ਸਿਹਤਮੰਦ ਰਹਿ ਕੇ ਪਤਲੇ ਵਿਅਕਤੀ ਇੰਝ ਵਧਾਉਣ ਆਪਣਾ ਭਾਰ, ਡਾਈਟ ’ਚ ਕਰੋ ਇਹ 5 ਬਦਲਾਅ
Monday, Aug 19, 2024 - 12:33 PM (IST)
ਜਲੰਧਰ– ਜਿੰਨੇ ਲੋਕ ਆਪਣੇ ਮੋਟਾਪੇ ਤੋਂ ਪ੍ਰੇਸ਼ਾਨ ਹਨ, ਉਨੇ ਹੀ ਲੋਕ ਆਪਣੇ ਪਤਲੇਪਨ ਤੋਂ ਪ੍ਰੇਸ਼ਾਨ ਹਨ। ਜਿਸ ਤਰ੍ਹਾਂ ਭਾਰ ਘਟਾਉਣਾ ਮੁਸ਼ਕਿਲ ਹੈ, ਉਸੇ ਤਰ੍ਹਾਂ ਭਾਰ ਵਧਾਉਣਾ ਵੀ ਮੁਸ਼ਕਿਲ ਹੈ। ਆਮ ਤੌਰ ’ਤੇ ਸਿਰਫ ਭਾਰ ਘਟਾਉਣ ਦੀ ਗੱਲ ਕੀਤੀ ਜਾਂਦੀ ਹੈ ਤੇ ਜਿਹੜੇ ਲੋਕ ਥੋੜ੍ਹੇ ਪਤਲੇ ਹੁੰਦੇ ਹਨ, ਉਨ੍ਹਾਂ ਨੂੰ ਗੰਭੀਰਤਾ ਨਾਲ ਨਹੀਂ ਲਿਆ ਜਾਂਦਾ ਪਰ ਜ਼ਿਆਦਾ ਤੇ ਘੱਟ ਭਾਰ ਦੋਵੇਂ ਹੀ ਸਿਹਤ ਲਈ ਹਾਨੀਕਾਰਕ ਹਨ। ਘੱਟ ਭਾਰ ਹੋਣਾ ਤੁਹਾਡੀ ਸਰੀਰਕ ਸਥਿਤੀ ਨੂੰ ਵੀ ਪ੍ਰਭਾਵਿਤ ਕਰ ਸਕਦਾ ਹੈ ਤੇ ਕਈ ਬੀਮਾਰੀਆਂ ਦਾ ਖ਼ਤਰਾ ਵਧਾ ਸਕਦਾ ਹੈ। ਇਸ ਲਈ ਸਿਹਤਮੰਦ ਭਾਰ ਬਣਾਈ ਰੱਖਣਾ ਜ਼ਰੂਰੀ ਹੈ। ਆਓ ਜਾਣਦੇ ਹਾਂ ਭਾਰ ਵਧਾਉਣ ਦੇ ਕੁਝ ਟਿਪਸ ਬਾਰੇ–
ਕੇਲੇ ਖਾਓ
ਕੇਲਾ ਭਾਰ ਵਧਾਉਣ ’ਚ ਫ਼ਾਇਦੇਮੰਦ ਮੰਨਿਆ ਜਾਂਦਾ ਹੈ। ਜੇਕਰ ਕੇਲੇ ਦਾ ਸੇਵਨ ਦੁੱਧ ਨਾਲ ਕੀਤਾ ਜਾਵੇ ਤਾਂ ਇਹ ਭਾਰ ਵਧਾਉਣ ’ਚ ਮਦਦ ਕਰ ਸਕਦਾ ਹੈ। ਕੇਲਾ ਕੈਲਸ਼ੀਅਮ, ਪੋਟਾਸ਼ੀਅਮ ਤੇ ਵਿਟਾਮਿਨ ਬੀ12 ਦਾ ਚੰਗਾ ਸਰੋਤ ਹੈ। ਇਸ ਦਾ ਸੇਵਨ ਕਰਨ ਨਾਲ ਤੁਸੀਂ ਸਰੀਰ ’ਚ ਊਰਜਾ ਵੀ ਮਹਿਸੂਸ ਕਰਦੇ ਹੋ ਤੇ ਕਸਰਤ ਕਰਦੇ ਸਮੇਂ ਤੁਹਾਨੂੰ ਥਕਾਵਟ ਮਹਿਸੂਸ ਨਹੀਂ ਹੁੰਦੀ ਹੈ। ਦੁੱਧ ਦੀ ਬਜਾਏ ਤੁਸੀਂ ਦਹੀਂ ਦੇ ਨਾਲ ਕੇਲੇ ਦਾ ਸੇਵਨ ਵੀ ਕਰ ਸਕਦੇ ਹੋ। ਰੋਜ਼ਾਨਾ 3 ਤੋਂ 4 ਕੇਲੇ ਆਪਣੀ ਡਾਈਟ ’ਚ ਸ਼ਾਮਲ ਕਰੋ।
