਰ ਅਧਿਐਨ ਕਰਨ ਦੀ ਲੋੜ ਹੈ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


 


sunita

Content Editor

Related News