ਸਾਵਧਾਨ! ਅੰਗੂਰ ਖਾਣ ਤੋਂ ਪਹਿਲਾਂ ਪੜ੍ਹੋ ਇਹ ਖ਼ਬਰ : ਰਸਾਇਣਾਂ ਨਾਲ ਭਰੇ ਹੋ ਸਕਦੇ ਹਨ ਤੁਹਾਡੇ ਮਨਪਸੰਦ ਅੰਗੂਰ
Friday, Mar 13, 2026 - 03:23 PM (IST)
ਹੈਲਥ ਡੈਸਕ - ਮਿੱਠੇ ਅਤੇ ਰਸੀਲੇ ਅੰਗੂਰ ਸਵਾਦ 'ਚ ਲਾਜਵਾਬ ਹੁੰਦੇ ਹਨ ਅਤੇ ਖਾਸ ਤੌਰ 'ਤੇ ਬੱਚੇ ਇਨ੍ਹਾਂ ਦੇ ਬਹੁਤ ਸ਼ੌਕੀਨ ਹੁੰਦੇ ਹਨ ਪਰ ਕੀ ਤੁਸੀਂ ਜਾਣਦੇ ਹੋ ਕਿ ਬਾਜ਼ਾਰ 'ਚ ਮਿਲਣ ਵਾਲੇ ਇਹ ਚਮਕਦਾਰ ਅੰਗੂਰ ਤੁਹਾਡੀ ਸਿਹਤ ਲਈ ਖ਼ਤਰਨਾਕ ਵੀ ਹੋ ਸਕਦੇ ਹਨ? ਸਰੋਤਾਂ ਅਨੁਸਾਰ, ਅੰਗੂਰਾਂ ਦੀ ਸ਼ੈਲਫ ਲਾਈਫ ਵਧਾਉਣ ਅਤੇ ਉਨ੍ਹਾਂ ਨੂੰ ਤਾਜ਼ਾ ਰੱਖਣ ਲਈ ਕਈ ਵਾਰ ਪੈਸਟੀਸਾਈਡਜ਼ (ਕੀਟਨਾਸ਼ਕ) ਅਤੇ ਕੈਮੀਕਲ ਵੈਕਸ ਦੀ ਵਰਤੋਂ ਕੀਤੀ ਜਾਂਦੀ ਹੈ।
ਕਿਉਂ ਕੀਤੇ ਜਾਂਦੇ ਹਨ ਰਸਾਇਣਾਂ ਦੀ ਵਰਤੋਂ?
ਅੰਗੂਰਾਂ ਨੂੰ ਜਲਦੀ ਪਕਾਉਣ, ਉਨ੍ਹਾਂ ਦੀ ਚਮਕ ਵਧਾਉਣ ਅਤੇ ਲੰਬੇ ਸਮੇਂ ਤੱਕ ਖਰਾਬ ਹੋਣ ਤੋਂ ਬਚਾਉਣ ਲਈ ਸਲਫਰ ਡਾਈਆਕਸਾਈਡ ਵਰਗੇ ਰਸਾਇਣਾਂ ਅਤੇ ਕੀਟਨਾਸ਼ਕਾਂ ਦੀ ਵਰਤੋਂ ਕੀਤੀ ਜਾਂਦੀ ਹੈ। ਕੈਮੀਕਲ ਵੈਕਸ ਕਾਰਨ ਅੰਗੂਰ ਜ਼ਿਆਦਾ ਚਮਕਦਾਰ ਦਿਖਾਈ ਦਿੰਦੇ ਹਨ, ਜਿਸ ਕਾਰਨ ਲੋਕ ਇਨ੍ਹਾਂ ਨੂੰ ਚੰਗੀ ਗੁਣਵੱਤਾ ਵਾਲੇ ਸਮਝ ਕੇ ਖਰੀਦ ਲੈਂਦੇ ਹਨ।
ਸਿਹਤ 'ਤੇ ਪੈਣ ਵਾਲੇ ਮਾੜੇ ਪ੍ਰਭਾਵ :-
ਮਾਹਿਰਾਂ ਅਨੁਸਾਰ ਜੇਕਰ ਇਨ੍ਹਾਂ ਰਸਾਇਣਾਂ ਵਾਲੇ ਅੰਗੂਰਾਂ ਨੂੰ ਬਿਨਾਂ ਸਾਫ਼ ਕੀਤੇ ਖਾਧਾ ਜਾਵੇ, ਤਾਂ ਇਹ ਸਰੀਰ 'ਚ ਕਈ ਬਿਮਾਰੀਆਂ ਪੈਦਾ ਕਰ ਸਕਦੇ ਹਨ। ਇਸ ਦੇ ਮੁੱਖ ਨੁਕਸਾਨ ਹੇਠ ਲਿਖੇ ਹਨ:
