ਸਰਵਾਈਕਲ ਦੇ ਦਰਦ ਨੂੰ ਦਿਨਾਂ ’ਚ ਦੂਰ ਕਰਦੀਆਂ ਨੇ ਇਹ 5 ਕਸਰਤਾਂ, 10-15 ਮਿੰਟ ਰੋਜ਼ਾਨਾ ਕਰੋ

07/31/2023 1:39:50 PM

ਜਲੰਧਰ (ਬਿਊਰੋ)– ਸਰਵਾਈਕਲ ਦਰਦ ਦੀ ਸਮੱਸਿਆ ਲੋਕਾਂ ’ਚ ਬਹੁਤ ਆਮ ਹੈ। ਇਹ ਸਮੱਸਿਆ ਉਦੋਂ ਹੁੰਦੀ ਹੈ, ਜਦੋਂ ਤੁਹਾਡੀ ਸਰਵਾਈਕਲ ਸਪਾਈਨ, ਜੋ ਕਿ ਧੌਣ ’ਚ ਮੌਜੂਦ ਹੁੰਦੀ ਹੈ, ’ਚ ਅਕੜਾਅ, ਮੋਢਿਆਂ ਤੇ ਧੌਣ ’ਚ ਦਰਦ ਹੋਣ ਲੱਗਦਾ ਹੈ। ਇਸ ਕਾਰਨ ਤੁਹਾਡੀ ਰੀੜ੍ਹ ਦੀ ਹੱਡੀ ਵੀ ਪ੍ਰਭਾਵਿਤ ਹੁੰਦੀ ਹੈ। ਸਰਵਾਈਕਲ ਸਿਰ ਦਰਦ ਦੀ ਸਮੱਸਿਆ ਲੰਮੇ ਸਮੇਂ ਤੱਕ ਇਕੋ ਸਥਿਤੀ ’ਚ ਬੈਠਣ ਜਾਂ ਸੌਣ ਨਾਲ ਹੁੰਦੀ ਹੈ। ਨਾਲ ਹੀ, ਜੇਕਰ ਕਿਸੇ ਨੂੰ ਪਹਿਲਾਂ ਹੀ ਇਹ ਸਮੱਸਿਆ ਹੈ ਤਾਂ ਉਸੇ ਸਥਿਤੀ ’ਚ ਬੈਠਣ ਜਾਂ ਲੇਟਣ ਨਾਲ ਸਥਿਤੀ ਵਿਗੜ ਸਕਦੀ ਹੈ।

ਸਰਵਾਈਕਲ ਦੇ ਦਰਦ ਕਾਰਨ ਲੋਕਾਂ ਨੂੰ ਬਹੁਤ ਜ਼ਿਆਦਾ ਦਰਦ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਕਾਰਨ ਧੌਣ ਤੋਂ ਲੈ ਕੇ ਸਿਰ ਤੱਕ ਤੇਜ਼ ਦਰਦ ਹੋ ਸਕਦਾ ਹੈ। ਇਸ ਤੋਂ ਛੁਟਕਾਰਾ ਪਾਉਣ ਲਈ ਲੋਕ ਕਈ ਤਰ੍ਹਾਂ ਦੇ ਘਰੇਲੂ ਨੁਸਖ਼ਿਆਂ ਦੇ ਨਾਲ-ਨਾਲ ਓਵਰ-ਦਿ-ਕਾਊਂਟਰ (OTC) ਦਰਦ ਨਿਵਾਰਕ ਦਵਾਈਆਂ ਦੀ ਕੋਸ਼ਿਸ਼ ਕਰਦੇ ਹਨ ਪਰ ਫਿਰ ਵੀ ਦਰਦ ਦੂਰ ਨਹੀਂ ਹੁੰਦਾ।

