ਕਿਡਨੀ 'ਚ ਪੱਥਰੀ ਦੀ ਨਿਸ਼ਾਨੀ ਹਨ ਇਹ ਲੱਛਣ
Sunday, Sep 29, 2024 - 11:55 AM (IST)
ਨਵੀਂ ਦਿੱਲੀ - ਕਿਸੇ ਵੀ ਬਿਮਾਰੀ ਦਾ ਸਮਾਂ ਰਹਿੰਦੇ ਪਤਾ ਲੱਗ ਜਾਵੇ ਤਾਂ ਇਲਾਜ ਅਸਾਨ ਹੁੰਦਾ ਹੈ। ਇਸ ਲਈ ਸਰੀਰ ਦੇ ਕਿਸੇ ਵੀ ਲੱਛਣ ਜਾਂ ਸੰਕੇਤ ਨੂੰ ਨਜ਼ਰਅੰਦਾਜ਼ ਨਾ ਕਰੋ। ਜੇਕਰ ਤੁਸੀਂ ਆਪਣੀ ਕਮਰ ਦੇ ਉੱਪਰ ਸਰੀਰ ਦੇ ਪਿਛਲੇ ਹਿੱਸੇ 'ਚ ਦਰਦ ਮਹਿਸੂਸ ਕਰਦੇ ਹੋ ਤਾਂ ਇਸ ਨੂੰ ਨਜ਼ਰਅੰਦਾਜ਼ ਨਾ ਕਰੋ ਕਿਉਂਕਿ ਇਹ ਕਿਡਨੀ ਸਟੋਨ ਦਾ ਸੰਕੇਤ ਹੋ ਸਕਦਾ ਹੈ। ਕਈ ਵਾਰ ਢਿੱਡ ਵਿੱਚ ਦਰਦ ਦੇ ਨਾਲ ਖੂਨ ਵਹਿਣ, ਸੋਜ ਜਾਂ ਲਾਗ ਵਰਗੇ ਲੱਛਣ ਵੀ ਦਿਖਾਈ ਦੇ ਸਕਦੇ ਹਨ। ਹਾਲਾਂਕਿ, ਇਹ ਲੱਛਣ ਆਮ ਤੌਰ 'ਤੇ ਉਦੋਂ ਤੱਕ ਵਿਕਸਤ ਨਹੀਂ ਹੋ ਸਕਦੇ ਜਦੋਂ ਤੱਕ ਪੱਥਰੀ ਪਿਸ਼ਾਬ ਨਾਲੀ ਵਿੱਚੋਂ ਲੰਘਣਾ ਸ਼ੁਰੂ ਨਹੀਂ ਕਰ ਦਿੰਦੀ। ਕਿਡਨੀ ਸਟੋਨ ਦੀ ਸਮੱਸਿਆ ਖਤਰਨਾਕ ਨਹੀਂ ਹੈ ਪਰ ਜੇਕਰ ਇਹ ਲੰਬੇ ਸਮੇਂ ਤੱਕ ਬਣੀ ਰਹੇ ਤਾਂ ਨੁਕਸਾਨ ਪਹੁੰਚਾ ਸਕਦੀ ਹੈ। ਹਾਲਾਂਕਿ ਇਸਦੇ ਲਈ ਤੁਹਾਨੂੰ ਸਮੇਂ ਸਿਰ ਪਤਾ ਲਗਾਉਣਾ ਬਹੁਤ ਜ਼ਰੂਰੀ ਹੋਵੇਗਾ। ਆਓ ਤੁਹਾਨੂੰ ਦੱਸਦੇ ਹਾਂ ਕਿਡਨੀ ਸਟੋਨ ਦੇ ਸ਼ੁਰੂਆਤੀ ਲੱਛਣ।
ਪਿੱਠ ਦੇ ਹੇਠਲੇ ਹਿੱਸੇ ਵਿੱਚ ਦਬਾਅ ਜਾਂ ਦਰਦ
ਕੁਝ ਮਾਮਲਿਆਂ ਵਿੱਚ, ਇੱਕ ਪੱਥਰੀ ਯੂਰੇਟਰ (ureter) ਵਿੱਚ ਫਸ ਸਕਦੀ ਹੈ। ਯੂਰੇਟਰ ਇੱਕ ਟਿਊਬ ਹੈ ਜੋ ਕਿ ਗੁਰਦੇ ਤੋਂ ਬਲੈਡਰ ਤੱਕ ਪਿਸ਼ਾਬ ਲੈ ਕੇ ਜਾਂਦੀ ਹੈ। ਇੱਥੇ ਇੱਕ ਰੁਕਾਵਟ ਕਾਰਨ ਪਿਸ਼ਾਬ ਗੁਰਦੇ ਵਿੱਚ ਵਾਪਸ ਆ ਜਾਂਦਾ ਹੈ, ਨਤੀਜੇ ਵਜੋਂ ਪਿੱਠ ਦੇ ਹੇਠਲੇ ਹਿੱਸੇ ਵਿੱਚ ਦਬਾਅ ਅਤੇ ਦਰਦ ਹੁੰਦਾ ਹੈ। ਇਹ ਲੱਛਣ ਖੱਬੇ ਜਾਂ ਸੱਜੇ ਪਾਸੇ ਹੋ ਸਕਦੇ ਹਨ।
ਪਿਸ਼ਾਬ ਦੌਰਾਨ ਦਰਦ ਜਾਂ ਜਲਨ
