ਕੀ ਗਰਮੀਆਂ ’ਚ ਅੰਡੇ ਖਾਣਾ ਨੁਕਸਾਨਦੇਹ ਹੈ? ਜਾਣੋ ਪੂਰਾ ਸੱਚ

Sunday, Jun 25, 2023 - 12:34 PM (IST)

ਕੀ ਗਰਮੀਆਂ ’ਚ ਅੰਡੇ ਖਾਣਾ ਨੁਕਸਾਨਦੇਹ ਹੈ? ਜਾਣੋ ਪੂਰਾ ਸੱਚ

ਜਲੰਧਰ (ਬਿਊਰੋ)– ਗਰਮੀਆਂ ਦੇ ਮੌਸਮ ’ਚ ਕੀ ਖਾਣਾ ਹੈ ਤੇ ਕੀ ਨਹੀਂ ਖਾਣਾ ਹੈ, ਇਹ ਫ਼ੈਸਲਾ ਕਰਨਾ ਥੋੜ੍ਹਾ ਮੁਸ਼ਕਿਲ ਹੋ ਸਕਦਾ ਹੈ। ਗਰਮੀਆਂ ’ਚ ਤਾਪਮਾਨ ਵਧਣ ਨਾਲ ਸਰੀਰ ਨੂੰ ਆਰਾਮ ਤੇ ਪੋਸ਼ਕ ਤੱਤਾਂ ਦੀ ਲੋੜ ਹੁੰਦੀ ਹੈ। ਇਹੀ ਕਾਰਨ ਹੈ ਕਿ ਜ਼ਿਆਦਾਤਰ ਲੋਕ ਗਰਮੀਆਂ ’ਚ ਜ਼ਿਆਦਾ ਅੰਡੇ ਖਾਂਦੇ ਹਨ। ਅੰਡੇ ਨਾ ਸਿਰਫ਼ ਸਿਹਤ ਲਈ ਫ਼ਾਇਦੇਮੰਦ ਹੁੰਦੇ ਹਨ, ਸਗੋਂ ਇਨ੍ਹਾਂ ਨੂੰ ਆਸਾਨੀ ਨਾਲ ਤਿਆਰ ਵੀ ਕੀਤਾ ਜਾ ਸਕਦਾ ਹੈ।

ਅੰਡੇ ’ਚ ਪ੍ਰੋਟੀਨ, ਵਿਟਾਮਿਨ ਤੇ ਖਣਿਜ ਸਮੇਤ ਹਰ ਤਰ੍ਹਾਂ ਦੇ ਪੋਸ਼ਕ ਤੱਤ ਪਾਏ ਜਾਂਦੇ ਹਨ। ਪ੍ਰਤੀਰੋਧਕ ਸ਼ਕਤੀ ਨੂੰ ਵਧਾਉਣ ਦੇ ਨਾਲ ਇਹ ਮਾਸਪੇਸ਼ੀਆਂ ਦੀ ਤਾਕਤ ਤੇ ਬੋਧਾਤਮਕ ਸਿਹਤ ਲਈ ਲਾਭਦਾਇਕ ਹਨ। ਇਸ ਤੋਂ ਇਲਾਵਾ ਭਾਰ ਘਟਾਉਣ ਲਈ ਵੀ ਅੰਡੇ ਬਹੁਤ ਫ਼ਾਇਦੇਮੰਦ ਹੁੰਦੇ ਹਨ ਪਰ ਕੀ ਗਰਮੀਆਂ ਦੇ ਮੌਸਮ ’ਚ ਅੰਡੇ ਖਾਣੇ ਚਾਹੀਦੇ ਹਨ? ਆਓ ਜਾਣਦੇ ਹਾਂ–

ਕੀ ਸਾਨੂੰ ਗਰਮੀਆਂ ’ਚ ਅੰਡੇ ਖਾਣੇ ਚਾਹੀਦੇ ਹਨ?
ਗਰਮ ਤੇ ਨਮੀ ਵਾਲੇ ਮੌਸਮ ’ਚ ਅੰਡੇ ਖਾਣ ਦਾ ਪ੍ਰਭਾਵ ਵਿਅਕਤੀ ਤੋਂ ਵਿਅਕਤੀ ’ਚ ਵੱਖਰਾ ਹੋ ਸਕਦਾ ਹੈ। ਕੁਝ ਲੋਕਾਂ ਨੂੰ ਲੱਗਦਾ ਹੈ ਕਿ ਗਰਮ ਮੌਸਮ ’ਚ ਅੰਡੇ ਖਾਣ ਨਾਲ ਉਨ੍ਹਾਂ ਨੂੰ ਪ੍ਰੇਸ਼ਾਨੀ ਹੁੰਦੀ ਹੈ ਜਾਂ ਪਾਚਨ ਸਬੰਧੀ ਸਮੱਸਿਆਵਾਂ ਹੋ ਜਾਂਦੀਆਂ ਹਨ। ਅਜਿਹੀ ਕਿਸੇ ਵੀ ਸਮੱਸਿਆ ਤੋਂ ਬਚਣ ਲਈ ਬਹੁਤ ਜ਼ਿਆਦਾ ਪ੍ਰੋਟੀਨ ਖਾਣ ਤੋਂ ਬਚਣਾ ਚਾਹੀਦਾ ਹੈ। ਜ਼ਿਆਦਾ ਪ੍ਰੋਟੀਨ ਮੈਟਾਬੋਲਿਜ਼ਮ ’ਚ ਸਮੱਸਿਆਵਾਂ ਪੈਦਾ ਕਰ ਸਕਦਾ ਹੈ। ਜੇਕਰ ਤੁਹਾਡੇ ਸਰੀਰ ਨੂੰ ਪ੍ਰੋਟੀਨ ਦੀ ਜ਼ਰੂਰਤ ਹੈ ਤਾਂ ਤੁਸੀਂ ਅੰਡੇ ਦਾ ਸਫ਼ੈਦ ਹਿੱਸਾ ਖਾ ਸਕਦੇ ਹੋ।

ਅੰਡੇ ਦੀਆਂ ਮਿੱਥਾਂ
ਜ਼ਿਆਦਾਤਰ ਲੋਕਾਂ ਦਾ ਮੰਨਣਾ ਹੈ ਕਿ ਅੰਡੇ ਖਾਣ ਨਾਲ ਹਾਈ ਕੋਲੈਸਟ੍ਰੋਲ ਹੋ ਸਕਦਾ ਹੈ, ਜਿਸ ਨਾਲ ਦਿਲ ਦੀ ਬੀਮਾਰੀ ਦਾ ਖ਼ਤਰਾ ਹੁੰਦਾ ਹੈ। ਮਾਹਿਰਾਂ ਅਨੁਸਾਰ ਅੰਡੇ ਖਾਣ ਨਾਲ ਉੱਚ-ਘਣਤਾ ਵਾਲੀ ਲਿਪੋਪ੍ਰੋਟੀਨ ਦੇ ਪੱਧਰ ਨੂੰ ਵਧਾਇਆ ਜਾ ਸਕਦਾ ਹੈ, ਜਿਸ ਨੂੰ ਚੰਗਾ ਕੋਲੈਸਟ੍ਰੋਲ ਮੰਨਿਆ ਜਾਂਦਾ ਹੈ।

ਅੰਡੇ ਕਦੋਂ ਖਾਣੇ ਹਨ?
ਜੇਕਰ ਤੁਸੀਂ ਭਾਰ ਘਟਾਉਣ ਲਈ ਅੰਡੇ ਖਾਣ ਦੀ ਯੋਜਨਾ ਬਣਾ ਰਹੇ ਹੋ ਤਾਂ ਸਵੇਰ ਦਾ ਸਮਾਂ ਸਭ ਤੋਂ ਵਧੀਆ ਵਿਕਲਪ ਹੋ ਸਕਦਾ ਹੈ। ਇਹ ਪੋਸ਼ਕ ਤੱਤਾਂ ਨੂੰ ਬਿਹਤਰ ਢੰਗ ਨਾਲ ਸੋਖਣ ’ਚ ਮਦਦ ਕਰਦਾ ਹੈ। ਕਾਰਬੋਹਾਈਡ੍ਰੇਟ ਤੇ ਗਲੂਟਨ ਵਾਲੇ ਭੋਜਨ ਨਾਲ ਅੰਡੇ ਖਾਣ ਨਾਲ ਸਰੀਰ ’ਚ ਗਰਮੀ ਵੱਧ ਸਕਦੀ ਹੈ ਤੇ ਪਾਚਨ ਸਬੰਧੀ ਸਮੱਸਿਆਵਾਂ ਹੋ ਸਕਦੀਆਂ ਹਨ। ਇਸ ਲਈ ਨਾਸ਼ਤੇ ਦੌਰਾਨ ਅੰਡੇ ਖਾਣਾ ਬਿਹਤਰ ਸਮਾਂ ਹੁੰਦਾ ਹੈ।

ਨੋਟ– ਇਸ ਲੇਖ ’ਚ ਦਿੱਤੀ ਗਈ ਜਾਣਕਾਰੀ ਆਮ ਧਾਰਨਾਵਾਂ ’ਤੇ ਆਧਾਰਿਤ ਹੈ।


author

Rahul Singh

Content Editor

Related News