ਸਰੀਰ ਲਈ ਬੇਹੱਦ ਗੁਣਕਾਰੀ ਹੈ ‘ਅਨਾਰ’, ਤਣਾਅ ਨੂੰ ਕਰੇ ਦੂਰ, ਗਰਭਵਤੀ ਔਰਤਾਂ ਜ਼ਰੂਰ ਕਰਨ ਵਰਤੋਂ

Wednesday, Feb 01, 2023 - 05:00 PM (IST)

ਸਰੀਰ ਲਈ ਬੇਹੱਦ ਗੁਣਕਾਰੀ ਹੈ ‘ਅਨਾਰ’, ਤਣਾਅ ਨੂੰ ਕਰੇ ਦੂਰ, ਗਰਭਵਤੀ ਔਰਤਾਂ ਜ਼ਰੂਰ ਕਰਨ ਵਰਤੋਂ

ਜਲੰਧਰ (ਬਿਊਰੋ)– ਅਨਾਰ ਖਾਣਾ ਸਿਹਤ ਲਈ ਬਹੁਤ ਵਧੀਆ ਹੁੰਦਾ ਹੈ, ਜੋ ਖ਼ੂਨ ਦੀ ਘਾਟ ਨੂੰ ਪੂਰਾ ਕਰਦਾ ਹੈ। ਸਰੀਰ ’ਚ ਜਦੋਂ ਵੀ ਖ਼ੂਨ ਦੀ ਮਾਤਰਾ ਘੱਟ ਜਾਵੇ ਤਾਂ ਡਾਕਟਰ ਹਮੇਸ਼ਾ ਲੋਕਾਂ ਨੂੰ ਅਨਾਰ ਖਾਣ ਦੀ ਸਲਾਹ ਦਿੰਦੇ ਹਨ। ਅਨਾਰ ਖਾਣ ਨਾਲ ਸਰੀਰ ’ਚ ਆਇਰਨ ਦੀ ਘਾਟ ਦੂਰ ਹੁੰਦੀ ਹੈ। ਇਸ ’ਚ ਫਾਈਬਰ ਭਰਪੂਰ ਮਾਤਰਾ ’ਚ ਹੁੰਦਾ ਹੈ, ਜੋ ਭਾਰ ਕੰਟਰੋਲ ਕਰਨ ’ਚ ਸਹਾਇਕ ਹੁੰਦਾ ਹੈ। ਅਨਾਰ ਖਾਣ ਨਾਲ ਸਿਹਤ ਨੂੰ ਬਹੁਤ ਸਾਰੇ ਫ਼ਾਇਦੇ ਹੁੰਦੇ ਹਨ। ਜੇਕਰ ਤੁਹਾਨੂੰ ਐਲਰਜੀ, ਲੋਅ ਬਲੱਡ ਪ੍ਰੈਸ਼ਰ ਦੀ ਸਮੱਸਿਆ ਵਰਗੇ ਰੋਗ ਹਨ ਤਾਂ ਤੁਸੀਂ ਭੁੱਲ ਕੇ ਵੀ ਅਨਾਰ ਦਾ ਸੇਵਨ ਨਾ ਕਰੋ ਕਿਉਂਕਿ ਇਸ ਨਾਲ ਸਿਹਤ ਨੂੰ ਨੁਕਸਾਨ ਹੋ ਸਕਦਾ ਹੈ।

ਅਨਾਰ ਫਾਈਬਰ, ਵਿਟਾਮਿਨ-ਕੇ, ਸੀ ਤੇ ਬੀ, ਆਇਰਨ, ਪੋਟਾਸ਼ੀਅਮ, ਜ਼ਿੰਕ ਤੇ ਓਮੇਗਾ-6 ਫੈਟੀ ਐਸਿਡ ਦੇ ਗੁਣਾਂ ਨਾਲ ਭਰਪੂਰ ਹੁੰਦਾ ਹੈ। ਅਨਾਰ ਦੀ ਰੋਜ਼ਾਨਾ ਵਰਤੋਂ ਨਾਲ ਭੁੱਖ ਲੱਗਦੀ ਹੈ ਤੇ ਸਰੀਰ ਦੀਆਂ ਸਾਰੀਆਂ ਕਮਜ਼ੋਰੀਆਂ ਦੂਰ ਹੋ ਜਾਂਦੀਆਂ ਹਨ। ਇੰਨਾ ਹੀ ਨਹੀਂ, ਅਨਾਰ ਖਾਣ ਦੇ ਹੋਰ ਵੀ ਬਹੁਤ ਸਾਰੇ ਫਾਇਦੇ ਹੁੰਦੇ ਹਨ, ਜਿਨ੍ਹਾਂ ਬਾਰੇ ਅੱਜ ਅਸੀਂ ਤੁਹਾਨੂੰ ਦਸਾਂਗੇ–  

ਗਰਭ ਅਵਸਥਾ ’ਚ ਫਾਇਦੇਮੰਦ
ਇਸ ’ਚ ਵਿਟਾਮਿਨ, ਮਿਨਰਲਸ ਤੇ ਫੌਲਿਕ ਐਸਿਡ ਮੌਜੂਦ ਹੁੰਦਾ ਹੈ, ਜੋ ਕਿ ਗਰਭ ’ਚ ਪਲ ਰਹੇ ਬੱਚੇ ਤੇ ਮਾਂ ਲਈ ਫ਼ਾਇਦੇਮੰਦ ਹੈ। ਨਾਲ ਹੀ ਇਸ ਦਾ ਸੇਵਨ ਪ੍ਰੈਗਨੈਂਸੀ ’ਚ ਪੈਰਾਂ ਦੇ ਦਰਦ ਤੋਂ ਰਾਹਤ ਦਿੰਦਾ ਹੈ। ਇਸ ਤੋਂ ਇਲਾਵਾ ਇਸ ਦੇ ਸੇਵਨ ਨਾਲ ਪ੍ਰੀਮੈਚਿਊਰ ਡਿਲਿਵਰੀ ਦਾ ਖ਼ਤਰਾ ਵੀ ਘੱਟ ਹੁੰਦਾ ਹੈ।

ਸ਼ੂਗਰ ’ਚ ਫਾਇਦੇਮੰਦ 
ਸ਼ੂਗਰ ਦੇ ਰੋਗੀਆਂ ਨੂੰ ਲੱਗਦਾ ਹੈ ਕਿ ਅਨਾਰ ’ਚ ਸ਼ੂਗਰ ਹੋਣ ਕਾਰਨ ਇਸ ਦਾ ਸੇਵਨ ਨਹੀਂ ਕਰਨਾ ਚਾਹੀਦਾ ਪਰ ਅਨਾਰ ਨਾਲੋਂ ਜ਼ਿਆਦਾ ਸ਼ੂਗਰ ਇਸ ਦੇ ਜੂਸ ’ਚ ਹੁੰਦੀ ਹੈ। ਇਸ ਲਈ ਡਾਕਟਰ ਸ਼ੂਗਰ ਰੋਗੀਆਂ ਨੂੰ ਅਨਾਰ ਦੀ ਬਜਾਏ, ਉਸ ਨਾਲ ਤਿਆਰ ਕੀਤੇ ਗਏ ਜੂਸ ਨੂੰ ਘੱਟ ਪੀਣ ਦੀ ਸਲਾਹ ਦਿੰਦੇ ਹਨ।

ਕੈਂਸਰ ਤੋਂ ਬਚਾਅ
ਅਨਾਰ ’ਚ ਅਜਿਹੇ ਗੁਣ ਹੁੰਦੇ ਹਨ, ਜੋ ਸਰੀਰ ’ਚ ਕੈਂਸਰ ਸੈੱਲਸ ਨੂੰ ਵਧਣ ਤੋਂ ਰੋਕਦੇ ਹਨ। ਰੋਜ਼ਾਨਾ ਮੁੱਠੀ ਇਕ ਅਨਾਰ ਦਾ ਸੇਵਨ ਪ੍ਰੋਸਟੇਟ, ਬ੍ਰੈਸਟ ਤੇ ਸਕਿਨ ਕੈਂਸਰ ਦਾ ਖ਼ਤਰਾ ਘੱਟ ਕਰਦਾ ਹੈ, ਜਿਨ੍ਹਾਂ ਲੋਕਾਂ ਨੂੰ ਕੈਂਸਰ ਹੈ ਉਨ੍ਹਾਂ ਲਈ ਇਸ ਦਾ ਜੂਸ ਪੀਣਾ ਫ਼ਾਇਦੇਮੰਦ ਹੁੰਦਾ ਹੈ। ਇਸ ਨਾਲ ਸਰੀਰ ’ਚ ਪੀ. ਐੱਸ. ਏ. ਦਾ ਪੱਧਰ ਘੱਟ ਜਾਂਦਾ ਹੈ, ਜਿਸ ਨਾਲ ਕੈਂਸਰ ਨਾਲ ਲੜਨ ’ਚ ਮਦਦ ਮਿਲਦੀ ਹੈ।

ਦਿਲ ਦੇ ਮਰੀਜ਼ਾਂ ਲਈ ਫ਼ਾਇਦੇਮੰਦ
ਅਨਾਰ ਖਾਣ ਜਾਂ ਇਸ ਦਾ ਜੂਸ ਪੀਣ ਨਾਲ ਬਲੱਡ ਸਰਕੂਲੇਸ਼ਨ ਠੀਕ ਰਹਿੰਦਾ ਹੈ, ਜਿਸ ਨਾਲ ਦਿਲ ਦੇ ਰੋਗ ਤੇ ਹਾਰਟ ਅਟੈਕ ਦਾ ਖ਼ਤਰਾ ਘੱਟ ਹੁੰਦਾ ਹੈ।

ਮੋਟਾਪਾ ਕਰੇ ਕੰਟਰੋਲ
ਅਨਾਰ ਖਾਣ ਜਾਂ ਰੋਜ਼ਾਨਾ ਇਸ ਦਾ 1 ਗਲਾਸ ਜੂਸ ਪੀਣ ਨਾਲ ਲੱਕ ਦੀ ਚਰਬੀ ਨੂੰ ਘੱਟ ਕੀਤਾ ਜਾ ਸਕਦਾ ਹੈ। ਨਾਲ ਹੀ ਇਸ ਦਾ ਸੇਵਨ ਕਰਨ ਨਾਲ ਭਾਰ ਵੀ ਕੰਟਰੋਲ ’ਚ ਰਹਿੰਦਾ ਹੈ।

ਜੋੜਾਂ ਦੇ ਦਰਦ ਤੋਂ ਮਿਲੇ ਰਾਹਤ
ਅਨਾਰ ਦੇ ਰਸ ਦੀ ਰੋਜ਼ਾਨਾ ਵਰਤੋਂ ਕਰਨ ਨਾਲ ਮਾਸਪੇਸ਼ੀਆਂ, ਹੱਡੀਆਂ ਤੇ ਜੋੜਾਂ ਦੇ ਦਰਦ ਤੋਂ ਰਾਹਤ ਮਿਲਦੀ ਹੈ। ਜਿਨ੍ਹਾਂ ਲੋਕਾਂ ਨੂੰ ਅਕਸਰ ਜੋੜਾਂ ’ਚ ਦਰਦ ਦੀ ਸ਼ਿਕਾਇਤ ਰਹਿੰਦੀ ਹੈ, ਉਨ੍ਹਾਂ ਨੂੰ ਡਾਕਟਰ ਵੀ ਅਨਾਰ ਖਾਣ ਦੀ ਸਲਾਹ ਦਿੰਦੇ ਹਨ।

ਕੋਲੈਸਟਰੋਲ ਨੂੰ ਕਰੇ ਕੰਟਰੋਲ
ਅਨਾਰ ਖਾਣ ਨਾਲ ਸਰੀਰ ’ਚ ਕੋਲੈਸਟਰੋਲ ਲੈਵਲ ਨਹੀਂ ਵਧਦਾ। ਨਾਲ ਹੀ ਇਸ ਦਾ ਸੇਵਨ ਧਮਨੀਆਂ ’ਚ ਬਲਾਕੇਜ ਦੀ ਸਮੱਸਿਆ ਨੂੰ ਦੂਰ ਕਰਕੇ ਬਲੱਡ ਫਲੋਅ ਵੀ ਵਧਾਉਂਦਾ ਹੈ।

ਤਣਾਅ ਤੋਂ ਰੱਖੇ ਦੂਰ
ਜੇਕਰ ਤੁਹਾਨੂੰ ਵੀ ਦਫ਼ਤਰ ਦੇ ਕੰਮ ਕਾਰਨ ਅਕਸਰ ਤਣਾਅ ਜਾਂ ਟੈਂਸ਼ਨ ਰਹਿੰਦੀ ਹੈ ਤਾਂ ਰੋਜ਼ਾਨਾ ਅਨਾਰ ਖਾਣ ਦੀ ਆਦਤ ਪਾਓ। ਇਸ ਦਾ ਸੇਵਨ ਤਣਾਅ ਘੱਟ ਕਰਨ ’ਚ ਮਦਦ ਕਰਦਾ ਹੈ।

ਐਂਟੀ-ਏਜਿੰਗ ਗੁਣ
ਅਨਾਰ ’ਚ ਜ਼ਿਆਦਾ ਮਾਤਰਾ ’ਚ ਵਿਟਾਮਿਨ ਏ, ਈ ਤੇ ਸੀ ਹੁੰਦਾ ਹੈ, ਜਿਸ ਨਾਲ ਵਧਦੀ ਉਮਰ ਦੀ ਸਮੱਸਿਆ ਦੂਰ ਰਹਿੰਦੀ ਹੈ। ਰੋਜ਼ਾਨਾ ਇਸ ਦਾ ਸੇਵਨ ਚਮੜੀ ਦੀਆਂ ਰੇਖਾਵਾਂ ਤੇ ਝੁਰੜੀਆਂ ਨੂੰ ਰੋਕਣ ’ਚ ਮਦਦ ਕਰਦਾ ਹੈ।

ਨੋਟ– ਤੁਸੀਂ ਆਪਣੀ ਡਾਈਟ ’ਚ ਅਨਾਰ ਨੂੰ ਸ਼ਾਮਲ ਕੀਤਾ ਹੈ ਜਾਂ ਨਹੀਂ? ਕੁਮੈਂਟ ਕਰਕੇ ਜ਼ਰੂਰ ਦੱਸੋ।


author

Rahul Singh

Content Editor

Related News