ਜਦੋਂ ਪੱਥਰੀ ਯੂਰੇਟਰ ਅਤੇ ਬਲੈਡਰ ਦੇ ਵਿਚਕਾਰ ਪਹੁੰਚ ਜਾਂਦੀ ਹੈ, ਤਾਂ ਇਹ ਪਿਸ਼ਾਬ ਕਰਦੇ ਸਮੇਂ ਦਰਦ ਅਤੇ ਜਲਨ ਦਾ ਕਾਰਨ ਬਣ ਸਕਦੀ ਹੈ। ਡਾਕਟਰ ਇਸਨੂੰ ਡਾਇਸੂਰੀਆ ਕਹਿੰਦੇ ਹਨ। ਕਈ ਵਾਰ ਤੁਹਾਨੂੰ ਪੱਥਰੀ ਦੇ ਨਾਲ-ਨਾਲ UTI ਦੀ ਲਾਗ ਵੀ ਹੋ ਸਕਦੀ ਹੈ।
ਪਿਸ਼ਾਬ ਵਿੱਚ ਖ਼ੂਨ ਦਾ ਆਉਣਾ
ਗੁਰਦੇ ਦੀ ਪੱਥਰੀ ਵਾਲੇ ਲੋਕਾਂ ਵਿੱਚ ਪਿਸ਼ਾਬ ਵਿੱਚ ਖੂਨ ਇੱਕ ਆਮ ਲੱਛਣ ਹੈ, ਜਿਸਨੂੰ ਹੇਮੇਟੂਰੀਆ ਵੀ ਕਿਹਾ ਜਾਂਦਾ ਹੈ। ਖੂਨ ਲਾਲ, ਗੁਲਾਬੀ ਜਾਂ ਭੂਰਾ ਹੋ ਸਕਦਾ ਹੈ। ਅਜਿਹੇ ਵਿੱਚ ਤੁਹਾਨੂੰ ਡਾਕਟਰ ਤੋਂ ਜਾਂਚ ਕਰਵਾਉਣੀ ਚਾਹੀਦੀ ਹੈ।
ਮਨ ਕੱਚਾ ਹੋਣਾ ਅਤੇ ਉਲਟੀਆਂ
ਗੁਰਦੇ ਦੀ ਪੱਥਰੀ ਵਾਲੇ ਲੋਕਾਂ ਵਿੱਚ ਮਨ ਕੱਚਾ ਹੋਣਾ ਅਤੇ ਉਲਟੀਆਂ ਆਮ ਹਨ। ਵਾਸਤਵ ਵਿੱਚ ਗੁਰਦੇ ਦੀ ਪੱਥਰੀ GI ਟ੍ਰੈਕਟ ਵਿੱਚ ਨਸਾਂ ਨੂੰ ਟ੍ਰਿਗਰ ਕਰ ਸਕਦੀ ਹੈ, ਜਿਸ ਨਾਲ ਢਿੱਡ ਖਰਾਬ, ਮਨ ਕੱਚਾ ਹੋਣਾ ਅਤੇ ਉਲਟੀਆਂ ਦੀ ਸ਼ਿਕਾਇਤ ਹੋ ਸਕਦੀ ਹੈ।
ਬੁਖਾਰ ਅਤੇ ਠੰਢ
ਕਈ ਵਾਰ ਗੁਰਦੇ ਦੀ ਪੱਥਰੀ ਦਰਮਿਆਨ ਬੁਖ਼ਾਰ ਦੇ ਨਾਲ ਠੰਢ ਲੱਗਣਾ ਜਾਂ ਕੰਬਣ ਦੀ ਸਮੱਸਿਆ ਵੀ ਹੋ ਸਕਦੀ ਹੈ।
ਗੈਰ-ਲੱਛਣ ਵਾਲੀ ਗੁਰਦੇ ਦੀ ਪੱਥਰੀ
ਮਾਹਿਰਾਂ ਅਨੁਸਾਰ ਕਈ ਵਾਰ ਗੁਰਦੇ ਦੀ ਪੱਥਰੀ ਦੀ ਸਤ੍ਹਾ ਬਹੁਤ ਮੁਲਾਇਮ ਹੋ ਜਾਂਦੀ ਹੈ, ਜਿਸ ਕਾਰਨ ਦਰਦ ਜਾਂ ਉਲਟੀ ਵਰਗੇ ਲੱਛਣ ਨਜ਼ਰ ਨਹੀਂ ਆਉਂਦੇ। ਹਾਲਾਂਕਿ, ਅਜਿਹੀ ਸਥਿਤੀ ਵਿਚ ਪੱਥਰੀ ਜ਼ਿਆਦਾ ਨੁਕਸਾਨ ਕਰ ਸਕਦੀ ਹੈ। ਇਸ ਸਥਿਤੀ ਵਿੱਚ ਸੀਰਮ ਕ੍ਰੀਏਟੀਨਾਈਨ ਦਾ ਪੱਧਰ ਵੱਧ ਸਕਦਾ ਹੈ, ਜਿਸਦਾ ਪਤਾ ਖੂਨ ਦੀ ਜਾਂਚ ਜਾਂ ਅਲਟਰਾਸਾਊਂਡ ਰਾਹੀਂ ਲਗਾਇਆ ਜਾ ਸਕਦਾ ਹੈ। ਜੇਕਰ ਕਿਡਨੀ ਦੀ ਸੋਜ ਅਤੇ ਸੀਰਮ ਕ੍ਰੀਏਟੀਨਾਈਨ ਲੈਵਲ ਵਧਣ ਦੀ ਸਮੱਸਿਆ ਹੈ, ਤਾਂ ਤੁਰੰਤ ਜਾਂਚ ਕਰਵਾਓ।