ਕੀ ਤੁਸੀਂ ਜਾਣਦੇ ਹੋ ਕਿ ਸਰਵਾਈਕਲ ਤੋਂ ਛੁਟਕਾਰਾ ਪਾਉਣ ਲਈ ਕੁਝ ਸਾਧਾਰਨ ਕਸਰਤਾਂ ਕਰਨਾ ਬਹੁਤ ਫ਼ਾਇਦੇਮੰਦ ਸਾਬਿਤ ਹੋ ਸਕਦਾ ਹੈ? ਜੀ ਹਾਂ, ਤੁਸੀਂ ਬਿਲਕੁਲ ਸਹੀ ਪੜ੍ਹਿਆ। ਕਈ ਕਸਰਤਾਂ ਹਨ, ਜੋ ਤੁਹਾਨੂੰ ਸਰਵਾਈਕਲ ਦੇ ਦਰਦ ਤੋਂ ਰਾਹਤ ਪ੍ਰਦਾਨ ਕਰ ਸਕਦੀਆਂ ਹਨ। ਇਸ ਲੇਖ ’ਚ ਅਸੀਂ ਤੁਹਾਨੂੰ ਸਰਵਾਈਕਲ ਦੀਆਂ 5 ਆਸਾਨ ਕਸਰਤਾਂ ਦੱਸਣ ਜਾ ਰਹੇ ਹਾਂ–

ਸਰਵਾਈਕਲ ਦਰਦ ਲਈ ਕਸਰਤ
ਧੌਣ ਦੇ ਦਰਦ ਦਾ ਇਕ ਵੱਡਾ ਕਾਰਨ ਤੁਹਾਡੇ ਸਰੀਰ ਦਾ ਖ਼ਰਾਬ ਪੋਸਚਰ ਹੈ, ਜੋ ਕਿ ਤੁਹਾਡਾ ਬੈਠਣਾ ਤੇ ਗਲਤ ਤਰੀਕੇ ਨਾਲ ਲੇਟਣਾ ਹੈ। ਇਸ ਕਾਰਨ ਤੁਹਾਡੀਆਂ ਮਾਸਪੇਸ਼ੀਆਂ ’ਤੇ ਜ਼ਿਆਦਾ ਦਬਾਅ ਪੈਂਦਾ ਹੈ, ਜਿਸ ਨਾਲ ਜੋੜਾਂ ’ਚ ਦਰਦ ਹੁੰਦਾ ਹੈ। ਕਸਰਤ ਕਰਨ ਨਾਲ ਮਾਸਪੇਸ਼ੀਆਂ ’ਚ ਗਤੀਸ਼ੀਲਤਾ ਵਧਦੀ ਹੈ ਤੇ ਦਰਦ ਤੋਂ ਰਾਹਤ ਮਿਲਦੀ ਹੈ। ਤੁਸੀਂ ਸਰਵਾਈਕਲ ਲਈ ਹੇਠ ਲਿਖੀਆਂ 5 ਕਸਰਤਾਂ ਕਰ ਸਕਦੇ ਹੋ–

ਧੌਣ ਦੀ ਕਸਰਤ
ਇਸ ਦੇ ਲਈ ਤੁਹਾਨੂੰ ਪਹਿਲਾਂ ਸਿੱਧਾ ਖੜ੍ਹਾ ਹੋਣਾ ਹੋਵੇਗਾ, ਫਿਰ ਧੌਣ ਨੂੰ ਅੱਗੇ ਝੁਕਾਉਣਾ ਹੋਵੇਗਾ। ਆਪਣੀ ਧੌਣ ਨੂੰ ਇੰਨਾ ਝੁਕਾਓ ਕਿ ਇਹ ਪਿੱਠ ’ਚ ਇਕ ਖਿੱਚ ਪੈਦਾ ਕਰੇ। 10-15 ਸਕਿੰਟ ਤੱਕ ਇਸ ਸਥਿਤੀ ’ਚ ਰਹਿਣ ਤੋਂ ਬਾਅਦ ਆਮ ਸਥਿਤੀ ’ਚ ਵਾਪਸ ਆ ਜਾਓ। ਇਸ ਨੂੰ 8-10 ਵਾਰ ਦੁਹਰਾਓ।

