ਮੀਂਹ ਦੇ ਦਿਨਾਂ ’ਚ ਜਾਨਲੇਵਾ ਸਿੱਧ ਹੋ ਸਕਦੀ ਪੀਣ ਵਾਲੇ ਪਾਣੀ ਸਬੰਧੀ ਵਰਤੀ ਲਾਪਰਵਾਹੀ
Tuesday, Jul 08, 2025 - 02:30 PM (IST)

ਗੁਰਦਾਸਪੁਰ (ਹਰਮਨ)- ਗਰਮੀ ਅਤੇ ਮੀਂਹ ਦੇ ਮੌਸਮ ’ਚ ਜਿੱਥੇ ਖਾਣ ਵਾਲੀਆਂ ਵੱਖ-ਵੱਖ ਚੀਜ਼ਾਂ ’ਚ ਵਰਤੀ ਲਾਪਰਵਾਹੀ ਕਈ ਬਿਮਾਰੀਆਂ ਦਾ ਕਾਰਨ ਬਣ ਸਕਦੀ ਹੈ, ਉੱਥੇ ਪੀਣ ਵਾਲੇ ਪਾਣੀ ਨਾਲ ਵੀ ਕਈ ਤਰ੍ਹਾਂ ਦੀਆਂ ਸਰੀਰਕ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ। ਮੀਂਹ ਦੇ ਦਿਨਾਂ ’ਚ ਜੇਕਰ ਦੂਸ਼ਿਤ ਪਾਣੀ ਦਾ ਸੇਵਨ ਕੀਤਾ ਜਾਵੇ ਤਾਂ ਟਾਈਫਾਈਡ, ਪੈਰਾਟਾਈਫਾਈਡ, ਬੇਸੀਲਰੀ ਪੇਚਸ਼, ਦਸਤ ਅਤੇ ਹੈਜ਼ਾ ਆਦਿ ਵਰਗੀਆਂ ਕਈ ਸਰੀਰਕ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ।
ਬੇਸ਼ੱਕ ਬਹੁਤ ਸਾਰੇ ਲੋਕ ਪੀਣ ਵਾਲੇ ਪਾਣੀ ਨੂੰ ਲੈ ਕੇ ਬੇਹੱਦ ਗੰਭੀਰ ਹਨ ਅਤੇ ਲੋਕਾਂ ਵੱਲੋਂ ਸ਼ੁੱਧ ਪਾਣੀ ਦੀ ਉਪਲਬਧਤਾ ਲਈ ਆਪਣੇ ਘਰਾਂ ’ਚ ਬਕਾਇਦਾ ਵਾਟਰ ਫਿਲਟਰ ਵੀ ਲਗਾਏ ਹੋਏ ਹਨ। ਇਸ ਦੇ ਬਾਵਜੂਦ ਬਹੁਤ ਸਾਰੇ ਲੋਕ ਅਜੇ ਵੀ ਸ਼ੁੱਧ ਪਾਣੀ ਦੀ ਉਪਲਬਧਤਾ ਤੋਂ ਦੂਰ ਹਨ, ਖਾਸ ਤੌਰ ’ਤੇ ਪੇਂਡੂ ਖੇਤਰ ਅਤੇ ਗਰੀਬ ਵਰਗ ਦੇ ਲੋਕ ਸ਼ੁੱਧ ਪਾਣੀ ਤੋਂ ਕਾਫੀ ਦੂਰ ਹਨ। ਇਸੇ ਕਾਰਨ ਦੂਸ਼ਿਤ ਪਾਣੀ ਜਿੱਥੇ ਕਈ ਤਰ੍ਹਾਂ ਦੀਆਂ ਬੀਮਾਰੀਆਂ ਦਾ ਕਾਰਨ ਬਣਦਾ ਹੈ, ਉਸ ਦੇ ਨਾਲ ਹੀ ਕਈ ਲੋਕਾਂ ਦੀ ਮੌਤ ਵੀ ਹੋ ਜਾਂਦੀ ਹੈ। ਇਕ ਰਿਪੋਰਟ ਅਨੁਸਾਰ ਦੂਸ਼ਿਤ ਪਾਣੀ ਦੀ ਵਰਤੋਂ ਦੇ ਨਤੀਜੇ ਵਜੋਂ ਪ੍ਰਤੀ ਸਾਲ ਦੁਨੀਆ ਭਰ ’ਚ ਪੰਜ ਲੱਖ ਤੋਂ ਵੱਧ ਮੌਤਾਂ ਹੁੰਦੀਆਂ ਹਨ।
ਇਹ ਵੀ ਪੜ੍ਹੋ- ਪੰਜਾਬ 'ਚ 7 ਤੋਂ 11 ਜੁਲਾਈ ਤੱਕ ਵੱਡੀ ਚਿਤਾਵਨੀ, ਮੀਂਹ ਨਾਲ...