ਪਾਚਨ ਪ੍ਰਣਾਲੀ ਦੀ ਖਰਾਬੀ
- ਇਸ ਨਾਲ ਗੈਸ, ਬਲੋਟਿੰਗ (ਪੇਟ ਫੁੱਲਣਾ) ਅਤੇ ਬਦਹਜ਼ਮੀ ਹੋ ਸਕਦੀ ਹੈ।
ਐਲਰਜੀ
- ਕੁਝ ਲੋਕਾਂ ਨੂੰ ਇਨ੍ਹਾਂ ਕੈਮੀਕਲਜ਼ ਕਾਰਨ ਐਲਰਜੀ ਵੀ ਹੋ ਸਕਦੀ ਹੈ।
ਨਾੜੀ ਪ੍ਰਣਾਲੀ 'ਤੇ ਅਸਰ
- ਇਹ ਰਸਾਇਣ ਸਾਡੇ ਤੰਤੂ ਤੰਤਰ 'ਤੇ ਵੀ ਬੁਰਾ ਅਸਰ ਪਾ ਸਕਦੇ ਹਨ।
ਘਰ 'ਚ ਅੰਗੂਰਾਂ ਨੂੰ ਸਾਫ਼ ਕਰਨ ਦੇ ਆਸਾਨ ਤਰੀਕੇ :-
ਤੁਸੀਂ ਕੁਝ ਘਰੇਲੂ ਨੁਸਖਿਆਂ ਨਾਲ ਇਨ੍ਹਾਂ ਰਸਾਇਣਾਂ ਨੂੰ ਕਾਫ਼ੀ ਹੱਦ ਤੱਕ ਹਟਾ ਸਕਦੇ ਹੋ:
ਨਮਕ ਅਤੇ ਸਿਰਕਾ
- ਇਕ ਭਾਂਡੇ ਵਿਚ ਪਾਣੀ ਲੈ ਕੇ ਉਸ ਵਿਚ ਅੱਧਾ-ਅੱਧਾ ਚਮਚ ਨਮਕ ਅਤੇ ਸਿਰਕਾ ਮਿਲਾਓ। ਅੰਗੂਰਾਂ ਨੂੰ ਇਸ ਵਿਚ 10 ਮਿੰਟ ਲਈ ਭਿਓਂ ਕੇ ਰੱਖੋ।
ਬੇਕਿੰਗ ਸੋਡਾ ਅਤੇ ਨਿੰਬੂ
- ਪਾਣੀ ਵਿਚ ਅੱਧਾ ਚਮਚ ਬੇਕਿੰਗ ਸੋਡਾ ਅਤੇ ਥੋੜ੍ਹਾ ਜਿਹਾ ਨਿੰਬੂ ਦਾ ਰਸ ਪਾ ਕੇ ਅੰਗੂਰਾਂ ਨੂੰ ਕੁਝ ਦੇਰ ਭਿਓਂ ਦਿਓ, ਫਿਰ ਸਾਧਾਰਨ ਪਾਣੀ ਨਾਲ ਧੋ ਲਵੋ।
ਕੋਸਾ ਪਾਣੀ
- ਅੰਗੂਰਾਂ ਨੂੰ ਸਾਫ਼ ਕਰਨ ਲਈ ਕੋਸੇ ਪਾਣੀ ਦੀ ਵਰਤੋਂ ਵੀ ਕੀਤੀ ਜਾ ਸਕਦੀ ਹੈ, ਜੋ ਕੀਟਨਾਸ਼ਕਾਂ ਨੂੰ ਹਟਾਉਣ ਵਿਚ ਮਦਦਗਾਰ ਹੁੰਦਾ ਹੈ।
ਪੇਰੈਂਟਸ ਨੂੰ ਖਾਸ ਤੌਰ 'ਤੇ ਸਲਾਹ ਦਿੱਤੀ ਜਾਂਦੀ ਹੈ ਕਿ ਬੱਚਿਆਂ ਨੂੰ ਅੰਗੂਰ ਖਿਲਾਉਣ ਵੇਲੇ ਇਨ੍ਹਾਂ ਸਾਵਧਾਨੀਆਂ ਦਾ ਖਾਸ ਖਿਆਲ ਰੱਖਣ।