ਧੌਣ ਨੂੰ ਖੱਬੇ ਤੇ ਸੱਜੇ ਝੁਕਾਓ
ਤੁਹਾਨੂੰ ਸਿੱਧਾ ਖੜ੍ਹਾ ਹੋਣਾ ਹੈ, ਇਸ ਤੋਂ ਬਾਅਦ ਧੌਣ ਨੂੰ ਪਹਿਲਾਂ ਖੱਬੇ ਪਾਸੇ, ਫਿਰ ਉਸੇ ਤਰ੍ਹਾਂ ਸੱਜੇ ਪਾਸੇ ਝੁਕਾਓ। ਹਰੇਕ ਪਾਸੇ ਨੂੰ ਘੱਟੋ-ਘੱਟ 5 ਸਕਿੰਟਾਂ ਲਈ ਫੜੀ ਰੱਖੋ। ਫਿਰ ਆਮ ਸਥਿਤੀ ’ਤੇ ਵਾਪਸ ਆਓ, ਇਸ ਨੂੰ 5-8 ਵਾਰ ਦੁਹਰਾਓ।

ਮੋਢਿਆਂ ਨੂੰ ਘੁਮਾਓ
ਸਿੱਧੇ ਖੜ੍ਹੇ ਰਹੋ ਤੇ ਆਪਣੇ ਮੋਢੇ ਤੇ ਧੌਣ ਨੂੰ ਸਿੱਧਾ ਰੱਖੋ। ਹੁਣ ਆਪਣੇ ਮੋਢਿਆਂ ਨੂੰ ਸਰਕੂਲਰ ਮੋਸ਼ਨ ’ਚ ਘੁਮਾਓ। 5 ਵਾਰ ਅੱਗੇ ਘੁਮਾਓ, ਫਿਰ ਉਲਟ ਦਿਸ਼ਾ ’ਚ 5 ਵਾਰ ਘੁਮਾਓ। ਇਸ ਨੂੰ 8-10 ਵਾਰ ਦੁਹਰਾਓ।

ਧੌਣ ਨੂੰ ਹਿਲਾਏ ਬਿਨਾਂ ਪਾਸੇ ਵੱਲ ਝੁਕੋ
ਸਿੱਧੇ ਖੜ੍ਹੇ ਹੋਵੋ ਤੇ ਆਪਣੇ ਹੱਥਾਂ ਨੂੰ ਆਪਣੇ ਸਿਰ ਦੇ ਉੱਪਰ ਰੱਖੋ। ਹੁਣ ਗਰਦਨ ਨੂੰ ਮੋੜੇ ਬਿਨਾਂ ਹੌਲੀ-ਹੌਲੀ ਸੱਜੇ ਪਾਸੇ ਝੁਕੋ, ਆਮ ਆਸਣ ’ਤੇ ਵਾਪਸ ਆਓ, ਫਿਰ ਖੱਬੇ ਪਾਸੇ ਝੁਕੋ। ਇਸ ਨੂੰ 8-10 ਵਾਰ ਦੁਹਰਾਓ।

ਚੇਅਰ ਟਵਿਸਟ
ਪਹਿਲਾਂ ਆਪਣੀ ਪਿੱਠ ਸਿੱਧੀ ਕਰਕੇ ਕੁਰਸੀ ’ਤੇ ਬੈਠੋ, ਫਿਰ ਆਪਣੇ ਖੱਬੇ ਹੱਥ ਨੂੰ ਆਪਣੇ ਸੱਜੇ ਗੋਡੇ ’ਤੇ ਰੱਖਦਿਆਂ ਆਪਣੇ ਮੋਢਿਆਂ ਨੂੰ ਸੱਜੇ ਪਾਸੇ ਖਿੱਚੋ। ਹੌਲੀ-ਹੌਲੀ ਪਿੱਛੇ ਨੂੰ ਸਿੱਧਾ ਕਰੋ ਤੇ ਦੂਜੇ ਹੱਥ ਤੇ ਗੋਡੇ ਨਾਲ ਉਸੇ ਤਰ੍ਹਾਂ ਦੁਹਰਾਓ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਹ ਕਰਸਤਾਂ ਲਗਾਤਾਰ 1 ਮਹੀਨਾ ਕਰਨ ਨਾਲ ਤੁਹਾਨੂੰ ਅਸਰ ਦਿਖਣਾ ਸ਼ੁਰੂ ਹੋ ਜਾਵੇਗਾ। ਜੇਕਰ ਦਰਦ ਜ਼ਿਆਦਾ ਹੈ ਤਾਂ ਤੁਸੀਂ ਡਾਕਟਰ ਨਾਲ ਵੀ ਸਲਾਹ ਕਰ ਸਕਦੇ ਹੋ।


Rahul Singh

Content Editor

Related News