ਚੰਗੀ ਸਿਹਤ ਲਈ ਜ਼ਰੂਰੀ ਹੈ ਸ਼ੁੱਧ ਪਾਣੀ ਦਾ ਸੇਵਨ
ਪਾਣੀ ’ਚ ਬੀਮਾਰੀਆਂ ਲਗਾਉਣ ਵਾਲੇ ਜੀਵਾਣੂ ਨਾ ਕੇਵਲ ਮਨੁੱਖ ਅੰਦਰ ਸਗੋਂ ਹੋਰ ਥਾਵਾਂ ’ਤੇ ਵੀ ਜਿੰਦਾ ਰਹਿ ਸਕਦੇ ਹਨ। ਇਸ ਲਈ ਪੀਣ ਅਤੇ ਖਾਣਾ ਬਣਾਉਣ ਲਈ ਵਰਤੇ ਜਾ ਰਹੇ ਪਾਣੀ ਦੀ ਗੁਣਵੱਤਾ ਨੂੰ ਨਿਰਧਾਰਤ ਕਰਨਾ ਬਹੁਤ ਜ਼ਰੂਰੀ ਹੈ। ਪੀਣ ਯੋਗ ਪਾਣੀ ਜਰਾਸੀਮ ਰੋਗਾਣੂਆਂ ਤੋਂ ਮੁਕਤ ਪਾਣੀ ਹੈ ਅਤੇ ਪੀਣ ਜਾਂ ਖਾਣਾ ਪਕਾਉਣ ਦੇ ਉਦੇਸ਼ ਲਈ ਢੁਕਵਾਂ ਹੈ।
ਵਰਲਡ ਹੈਲਥ ਆਰਗੇਨਾਈਜ਼ੇਸ਼ਨ ਅਨੁਸਾਰ ਮਨੁੱਖੀ ਸਿਹਤ ਲਈ ਪੀਣ ਵਾਲੇ ਪਾਣੀ ਨੂੰ ਜ਼ਰੂਰੀ ਅਤੇ ਬੁਨਿਆਦੀ ਮਨੁੱਖੀ ਅਧਿਕਾਰ ਮੰਨਿਆ ਜਾਂਦਾ ਹੈ। ਯੂਰਪੀਅਨ ਫੂਡ ਸੇਫਟੀ ਅਥਾਰਟੀ ਅਨੁਸਾਰ ਬਾਲਗ ਔਰਤਾਂ ਲਈ ਹਰ ਰੋਜ਼ 2.0 ਲੀਟਰ ਪਾਣੀ ਅਤੇ ਬਾਲਗ ਪੁਰਸ਼ਾਂ ਨੂੰ ਰੋਜ਼ਾਨਾ 2.5 ਲੀਟਰ ਪਾਣੀ ਪੀਣਾ ਚਾਹੀਦਾ ਹੈ। ਜੇਕਰ ਲੋਕ ਰੋਜ਼ਾਨਾ ਇਸ ਮਾਤਰਾ ’ਚ ਸ਼ੁੱਧ ਪਾਣੀ ਪੀਣ ਤਾਂ ਸਰੀਰ ਕਈ ਸਮੱਸਿਆਵਾਂ ਤੋਂ ਮੁਕਤ ਰਹਿੰਦਾ ਹੈ ਪਰ ਬਹੁਤ ਸਾਰੇ ਲੋਕ ਇਸ ਮਾਤਰਾ ’ਚ ਪਾਣੀ ਪੀਣ ਤੋਂ ਗੁਰੇਜ਼ ਕਰਦੇ ਹਨ।
ਇਹ ਵੀ ਪੜ੍ਹੋ- ਪੰਜਾਬ 'ਚ ਹੜ੍ਹ ਦਾ ਖਤਰਾ: ਖੋਲ੍ਹ 'ਤੇ ਫਲੱਡ ਗੇਟ
ਮੀਂਹ ਦੇ ਦਿਨਾਂ ’ਚ ਵੱਧ ਜਾਂਦਾ ਹੈ ਖਤਰਾ