ਡ੍ਰਾਈ ਫਰੂਟਸ
ਡ੍ਰਾਈ ਫਰੂਟਸ ਸਿਹਤਮੰਦ ਚਰਬੀ ਦਾ ਇਕ ਸਰੋਤ ਹਨ, ਜੋ ਸਿਹਤਮੰਦ ਤਰੀਕੇ ਨਾਲ ਭਾਰ ਵਧਾਉਣ ’ਚ ਮਦਦ ਕਰਦੇ ਹਨ। ਇਨ੍ਹਾਂ ’ਚ ਕੈਲਰੀ ਦੀ ਮਾਤਰਾ ਵੀ ਜ਼ਿਆਦਾ ਹੁੰਦੀ ਹੈ, ਇਸ ਲਈ ਤੁਸੀਂ ਰੋਜ਼ਾਨਾ ਕੁਝ ਬਦਾਮ, ਕਾਜੂ ਤੇ ਅਖਰੋਟ ਨੂੰ ਪਾਣੀ ’ਚ ਭਿਓਂ ਕੇ ਅਗਲੇ ਦਿਨ ਦੁੱਧ ਦੇ ਨਾਲ ਖਾ ਸਕਦੇ ਹੋ। ਜੇਕਰ ਤੁਸੀਂ ਇਨ੍ਹਾਂ ਨੂੰ ਉਬਾਲ ਕੇ ਦੁੱਧ ’ਚ ਪਾਓ ਤਾਂ ਭਾਰ ਵਧਾਉਣ ’ਚ ਜ਼ਿਆਦਾ ਫ਼ਾਇਦੇ ਮਿਲ ਸਕਦੇ ਹਨ। ਪੀਸੇ ਹੋਏ ਬਦਾਮ ਖਾਣ ਨਾਲ ਵੀ ਭਾਰ ਵਧਣ ’ਚ ਮਦਦ ਮਿਲਦੀ ਹੈ।
ਦੁੱਧ ਤੇ ਸ਼ਹਿਦ
ਪਤਲੇ ਲੋਕਾਂ ਲਈ ਵੀ ਸ਼ਹਿਦ ਦਾ ਸੇਵਨ ਬਹੁਤ ਫ਼ਾਇਦੇਮੰਦ ਹੋ ਸਕਦਾ ਹੈ। ਦੁੱਧ ’ਚ ਸ਼ਹਿਦ ਮਿਲਾ ਕੇ ਪੀਣ ਨਾਲ ਭਾਰ ਵਧਣ ’ਚ ਮਦਦ ਮਿਲਦੀ ਹੈ। ਸ਼ਹਿਦ ’ਚ ਪੌਸ਼ਟਿਕ ਤੱਤ ਵੀ ਹੁੰਦੇ ਹਨ। ਸਭ ਤੋਂ ਪਹਿਲਾਂ ਤੁਹਾਨੂੰ ਦੁੱਧ ਨੂੰ ਉਬਾਲ ਲੈਣਾ ਹੈ ਤੇ ਕੁਝ ਦੇਰ ਬਾਅਦ ਉਬਲਦੇ ਦੁੱਧ ’ਚ 3 ਤੋਂ 4 ਚਮਚੇ ਸ਼ਹਿਦ ਮਿਲਾ ਕੇ ਰੋਜ਼ਾਨਾ ਰਾਤ ਨੂੰ ਸੌਣ ਤੋਂ ਪਹਿਲਾਂ ਪੀਓ। ਭਾਰ ਵਧਣ ਦੇ ਨਾਲ-ਨਾਲ ਤੁਹਾਡੀ ਇਮਿਊਨਿਟੀ ਵੀ ਵਧਦੀ ਹੈ।
ਘਿਓ ਤੇ ਗੁੜ