ਗਰਮੀਆਂ ਅਤੇ ਮੀਂਹ ਦੇ ਮੌਸਮ ’ਚ ਪਾਣੀ ਨੂੰ ਦੂਸ਼ਿਤ ਕਰਨ ਵਾਲੇ ਜੀਵਾਣੂਆਂ ਦੇ ਫੈਲਣ ਦੀ ਸੰਭਾਵਨਾ ਜ਼ਿਆਦਾ ਹੁੰਦੀ ਹੈ। ਮੀਂਹ ਦਾ ਮੌਸਮ ਘਟਦੀ ਪ੍ਰਤੀ ਰੋਧਕ ਸ਼ਕਤੀ, ਲਾਗਾਂ ਅਤੇ ਐਲਰਜੀ ਦੇ ਵਾਧੇ ਵਾਲਾ ਸਮਾਂ ਮੰਨਿਆ ਜਾਂਦਾ ਹੈ। ਡਾਇਬਟੀਜ਼, ਦਮਾ, ਘੱਟ ਇਮਿਊਨਿਟੀ ਅਤੇ ਹਾਈਪਰਟੈਨਸ਼ਨ ਵਾਲੇ ਮਰੀਜ਼ਾਂ ਨੂੰ ਬਿਮਾਰੀਆਂ ਦਾ ਖ਼ਤਰਾ ਜ਼ਿਆਦਾ ਹੁੰਦਾ ਹੈ। ਇਸ ਲਈ ਡਾਕਟਰਾਂ ਵੱਲੋਂ ਵਾਰ-ਵਾਰ ਇਹ ਸਲਾਹ ਦਿੱਤੀ ਜਾਂਦੀ ਹੈ ਕਿ ਪੀਣ ਵਾਲੇ ਪਾਣੀ ਦੇ ਮਾਮਲੇ ’ਚ ਕੋਈ ਵੀ ਲਾਪਰਵਾਹੀ ਨਾ ਵਰਤੀ ਜਾਵੇ। ਸ਼ੁੱਧ ਪਾਣੀ ਦੀ ਵਰਤੋਂ ਅਤੇ ਗੰਦਗੀ ਨੂੰ ਰੋਕ ਕੇ ਅਜਿਹੇ ਮਰੀਜ਼ਾਂ ਨੂੰ ਬਿਮਾਰੀਆਂ ਤੋਂ ਬਚਾਇਆ ਜਾ ਸਕਦਾ ਹੈ। ਪਾਣੀ ਤੋਂ ਹੋਣ ਵਾਲੀਆਂ ਬਿਮਾਰੀਆਂ ਨੂੰ ਰੋਕਣ ਲਈ ਪਾਣੀ ਦੀ ਜਾਂਚ ਕਰਨੀ ਜ਼ਰੂਰੀ ਹੈ। ਬਹੁਤ ਸਾਰੇ ਲੋਕਾਂ ਨੂੰ ਅਜੇ ਤੱਕ ਇਹ ਜਾਣਕਾਰੀ ਨਹੀਂ ਹੈ ਕਿ ਪਾਣੀ ਦੀ ਜਾਂਚ ਕਿੱਥੇ ਤੇ ਕਿਵੇਂ ਕਰਵਾਈ ਜਾ ਸਕਦੀ ਹੈ।
ਕਿਵੇਂ ਕਰਵਾਇਆ ਜਾ ਸਕਦਾ ਹੈ ਟੈਸਟ
ਪੰਜਾਬ ਸਰਕਾਰ ਦਾ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਪਾਣੀ ਦੇ ਨਮੂਨੇ ਚੈੱਕ ਕਰਦਾ ਹੈ। ਗੁਰਦਾਸਪੁਰ ਦੇ ਲੋਕ ਜੀਵਨ ਵੱਲ ਬਬਰੀ ਵਿਖੇ ਸਥਿਤ ਇਸ ਵਿਭਾਗ ਦੇ ਦਫਤਰ ਵਿਖੇ ਆਪਣੇ ਪਾਣੀ ਦਾ ਨਮੂਨਾ ਖੁਦ ਲਿਜਾ ਕੇ ਟੈਸਟ ਕਰਵਾ ਸਕਦੇ ਹਨ। ਜਿੱਥੇ ਕੁਝ ਹੀ ਦਿਨਾਂ ’ਚ ਰਿਪੋਰਟ ਮਿਲ ਜਾਂਦੀ ਹੈ। ਇਸ ਦੇ ਨਾਲ ਹੀ ਲੋਕ ਆਪਣੇ ਵਪਾਰਿਕ ਅਦਾਰਿਆਂ ਸਕੂਲਾਂ ਅਤੇ ਹੋਰ ਥਾਵਾਂ ਦਾ ਪਾਣੀ ਵੀ ਇਸੇ ਜਗ੍ਹਾ ’ਤੇ ਟੈਸਟ ਕਰਵਾ ਸਕਦੇ ਹਨ।
ਇਹ ਵੀ ਪੜ੍ਹੋ- ਪੰਜਾਬ ਦੇ ਅਸਲਾਧਾਰਕਾਂ ਲਈ ਜਾਰੀ ਹੋਏ ਵੱਡੇ ਹੁਕਮ, ਪ੍ਰਸ਼ਾਸਨ ਅਪਣਾਵੇਗਾ ਸਖ਼ਤ ਰੁਖ
ਕਿਵੇਂ ਲਿਆ ਜਾਵੇ ਪਾਣੀ ਦਾ ਨਮੂਨਾ
ਪਾਣੀ ਟੈਸਟ ਕਰਵਾਉਣ ਲਈ ਇਹ ਗੱਲ ਦਾ ਵਿਸ਼ੇਸ਼ ਧਿਆਨ ਰੱਖਣ ਦੀ ਲੋੜ ਹੈ ਕਿ ਨਮੂਨਾ ਲੈਣ ਦਾ ਢੰਗ ਅਤੇ ਸਮਾਂ ਸਹੀ ਹੋਵੇ ਅਤੇ ਇਸ ਨੂੰ ਸਹੀ ਸਮੇਂ ’ਤੇ ਸਹੀ ਬਰਤਨ ’ਚ ਪਾ ਕੇ ਲੈਬ ਤੱਕ ਪਹੁੰਚਾਇਆ ਜਾਵੇ। ਨਮੂਨਾ ਲੈਣ ਅਤੇ ਇਸ ਦੀ ਜਾਂਚ ਦੇ ਵਿਚਕਾਰ ਦਾ ਸਮਾਂ 6 ਘੰਟਿਆਂ ਤੋਂ ਵੱਧ ਨਹੀਂ ਹੋਣਾ ਚਾਹੀਦਾ ਹੈ। ਜੇਕਰ ਲੰਬਾ ਸਮਾਂ ਲੱਗਣਾ ਹੋਵੇ ਤਾਂ ਨਮੂਨੇ ਨੂੰ ਤੁਰੰਤ ਠੰਢਾ ਹੋਣ ਨੂੰ ਯਕੀਨੀ ਬਣਾਉਣ ਲਈ ਬਰਫ਼ ਵਾਲੇ ਹਲਕੇ ਇੰਸੂਲੇਟਡ ਬਾਕਸ ’ਚ ਰੱਖਿਆ ਜਾਂਦਾ ਹੈ।
ਨਮੂਨਾ ਲੈਣ ਮੌਕੇ ਟੂਟੀ ਨੂੰ ਚੰਗੀ ਤਰ੍ਹਾਂ ਸਾਫ ਕਰਨਾ ਚਾਹੀਦਾ ਹੈ। ਅਲਕੋਹਲ ਅਤੇ ਬਰਨਰ ਦੀ ਵਰਤੋਂ ਕਰ ਕੇ ਟੂਟੀ ਨੂੰ ਰੋਗਾਣੂ ਮੁਕਤ ਕਰਨਾ ਚਾਹੀਦਾ ਹੈ। ਨਮੂਨਾ ਲੈਣ ਮੌਕੇ ਟੂਟੀ ਖੋਲ੍ਹ ਕੇ ਪਾਣੀ ਨੂੰ ਮੱਧਮ ਦਰ ’ਤੇ 1-2 ਮਿੰਟ ਤੱਕ ਵਗਣ ਦੇਣਾ ਚਾਹੀਦਾ ਹੈ ਅਤੇ ਪਾਣੀ ਦੇ ਜੈੱਟ ਦੇ ਹੇਠਾਂ ਬੇਸ ਤੋਂ ਨਮੂਨੇ ਦੀਆਂ ਬੋਤਲਾਂ ਨੂੰ ਫੜ ਕੇ ਭਰ ਲੈਣਾ ਚਾਹੀਦਾ ਹੈ। ਉਸ ਬੋਤਲ ਨੂੰ ਢੱਕਣ ਲਗਾ ਕੇ ਉਸ ਉਪਰ ਪਾਣੀ ਦਾ ਸਰੋਤ, ਸਮਾਂ ਅਤੇ ਨਮੂਨੇ ਦੀ ਮਿਤੀ, ਸਰੋਤ ਦੀ ਡੂੰਘਾਈ ਜਾ ਵੇਰਵਾ ਲਿਖਣਾ ਚਾਹੀਦਾ ਹੈ। ਜੇਕਰ ਨੇੜੇ ਲੈਟਰੀਨ ਹੋਵੇ ਤਾਂ ਉਸ ਦੀ ਦੂਰੀ ਸਮੇਤ ਹੋਰ ਵੇਰਵੇ ਦਾ ਜ਼ਿਕਰ ਵੀ ਜ਼ਰੂਰ ਕਰਨਾ ਚਾਹੀਦਾ ਹੈ।
ਇਹ ਵੀ ਪੜ੍ਹੋ- ਕਲਯੁੱਗੀ ਮਾਪਿਆਂ ਦਾ ਸ਼ਰਮਨਾਕ ਕਾਰਾ, ਸ੍ਰੀ ਹਰਿਮੰਦਰ ਸਾਹਿਬ ਵਿਖੇ...
ਬੱਚਿਆਂ ਲਈ ਰੱਖਿਆ ਜਾਵੇ ਵਿਸ਼ੇਸ਼ ਧਿਆਨ
ਡਾਕਟਰਾਂ ਅਨੁਸਾਰ ਮੀਂਹ ਦੇ ਦਿਨਾਂ ’ਚ ਬੱਚਿਆਂ ਦਾ ਵਿਸ਼ੇਸ਼ ਧਿਆਨ ਰੱਖਣਾ ਚਾਹੀਦਾ ਹੈ, ਬੱਚਿਆਂ ਨੂੰ ਸਿਹਤਮੰਦ ਖੁਰਾਕ ਦੇਣ ਦੇ ਨਾਲ-ਨਾਲ ਉਬਾਲ ਕੇ ਪਾਣੀ ਦੇਣਾ ਚਾਹੀਦਾ ਹੈ। ਇਸ ਦੇ ਨਾਲ ਹੀ ਵਾਰ-ਵਾਰ ਹੱਥ ਪੈਰ ਸਾਫ ਕਰਨੇ ਚਾਹੀਦੇ ਹਨ ਅਤੇ ਜੰਕ ਫੂਡ ਖਾਣ ਤੋਂ ਵੀ ਗੁਰੇਜ਼ ਕਰਨਾ ਚਾਹੀਦਾ ਹੈ। ਫਲ ਅਤੇ ਸਬਜ਼ੀਆਂ ਨੂੰ ਵੀ ਬਕਾਇਦਾ ਚੰਗੀ ਤਰ੍ਹਾਂ ਸਾਫ ਕਰ ਕੇ ਖਾਣਾ ਚਾਹੀਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8