ਜੇਕਰ ਤੁਹਾਡੇ ਘਰ ’ਚ ਦਾਦੀ ਜਾਂ ਨਾਨੀ ਹੈ ਜਾਂ ਤੁਸੀਂ ਕਿਸੇ ਪਿੰਡ ’ਚ ਰਹਿੰਦੇ ਹੋ ਤਾਂ ਤੁਸੀਂ ਅਜਿਹੇ ਦੇਸੀ ਨੁਸਖ਼ੇ ਬਹੁਤ ਸੁਣੇ ਹੋਣਗੇ। ਇਹ ਨੁਸਖ਼ੇ ਕਾਫ਼ੀ ਕਾਰਗਰ ਹਨ ਤੇ ਭਾਰ ਵਧਾਉਣ ’ਚ ਬਹੁਤ ਮਦਦ ਕਰਦੇ ਹਨ। ਜੇਕਰ ਤੁਸੀਂ ਰਾਤ ਨੂੰ ਸੌਣ ਤੋਂ ਪਹਿਲਾਂ ਦੁੱਧ ਪੀਣ ਦੇ ਨਾਲ-ਨਾਲ ਗੁੜ ਖਾਂਦੇ ਹੋ ਤਾਂ ਇਹ ਤੁਹਾਡਾ ਭਾਰ ਵਧਾਉਣ ’ਚ ਮਦਦ ਕਰਦਾ ਹੈ। ਇਸ ਦੇ ਕਾਰਨ ਪਾਚਨ ਤੰਤਰ ਵੀ ਠੀਕ ਕੰਮ ਕਰਦਾ ਹੈ ਤੇ ਤੁਹਾਡਾ ਇਮਿਊਨ ਸਿਸਟਮ ਵੀ ਮਜ਼ਬੂਤ ਹੁੰਦਾ ਹੈ।
ਜੌਂ ਦਾ ਸੇਵਨ ਕਰੋ
ਭਾਰ ਵਧਾਉਣ ਲਈ ਜੌਂ ਵੀ ਬਹੁਤ ਫ਼ਾਇਦੇਮੰਦ ਹੁੰਦੀ ਹੈ। ਭਾਰ ਵਧਾਉਣ ਲਈ ਜੌਂ ਨੂੰ ਭਿਓਂ ਕੇ ਰੱਖਣਾ ਚਾਹੀਦਾ ਹੈ। ਉਨ੍ਹਾਂ ਨੂੰ ਪੀਸ ਕੇ ਛਿੱਲ ਲਓ। ਜੌਂ ਨੂੰ ਦੁੱਧ ’ਚ ਮਿਲਾ ਕੇ ਉਬਾਲ ਕੇ ਖੀਰ ਬਣਾ ਕੇ ਖਾਧਾ ਜਾ ਸਕਦਾ ਹੈ। ਇਹ ਖਾਣ ’ਚ ਸੁਆਦ ਹੁੰਦੀ ਹੈ ਤੇ ਇਸ ਦਾ ਸੇਵਨ ਕਰਨ ਨਾਲ ਤੁਹਾਨੂੰ ਕਈ ਫ਼ਾਇਦੇ ਵੀ ਮਿਲਦੇ ਹਨ। ਪਤਲੇ ਲੋਕਾਂ ਨੂੰ ਸਿਹਤਮੰਦ ਤਰੀਕੇ ਨਾਲ ਭਾਰ ਵਧਾਉਣ ਲਈ ਜੌਂ ਦਾ ਸੇਵਨ ਕਰਨਾ ਚਾਹੀਦਾ ਹੈ।
ਵਜ਼ਨ ਵਧਾਉਣ ਦੇ ਨਾਲ-ਨਾਲ ਇਸ ਗੱਲ ਦਾ ਵੀ ਧਿਆਨ ਰੱਖਣਾ ਚਾਹੀਦਾ ਹੈ ਕਿ ਤੁਸੀਂ ਸਿਹਤਮੰਦ ਤਰੀਕਿਆਂ ਦੀ ਵਰਤੋਂ ਕਰਕੇ ਹੀ ਭਾਰ ਵਧਾ ਰਹੇ ਹੋ, ਨਹੀਂ ਤਾਂ ਸਰੀਰ ਅਸਥਿਰ ਹੋ ਜਾਵੇਗਾ।
ਜੇਕਰ ਤੁਸੀਂ ਕਿਸੇ ਸਿਹਤ ਸਮੱਸਿਆ ਤੋਂ ਪੀੜਤ ਹੋ ਜਾਂ ਭਾਰ ਵਧਾਉਣ ਲਈ ਇਕ ਨਵੀਂ ਖੁਰਾਕ ਜਾਂ ਕਸਰਤ ਪ੍ਰੋਗਰਾਮ ਸ਼ੁਰੂ ਕਰਨ ਦੀ ਯੋਜਨਾ ਬਣਾ ਰਹੇ ਹੋ ਤਾਂ ਤੁਹਾਨੂੰ ਆਪਣੇ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ।